- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਨਸ਼ਾ ਤੇ ਗੈਂਗਸਟਰਵਾਦ ਕਾਫ਼ੀ ਸਰਗਰਮ ਹੋ ਚੁੱਕਾ ਹੈ। ਸੂਬੇ 'ਚ ਦਿਨ-ਦਿਹਾੜੇ ਲੁੱਟਾਂ-ਖੋਹਾਂ, ਕਤਲ ਤੇ ਡਕੈਤੀ ਵਰਗੀਆਂ ਘਟਨਾਵਾਂ ਆਮ ਹੋਣ ਨਾਲ ਅਮਨ-ਕਾਨੂੰਨ ਦੀ ਸਥਿਤੀ ਬੇਹੱਦ ਵਿਗੜ ਚੁੱਕੀ ਹੈ। ਲੋਕਾਂ ਦੀ ਸੁਰੱਖਿਆ ਕਰਨ ਵਾਲੀ ਪੰਜਾਬ ਪੁਲਿਸ ਸਿਆਸੀ ਕਠਪੁਤਲੀ ਬਣ ਕੇ ਲਾਚਾਰ ਹੋ ਚੁੱਕੀ ਹੈ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਨਸ਼ਾ ਤੇ ਗੈਂਗਸਟਰਵਾਦ ਕਾਫ਼ੀ ਸਰਗਰਮ ਹੋ ਚੁੱਕਾ ਹੈ। ਸੂਬੇ 'ਚ ਦਿਨ-ਦਿਹਾੜੇ ਲੁੱਟਾਂ-ਖੋਹਾਂ, ਕਤਲ ਤੇ ਡਕੈਤੀ ਵਰਗੀਆਂ ਘਟਨਾਵਾਂ ਆਮ ਹੋਣ ਨਾਲ ਅਮਨ-ਕਾਨੂੰਨ ਦੀ ਸਥਿਤੀ ਬੇਹੱਦ ਵਿਗੜ ਚੁੱਕੀ ਹੈ। ਲੋਕਾਂ ਦੀ ਸੁਰੱਖਿਆ ਕਰਨ ਵਾਲੀ ਪੰਜਾਬ ਪੁਲਿਸ ਸਿਆਸੀ ਕਠਪੁਤਲੀ ਬਣ ਕੇ ਲਾਚਾਰ ਹੋ ਚੁੱਕੀ ਹੈ। ਇਹ ਪ੍ਰਗਟਾਵਾ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ ਨੇ 'ਪੰਜਾਬੀ ਜਾਗਰਣ' ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦੁਨੀਆ ਦੀਆਂ ਸਭ ਤੋਂ ਵਧੀਆ ਫੋਰਸਾਂ ਵਿੱਚੋਂ ਇੱਕ ਹੈ, ਜਿਸ ਨੇ ਕਿਸੇ ਸਮੇਂ ਪੰਜਾਬ 'ਚੋਂ ਅੱਤਵਾਦ ਦਾ ਖ਼ਾਤਮਾ ਕੀਤਾ ਸੀ, ਪਰ ਹੁਣ ਇਸ ਦਾ ਪੂਰੀ ਤਰ੍ਹਾਂ ਸਿਆਸੀਕਰਨ ਹੋ ਚੁੱਕਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਨੂੰ ਨਸ਼ੇ ਅਤੇ ਗੈਂਗਸਟਰਵਾਦ ਤੋਂ ਮੁਕਤ ਕਰਨ ਲਈ ਉੱਤਰ ਪ੍ਰਦੇਸ਼ 'ਚ ਯੋਗੀ ਅਦਿੱਤਿਆਨਾਥ ਵਰਗੀ ਭਾਜਪਾ ਸਰਕਾਰ ਦੀ ਲੋੜ ਹੈ, ਤਾਂ ਹੀ ਸੂਬੇ ਦੀ ਤਰੱਕੀ ਸੰਭਵ ਹੈ।
ਪੱਤਰਕਾਰਾਂ ਦੇ ਸਵਾਲਾਂ 'ਤੇ ਦਿੱਤੇ ਬਿਆਨ
ਪ੍ਰੈੱਸ ਕਾਨਫ਼ਰੰਸ ਦੌਰਾਨ ਜਦੋਂ ਘੱਟ ਗਿਣਤੀਆਂ ਦੀਆਂ ਸਮੱਸਿਆਵਾਂ ਬਾਰੇ ਸਵਾਲ ਪੁੱਛੇ ਗਏ ਤਾਂ ਚੇਅਰਮੈਨ ਨੇ ਪੱਤਰਕਾਰਾਂ ਨੂੰ ਲਿਖਤੀ ਸ਼ਿਕਾਇਤ ਦੇਣ ਲਈ ਕਿਹਾ ਤਾਂ ਜੋ ਉਹ ਅਦਾਲਤ ਲਗਾ ਕੇ ਫੈਸਲਾ ਕਰ ਸਕਣ। ਇਸ 'ਤੇ ਪੱਤਰਕਾਰਾਂ ਨੇ ਸਪੱਸ਼ਟ ਕੀਤਾ ਕਿ ਉਹ ਸਮਾਜ ਦੀ ਆਵਾਜ਼ ਹਨ ਅਤੇ ਆਮ ਜਨਤਾ ਦੇ ਦੁੱਖ-ਤਕਲੀਫ਼ਾਂ ਸਰਕਾਰ ਤੱਕ ਪਹੁੰਚਾਉਣਾ ਉਨ੍ਹਾਂ ਦਾ ਫ਼ਰਜ਼ ਹੈ, ਜਿਸ 'ਤੇ ਤੁਰੰਤ ਐਕਸ਼ਨ ਲਿਆ ਜਾਣਾ ਚਾਹੀਦਾ ਹੈ। ਬਰਨਾਲਾ ਫੇਰੀ ਦੌਰਾਨ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਗਰਗ ਨੀਟਾ ਜਾਂ ਹੋਰ ਆਗੂਆਂ ਦੀ ਗ਼ੈਰ-ਹਜ਼ਾਰੀ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਉਹ ਕਿਸੇ ਸਿਆਸੀ ਦੌਰੇ 'ਤੇ ਨਹੀਂ ਆਏ, ਸਗੋਂ ਇੱਕ ਸੰਵਿਧਾਨਕ ਅਹੁਦੇ 'ਤੇ ਤਾਇਨਾਤ ਹਨ। ਕਿਸਾਨੀ ਧਰਨਿਆਂ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਪ੍ਰਦਰਸ਼ਨ ਕਰਨ ਵਾਲੇ ਅਸਲ ਕਿਸਾਨ ਨਹੀਂ, ਸਗੋਂ ਮਾਓਵਾਦੀ ਤੇ ਵਿਰੋਧੀ ਸਿਆਸੀ ਪਾਰਟੀਆਂ ਦੇ ਵਰਕਰ ਹਨ, ਜੋ ਕੁਝ ਕਿਸਾਨਾਂ ਨੂੰ ਗੁੰਮਰਾਹ ਕਰਕੇ ਸਰਕਾਰ ਖ਼ਿਲਾਫ਼ ਲਾਮਬੰਦ ਕਰ ਰਹੇ ਹਨ।
2027 ਦੀਆਂ ਚੋਣਾਂ ਅਤੇ ਸਿਆਸੀ ਹਲਚਲ
2027 ਦੀਆਂ ਵਿਧਾਨ ਸਭਾ ਚੋਣਾਂ ਬਾਰੇ ਚਰਚਾ ਕਰਦਿਆਂ ਹਰਜੀਤ ਸਿੰਘ ਗਰੇਵਾਲ ਨੇ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦਾ ਨਾਂ ਪਾਸੇ ਕਰਦਿਆਂ ਕਿਹਾ ਕਿ ਬਰਨਾਲਾ ਦੀ ਵਾਗਡੋਰ ਕਿਸੇ ਨਵੇਂ ਨੌਜਵਾਨ ਚਿਹਰੇ ਨੂੰ ਸੌਂਪੀ ਜਾਵੇਗੀ। ਉਨ੍ਹਾਂ ਨਾਲ ਬੈਠੇ ਸਾਬਕਾ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਸ਼ੰਟੀ ਦੇ ਮੋਢੇ 'ਤੇ ਥਾਪੀ ਦਿੰਦਿਆਂ ਕਿਹਾ ਕਿ ਉਹ ਬਰਨਾਲਾ ਤੋਂ ਭਾਜਪਾ ਦੇ ਉਮੀਦਵਾਰ ਹੋ ਸਕਦੇ ਹਨ।
ਪੰਜਾਬ ਭਾਜਪਾ ਪ੍ਰਧਾਨ ਦੇ ਵਿਰੋਧੀ ਦੀ ਕੀਤੀ ਸਿਫ਼ਤ
ਕੇਵਲ ਸਿੰਘ ਢਿੱਲੋਂ ਦੇ ਗੜ੍ਹ ਮੰਨੇ ਜਾਂਦੇ ਬਰਨਾਲਾ ਵਿੱਚ ਪਹੁੰਚ ਕੇ ਗਰੇਵਾਲ ਨੇ ਉਨ੍ਹਾਂ ਦੇ ਸਿਆਸੀ ਵਿਰੋਧੀ ਰਹੇ ਅਕਾਲੀ ਦਲ ਦੇ ਮਰਹੂਮ ਵਿਧਾਇਕ ਮਲਕੀਤ ਸਿੰਘ ਕੀਤੂ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹੇ। ਇਸ ਤੋਂ ਇਲਾਵਾ, ਉਨ੍ਹਾਂ ਨੇ ਨਵੇਂ ਬਣੇ ਭਾਜਪਾ ਜ਼ਿਲ੍ਹਾ ਪ੍ਰਧਾਨ ਨਰਿੰਦਰ ਗਰਗ ਨੀਟਾ ਅਤੇ ਉਨ੍ਹਾਂ ਦੀ ਟੀਮ ਤੋਂ ਦੂਰੀ ਬਣਾਈ ਰੱਖੀ। ਉਹ ਭਾਜਪਾ ਦੇ ਨਵੇਂ ਬਣੇ ਆਲੀਸ਼ਾਨ ਦਫ਼ਤਰ ਜਾਣ ਦੀ ਬਜਾਏ ਸਾਬਕਾ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਸ਼ੰਟੀ ਦੇ ਨਿੱਜੀ ਦਫ਼ਤਰ ਪਹੁੰਚੇ ਅਤੇ ਮੀਡੀਆ ਨਾਲ ਰੂ-ਬ-ਰੂ ਹੁੰਦਿਆਂ ਉਸ ਨੂੰ ਭਾਜਪਾ ਦਾ ਦਫ਼ਤਰ ਹੀ ਕਰਾਰ ਦਿੱਤਾ। ਇਸ ਉਪਰੰਤ ਸੋਮਵਾਰ ਦੁਪਹਿਰ ਬਾਅਦ ਸ਼ੰਟੀ ਨੇ ਆਪਣੇ ਦਫ਼ਤਰ 'ਤੇ ਭਾਜਪਾ ਦਾ ਪੱਕਾ ਬੋਰਡ ਲਗਾ ਦਿੱਤਾ।
ਕੋਈ ਨਿੱਜੀ ਦਫ਼ਤਰ ਤੇ ਭਾਜਪਾ ਦਫ਼ਤਰ ਦਾ ਬੋਰਡ ਨਹੀਂ ਲਗਾ ਸਕਦੈ : ਜ਼ਿਲ੍ਹਾ ਪ੍ਰਧਾਨ
ਇਸ ਪੂਰੇ ਮਾਮਲੇ ਬਾਰੇ ਜਦੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਗਰਗ ਨੀਟਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਹੈ। ਪਾਰਟੀ ਨੇ ਪੂਰੇ ਪੰਜਾਬ ਵਿੱਚੋਂ ਸਿਰਫ਼ ਬਰਨਾਲਾ ਵਿਖੇ ਆਪਣੀ ਜ਼ਮੀਨ ਖ਼ਰੀਦ ਕੇ ਆਲੀਸ਼ਾਨ ਜ਼ਿਲ੍ਹਾ ਦਫ਼ਤਰ ਬਣਾਇਆ ਹੈ, ਜੋ ਕਿ ਕਿਸੇ ਦਾ ਨਿੱਜੀ ਦਫ਼ਤਰ ਨਹੀਂ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਕੋਈ ਵੀ ਆਗੂ ਜਾਂ ਵਰਕਰ ਆਪਣਾ ਨਿੱਜੀ ਦਫ਼ਤਰ ਤਾਂ ਬਣਾ ਸਕਦਾ ਹੈ, ਪਰ ਉਸ 'ਤੇ ਭਾਜਪਾ ਦਾ ਅਧਿਕਾਰਤ ਬੋਰਡ ਨਹੀਂ ਲਗਾ ਸਕਦਾ। ਉਨ੍ਹਾਂ ਇਸ ਕਦਮ ਦਾ ਦਾ ਵਿਰੋਧ ਕਰਨ ਤੇ ਮਾਮਲਾ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੇ ਧਿਆਨ 'ਚ ਲਿਆਉਣ ਦੀ ਗੱਲ ਕਹੀ।