ਗਾਇਕ ਗੁਲਾਬ ਸਿੱਧੂ ਦੇ ਘਰ ਫਾਇਰਿੰਗ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਬਰਨਾਲਾ ਪੁਲਿਸ ਵੱਲੋਂ ਗਾਇਕ ਗੁਲਾਬ ਸਿੱਧੂ ਦੇ ਘਰ ਫਾਇਰਿੰਗ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼
Publish Date: Tue, 22 Sep 2026 07:42 PM (IST)
Updated Date: Wed, 23 Sep 2026 04:06 AM (IST)
-- ਮੁਕਾਬਲੇ ਦੌਰਾਨ 1 ਗੈਂਗਸਟਰ ਜ਼ਖ਼ਮੀ, ਕੁੱਲ 6 ਗ੍ਰਿਫ਼ਤਾਰ -- ਅਦਾਲਤ ਵੱਲੋਂ 6 ਦਾ 2 ਦਿਨਾਂ ਪੁਲਿਸ ਰਿਮਾਂਡ : ਬਲਜੀਤ ਸਿੰਘ ਯਾਦਵਿੰਦਰ ਸਿੰਘ ਭੁੱਲਰ/ਮੁਖਤਿਆਰ ਸਿੰਘ, ਪੰਜਾਬੀ ਜਾਗਰਣ, ਬਰਨਾਲਾ : ਪੰਜਾਬੀ ਗਾਇਕ ਗੁਲਾਬ ਸਿੱਧੂ ਦੀ ਰਿਹਾਇਸ਼ ਤੇ ਹੋਈ ਫਾਇਰਿੰਗ ਦੇ ਮਾਮਲੇ ਚ ਬਰਨਾਲਾ ਪੁਲਿਸ ਨੂੰ ਵੱਡੀ ਸਫ਼ਲਤਾ ਹਾਸਲ ਹੋਈ ਹੈ। ਪੁਲਿਸ ਵੱਲੋਂ ਬਰਨਾਲਾ-ਮਾਨਸਾ ਰੋਡ ’ਤੇ ਪਿੰਡ ਪੱਖੋ ਕਲਾਂ ਤੋਂ ਪੁਲਾੜਾ ਲਿੰਕ ਰੋਡ ਨੇੜੇ ਪੁਲਿਸ ਤੇ ਮੋਟਰਸਾਈਕਲ ਸਵਾਰ ਗੈਂਗਸਟਰਾਂ ਵਿਚਕਾਰ ਮੁੱਠਭੇੜ ਹੋ ਗਈ। ਇਸ ਮੁਕਾਬਲੇ ਦੌਰਾਨ ਇੱਕ ਗੈਂਗਸਟਰ ਦੀ ਲੱਤ ’ਚ ਗੋਲੀ ਲੱਗਣ ਕਾਰਨ ਉਹ ਜ਼ਖ਼ਮੀ ਹੋ ਗਿਆ, ਜਦਕਿ ਦੂਜਾ ਮੋਟਰਸਾਈਕਲ ਤੋਂ ਡਿੱਗ ਕੇ ਜ਼ਖ਼ਮੀ ਹੋ ਗਿਆ। ਪੁਲਿਸ ਨੇ ਦੋਵਾਂ ਨੂੰ ਮੌਕੇ ’ਤੇ ਹੀ ਹਿਰਾਸਤ ’ਚ ਲੈ ਕੇ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖ਼ਲ ਕਰਵਾਇਆ ਹੈ। ਡੀ.ਆਈ.ਜੀ. ਪਟਿਆਲਾ ਰੇਂਜ ਕੁਲਦੀਪ ਸਿੰਘ ਚਾਹਲ ਤੇ ਐੱਸਐੱਸਪੀ ਬਰਨਾਲਾ ਮੁਹੰਮਦ ਸਰਫ਼ਰਾਜ਼ ਆਲਮ ਦੀ ਅਗਵਾਈ ਹੇਠ ਪੁਲਿਸ ਤੇ ਕਾਊਂਟਰ ਇੰਟੈਲੀਜੈਂਸ ਦੀਆਂ ਟੀਮਾਂ ਲਗਾਤਾਰ ਇਸ ਮਾਮਲੇ ਦੀ ਜਾਂਚ ਕਰ ਰਹੀਆਂ ਸਨ। ਜ਼ਿਕਰਯੋਗ ਹੈ ਕਿ 12-13 ਸਤੰਬਰ ਦੀ ਦਰਮਿਆਨੀ ਰਾਤ ਨੂੰ ਪਿੰਡ ਫ਼ਰਵਾਹੀ ਵਿਖੇ ਗਾਇਕ ਗੁਲਾਬ ਸਿੱਧੂ ਦੇ ਘਰ ਦੇ ਮੁੱਖ ਗੇਟ ਤੇ ਅਣਪਛਾਤੇ ਵਿਅਕਤੀਆਂ ਵੱਲੋਂ ਫਾਇਰਿੰਗ ਕੀਤੀ ਗਈ ਸੀ। --ਪੁਲਿਸ ਦੀ ਜਵਾਬੀ ਕਾਰਵਾਈ ਅਤੇ ਗ੍ਰਿਫ਼ਤਾਰੀਆਂ ਐਸ.ਐਸ.ਪੀ. ਬਰਨਾਲਾ ਨੇ ਦੱਸਿਆ ਕਿ 22 ਸਤੰਬਰ ਨੂੰ ਬਿਨਾਂ ਨੰਬਰ ਪਲੇਟ ਵਾਲੇ ਮੋਟਰਸਾਈਕਲ ’ਤੇ ਸਵਾਰ ਦੋ ਸ਼ੱਕੀ ਵਿਅਕਤੀਆਂ ਨੂੰ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਗਿਆ, ਤਾਂ ਉਨ੍ਹਾਂ ਨੇ ਪੁਲਿਸ ਟੀਮ ’ਤੇ ਮਾਰਨ ਦੀ ਨੀਅਤ ਨਾਲ ਫਾਇਰਿੰਗ ਕਰ ਦਿੱਤੀ, ਜੋ ਪੁਲਿਸ ਦੀ ਗੱਡੀ ’ਤੇ ਲੱਗੀ। ਪੁਲਿਸ ਵੱਲੋਂ ਕੀਤੀ ਜਵਾਬੀ ਫਾਇਰਿੰਗ ’ਚ ਮੁੱਖ ਸ਼ੂਟਰ ਗੁਰਵਿੰਦਰ ਸਿੰਘ ਉਰਫ਼ ਲੁੱਧਰ ਵਾਸੀ ਰਾਮਗੜ੍ਹ ਸੰਧੂਆਂ, ਸੰਗਰੂਰ ਜ਼ਖ਼ਮੀ ਹੋ ਗਿਆ, ਜਦਕਿ ਉਸ ਦਾ ਸਾਥੀ ਗੁਰਪਿਆਰ ਸਿੰਘ ਉਰਫ਼ ਗੁਰੀ ਵਾਸੀ ਚਾਂਗਲੀਵਾਲਾ, ਸੰਗਰੂਰ ਵੀ ਕਾਬੂ ਕਰ ਲਿਆ ਗਿਆ। ਇਸ ਤੋਂ ਪਹਿਲਾਂ 21 ਸਤੰਬਰ ਨੂੰ ਪੁਲਿਸ ਨੇ ਇਸੇ ਮਾਮਲੇ ਚ 4 ਹੋਰ ਮੁਲਜ਼ਮਾਂ ਗੁਰਵਿੰਦਰ ਸਿੰਘ ਉਰਫ਼ ਸ਼ਕਤੀਮਾਨ, ਗੁਰਪ੍ਰੀਤ ਸਿੰਘ ਉਰਫ਼ ਬਾਬਾ, ਰਮਨਪ੍ਰੀਤ ਸਿੰਘ ਤੇ ਗੌਰਵ ਸ਼ਰਮਾ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਇਲਾਵਾ ਘਟਨਾ ਦੀ ਸਾਜ਼ਿਸ਼ ਜੇਲ੍ਹ ’ਚੋਂ ਰਚਣ ਵਾਲੇ ਭਗਵਾਨ ਸਿੰਘ ਗੱਗੀ ਨੂੰ ਵੀ ਨਾਭਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਗਿਆ ਹੈ। --ਅਸਲਾ ਤੇ ਵਾਹਨ ਬਰਾਮਦ ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ 3 ਪਿਸਤੌਲ (ਮੈਗਜ਼ੀਨ ਸਮੇਤ 2 32-ਬੋਰ ਤੇ 1 30-ਬੋਰ), 10 ਜਿਊਂਦੇ ਕਾਰਤੂਸ ਤੇ 5 ਖੋਲ੍ਹ ਕਾਰਤੂਸ ਸਣੇ 1 ਕਾਰ ਤੇ 2 ਮੋਟਰਸਾਈਕਲ ਬਰਾਮਦ ਕੀਤੇ ਹਨ --ਅਦਾਲਤ ਵੱਲੋਂ 6 ਦਾ 2 ਦਿਨਾਂ ਪੁਲਿਸ ਰਿਮਾਂਡ : ਬਲਜੀਤ ਸਿੰਘ ਸੀ.ਆਈ.ਏ. ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ 6 ਮੁਲਜ਼ਮਾਂ ਨੂੰ ਬਰਨਾਲਾ ਦੀ ਮਾਣਯੋਗ ਅਦਾਲਤ ਚ ਪੇਸ਼ ਕਰਕੇ 2 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਪੁੱਛਗਿੱਛ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇਹ ਗਿਰੋਹ ਵਿਦੇਸ਼ਾਂ ’ਚ ਬੈਠੇ ਅਪਰਾਧੀਆਂ ਨਾਲ ਜੁੜਿਆ ਹੋਇਆ ਸੀ ਤੇ ਕਿਸੇ ਹੋਰ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਚ ਸੀ। ਰਿਮਾਂਡ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।