
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਕਸਬਾ ਹੰਡਿਆਇਆ ਦੇ ਕਿਲ੍ਹਾ ਪੱਤੀ ਵਾਰਡ ਨੰਬਰ 4 ਵਿਖੇ ਨਗਰ ਪੰਚਾਇਤ ਤੇ ਬਰਨਾਲਾ ਪੁਲਿਸ ਨੇ ਇੱਕ ਸਾਂਝੀ ਵਿਸ਼ੇਸ਼ ਮੁਹਿੰਮ ਤਹਿਤ ਨਸ਼ਾ ਤਸਕਰੀ 'ਚ ਲਿਪਤ ਇੱਕ ਵਿਅਕਤੀ ਵੱਲੋਂ ਕੀਤੀ ਗਈ ਨਾਜਾਇਜ਼ ਉਸਾਰੀ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅੰਜਾਮ ਦਿੱਤੀ ਹੈ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਕਸਬਾ ਹੰਡਿਆਇਆ ਦੇ ਕਿਲ੍ਹਾ ਪੱਤੀ ਵਾਰਡ ਨੰਬਰ 4 ਵਿਖੇ ਨਗਰ ਪੰਚਾਇਤ ਤੇ ਬਰਨਾਲਾ ਪੁਲਿਸ ਨੇ ਇੱਕ ਸਾਂਝੀ ਵਿਸ਼ੇਸ਼ ਮੁਹਿੰਮ ਤਹਿਤ ਨਸ਼ਾ ਤਸਕਰੀ 'ਚ ਲਿਪਤ ਇੱਕ ਵਿਅਕਤੀ ਵੱਲੋਂ ਕੀਤੀ ਗਈ ਨਾਜਾਇਜ਼ ਉਸਾਰੀ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅੰਜਾਮ ਦਿੱਤੀ ਹੈ। ਪ੍ਰਸ਼ਾਸਨ ਨੇ ਜੇ.ਸੀ.ਬੀ. ਦੀ ਮਦਦ ਨਾਲ ਘਰ ਦੀ ਗਲੀ ਨਾਲ ਲੱਗਦੀ ਲਗਭਗ 10 ਫੁੱਟ ਲੰਬੀ ਤੇ ਕਰੀਬ 8 ਫੁੱਟ ਉੱਚੀ ਨਾਜਾਇਜ਼ ਕੰਧ ਨੂੰ ਮੌਕੇ 'ਤੇ ਹੀ ਢਾਹ ਦਿੱਤਾ।
ਦੋਸ਼ੀ ਦੇ ਪਰਿਵਾਰ 'ਤੇ ਦਰਜ ਹਨ 36 ਤੋਂ ਵੱਧ ਮੁਕੱਦਮੇ : ਐੱਸਐੱਸਪੀ
ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫਰਾਜ ਆਲਮ (ਆਈ.ਪੀ.ਐੱਸ.) ਨੇ ਦੱਸਿਆ ਕਿ ਦੋਸ਼ੀ ਰਾਜੂ ਸਿੰਘ ਪੁੱਤਰ ਬੂਟਾ ਸਿੰਘ ਖ਼ਿਲਾਫ਼ ਐੱਨ.ਡੀ.ਪੀ.ਐੱਸ. ਐਕਟ ਤਹਿਤ 11 ਮਾਮਲੇ ਦਰਜ ਹਨ ਤੇ ਉਹ ਦੋ ਵਾਰ ਜੇਲ੍ਹ ਦੀ ਹਵਾ ਵੀ ਖਾ ਚੁੱਕਾ ਹੈ। ਇਸ ਤੋਂ ਇਲਾਵਾ, ਉਸ ਦੇ ਪੂਰੇ ਪਰਿਵਾਰ 'ਤੇ ਨਸ਼ਾ ਵੇਚਣ ਦੇ ਕੁੱਲ 36 ਤੋਂ ਵੱਧ ਮੁਕੱਦਮੇ ਦਰਜ ਹਨ।
ਐੱਸ.ਐੱਸ.ਪੀ. ਨੇ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਪੰਜਾਬ ਪੁਲਿਸ ਮੁਖੀ ਦੇ ਹੁਕਮਾਂ ਅਨੁਸਾਰ ਨਸ਼ਾ ਤਸਕਰਾਂ ਵਿਰੁੱਧ ‘ਜ਼ੀਰੋ ਟਾਲਰੈਂਸ’ ਨੀਤੀ ਅਪਣਾਈ ਜਾ ਰਹੀ ਹੈ। ਸਮਾਜ ਵਿਰੋਧੀ ਅਨਸਰਾਂ ਤੇ ਨਸ਼ਾ ਤਸਕਰਾਂ ਖ਼ਿਲਾਫ਼ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ।
ਹੰਡਿਆਇਆ 'ਚ ਨਸ਼ਾ ਤਸਕਰਾਂ ਖ਼ਿਲਾਫ਼ ਇਹ ਚੌਥੀ ਵੱਡੀ ਕਾਰਵਾਈ : ਐੱਸ.ਐੱਸ.ਪੀ
ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਐੱਸ.ਐੱਸ.ਪੀ. ਬਰਨਾਲਾ ਨੇ ਦੱਸਿਆ ਕਿ ਨਗਰ ਪੰਚਾਇਤ ਦੀ ਨਿਸ਼ਾਨਦੇਹੀ ਹੇਠ ਹੰਡਿਆਇਆ ਵਿਖੇ ਨਸ਼ਾ ਤਸਕਰਾਂ ਦੀ ਨਾਜਾਇਜ਼ ਉਸਾਰੀ ਢਾਹੁਣ ਦਾ ਇਹ ਚੌਥਾ ਮਾਮਲਾ ਹੈ। ਉਹਨਾਂ ਦੱਸਿਆ ਕਿ ਪਹਿਲੀ ਕਾਰਵਾਈ ਮੋਹਣੀ ਸਿੰਘ ਪੁੱਤਰ ਬੇਲੂ ਸਿੰਘ ਦੇ ਘਰ 'ਤੇ 3 ਮਈ 2025 ਨੂੰ ਨਗਰ ਪੰਚਾਇਤ ਦੀ ਨਿਸ਼ਾਨਦੇਹੀ 'ਤੇ ਨਾਜਾਇਜ਼ ਉਸਾਰੀ ਹੇਠ ਬਣਿਆ ਪੂਰਾ ਘਰ ਢਾਹਿਆ ਗਿਆ।
ਦੂਜੀ ਕਾਰਵਾਈ 'ਚ ਤਿੱਤਰ ਸਿੰਘ ਪੁੱਤਰ ਪਿਆਰਾ ਸਿੰਘ ਦਾ ਘਰ 3 ਮਈ 2025 ਨੂੰ ਹੀ ਸਾਰਾ ਘਰ ਢਾਹ ਦਿੱਤਾ ਗਿਆ ਸੀ।
ਤੀਜੀ ਕਾਰਵਾਈ 'ਚ ਅਮਰਜੀਤ ਕੌਰ ਪਤਨੀ ਠੁਮਰਾ ਸਿੰਘ ਦਾ ਘਰ 10 ਅਗਸਤ 2025 ਨੂੰ ਇਸ ਮਹਿਲਾ ਤਸਕਰ ਦਾ ਘਰ ਢਾਹਿਆ ਗਿਆ।
ਮੰਗਲਵਾਰ ਨੂੰ ਚੌਥੀ ਕਾਰਵਾਈ ਕਰਦਿਆਂ ਰਾਜੂ ਸਿੰਘ ਪੁੱਤਰ ਬੂਟਾ ਸਿੰਘ ਨਸ਼ਾ ਤਸਕਰ ਦੀ ਨਾਜਾਇਜ਼ ਕੰਧ/ਉਸਾਰੀ 'ਤੇ ਪ੍ਰਸ਼ਾਸਨ ਦਾ ਬੁਲਡੋਜ਼ਰ ਚੱਲਿਆ।
ਇਸ ਮੌਕੇ ਐੱਸ.ਐੱਸ.ਪੀ. ਦੇ ਨਾਲ ਸੀ.ਆਈ.ਏ. ਸਟਾਫ਼ ਬਰਨਾਲਾ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ (ਰਾਸ਼ਟਰਪਤੀ ਮੈਡਲ ਵਿਜੇਤਾ) ਤੇ ਹੰਡਿਆਇਆ ਪੁਲਿਸ ਚੌਂਕੀ ਦੇ ਇੰਚਾਰਜ ਤਰਸੇਮ ਸਿੰਘ ਵੀ ਭਾਰੀ ਪੁਲਿਸ ਨਫ਼ਰੀ ਸਮੇਤ ਹਾਜ਼ਰ ਸਨ।