- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਰਨਾਲਾ ਇਲਾਕੇ ਦੇ ਪਿੰਡਾਂ ਤੇ ਸ਼ਹਿਰਾਂ ਦੀ ਨੁਹਾਰ ਬਦਲਣ ਲਈ ਰਾਜ ਸਭਾ ਮੈਂਬਰ ਤੇ ਟਰਾਈਡੈਂਟ ਗਰੁੱਪ ਦੇ ਮੋਢੀ ਪਦਮਸ਼੍ਰੀ ਡਾ. ਰਾਜਿੰਦਰ ਗੁਪਤਾ ਨੇ ਹੁਣ ਸਿੱਧਾ ਲੋਕਾਂ ਦੀ ਨਬਜ਼ ਟੋਹਣੀ ਸ਼ੁਰੂ ਕਰ ਦਿੱਤੀ ਹੈ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ ਇਲਾਕੇ ਦੇ ਪਿੰਡਾਂ ਤੇ ਸ਼ਹਿਰਾਂ ਦੀ ਨੁਹਾਰ ਬਦਲਣ ਲਈ ਰਾਜ ਸਭਾ ਮੈਂਬਰ ਤੇ ਟਰਾਈਡੈਂਟ ਗਰੁੱਪ ਦੇ ਮੋਢੀ ਪਦਮਸ਼੍ਰੀ ਡਾ. ਰਾਜਿੰਦਰ ਗੁਪਤਾ ਨੇ ਹੁਣ ਸਿੱਧਾ ਲੋਕਾਂ ਦੀ ਨਬਜ਼ ਟੋਹਣੀ ਸ਼ੁਰੂ ਕਰ ਦਿੱਤੀ ਹੈ। ਦਫ਼ਤਰਾਂ 'ਚ ਬੈਠ ਕੇ ਕਾਗਜ਼ੀ ਘੋੜੇ ਭਜਾਉਣ ਦੀ ਥਾਂ ਉਨ੍ਹਾਂ ਨੇ ਇਲਾਕੇ ਦੀਆਂ ਅਸਲ ਲੋੜਾਂ ਮੁਤਾਬਕ ਵਿਕਾਸ ਕਾਰਜ ਕਰਵਾਉਣ ਦਾ ਬੀੜਾ ਚੁੱਕਿਆ ਹੈ। ਇਸੇ ਕੜੀ ਤਹਿਤ ਵੀਰਵਾਰ ਨੂੰ ਉਨ੍ਹਾਂ ਨੇ ਬਰਨਾਲਾ ਦੀਆਂ ਵੱਖ-ਵੱਖ ਸਮਾਜਿਕ, ਧਾਰਮਿਕ ਤੇ ਵਪਾਰਕ ਜਥੇਬੰਦੀਆਂ ਦੇ ਮੋਹਤਬਰਾਂ ਨਾਲ ਖੁੱਲ੍ਹੀਆਂ ਵਿਚਾਰਾਂ ਕੀਤੀਆਂ। ਇਸ ਮੌਕੇ ਇਲਾਕੇ ਦੀ ਭਲਾਈ ਲਈ ਕੰਮ ਕਰਨ ਵਾਲੀਆਂ ਕਰੀਬ 25 ਤੋਂ 30 ਸੰਸਥਾਵਾਂ ਨੂੰ ਤਕਰੀਬਨ 2 ਕਰੋੜ ਰੁਪਏ ਦੀ ਗ੍ਰਾਂਟ ਦੇਣ ਲਈ ਸਿਫ਼ਾਰਸ਼ ਕੀਤੀ ਗਈ, ਜਿਸ ਨਾਲ ਇਲਾਕੇ ਦੀਆਂ ਸੰਸਥਾਵਾਂ 'ਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ।
ਲੋਕਾਂ ਦੀ ਸਲਾਹ ਨਾਲ ਹੋਵੇਗਾ 5 ਕਰੋੜ ਦੇ ਫੰਡ ਦਾ ਸਹੀ ਇਸਤੇਮਾਲ
ਡਾ. ਗੁਪਤਾ ਵੱਲੋਂ ਆਪਣੇ ਐੱਮ.ਪੀ. ਲੈਡ ਫੰਡ 'ਚੋਂ ਬਰਨਾਲਾ ਦੇ ਸ਼ਹਿਰੀ ਤੇ ਪੇਂਡੂ ਇਲਾਕਿਆਂ ਲਈ 5 ਕਰੋੜ ਰੁਪਏ ਖ਼ਰਚਣ ਦੀ ਵਿਉਂਤਬੰਦੀ ਕੀਤੀ ਗਈ ਹੈ। ਖ਼ਾਸ ਗੱਲ ਇਹ ਹੈ ਕਿ ਇਹ ਪੈਸਾ ਕਿੱਥੇ ਤੇ ਕਿਵੇਂ ਲੱਗਣਾ ਹੈ, ਇਸ ਦਾ ਫ਼ੈਸਲਾ ਪਿੰਡਾਂ ਦੇ ਪੰਚਾਂ-ਸਰਪੰਚਾਂ, ਸ਼ਹਿਰੀ ਕੌਂਸਲਰਾਂ ਤੇ ਆਮ ਲੋਕਾਂ ਦੀ ਰਾਏ ਨਾਲ ਹੀ ਕੀਤਾ ਜਾਵੇਗਾ। ਮੀਟਿੰਗ ਦੌਰਾਨ ਸੰਸਥਾਵਾਂ ਦੇ ਆਗੂਆਂ ਨੇ ਆਪੋ-ਆਪਣੇ ਇਲਾਕੇ ਦੀਆਂ ਦੁੱਖ-ਤਕਲੀਫ਼ਾਂ ਤੇ ਸਹੂਲਤਾਂ ਦੀ ਘਾਟ ਬਾਰੇ ਡਾ. ਗੁਪਤਾ ਨੂੰ ਜਾਣੂ ਕਰਵਾਇਆ, ਜਿਨ੍ਹਾਂ ਨੂੰ ਉਨ੍ਹਾਂ ਨੇ ਬੜੇ ਗਹੁ ਨਾਲ ਸੁਣਿਆ।
ਬੁਨਿਆਦੀ ਸਹੂਲਤਾਂ ਨੂੰ ਮਿਲੇਗੀ ਪਹਿਲ
ਇਲਾਕੇ ਦੇ ਮੋਹਤਬਰਾਂ ਵੱਲੋਂ ਮਿਲੇ ਸੁਝਾਵਾਂ ਦੇ ਆਧਾਰ 'ਤੇ ਪਿੰਡਾਂ ਤੇ ਸ਼ਹਿਰਾਂ ਦੀਆਂ ਟੁੱਟੀਆਂ ਸੜਕਾਂ, ਪੀਣ ਵਾਲੇ ਸਾਫ਼ ਪਾਣੀ, ਸਿਹਤ ਸਹੂਲਤਾਂ, ਸਕੂਲਾਂ ਦੀ ਪੜ੍ਹਾਈ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡ ਮੈਦਾਨਾਂ ਵਰਗੇ ਕੰਮਾਂ ਨੂੰ ਸਭ ਤੋਂ ਪਹਿਲਾਂ ਹੱਥ ਪਾਇਆ ਜਾਵੇਗਾ। ਇਸ ਉਪਰਾਲੇ ਦਾ ਮੁੱਖ ਮਕਸਦ ਵਿਕਾਸ ਕਾਰਜਾਂ 'ਚ ਆਮ ਲੋਕਾਂ ਦੀ ਸਿੱਧੀ ਭਾਈਵਾਲੀ ਪਾਉਣਾ ਹੈ ਤਾਂ ਜੋ ਸਰਕਾਰੀ ਫੰਡ ਦਾ ਇਕ-ਇਕ ਪੈਸਾ ਸਹੀ ਥਾਂ 'ਤੇ ਲੱਗ ਸਕੇ। ਹੁਣ ਇਲਾਕਾ ਨਿਵਾਸੀਆਂ ਦੀਆਂ ਨਜ਼ਰਾਂ ਇਸ ਗੱਲ 'ਤੇ ਟਿਕੀਆਂ ਹੋਈਆਂ ਹਨ ਕਿ ਇਨ੍ਹਾਂ ਸਿਫ਼ਾਰਸ਼ਾਂ ਨੂੰ ਕਦੋਂ ਹਰੀ ਝੰਡੀ ਮਿਲਦੀ ਹੈ ਤੇ ਪਿੰਡਾਂ-ਸ਼ਹਿਰਾਂ 'ਚ ਵਿਕਾਸ ਦੀ ਇਹ ਗੱਡੀ ਕਦੋਂ ਰਫ਼ਤਾਰ ਫੜਦੀ ਹੈ।
ਕਾਗਜ਼ੀ ਸਕੀਮਾਂ ਨਹੀਂ, ਜ਼ਮੀਨੀ ਹਕੀਕਤ ਮੁਤਾਬਕ ਹੋਵੇਗਾ ਕੰਮ
ਬਰਨਾਲਾ ਇਲਾਕੇ ਦੇ ਬੁੱਧੀਜੀਵੀਆਂ ਤੇ ਪਿੰਡਾਂ ਦੇ ਮੋਹਤਬਰਾਂ ਦਾ ਮੰਨਣਾ ਹੈ ਕਿ ਅਕਸਰ ਸਿਆਸੀ ਆਗੂ ਆਪਣੀ ਮਰਜ਼ੀ ਨਾਲ ਹੀ ਗ੍ਰਾਂਟਾਂ ਵੰਡ ਦਿੰਦੇ ਹਨ, ਜਿਸ ਨਾਲ ਲੋਕਾਂ ਦੀਆਂ ਅਸਲ ਲੋੜਾਂ ਅਧੂਰੀਆਂ ਰਹਿ ਜਾਂਦੀਆਂ ਹਨ। ਪਰ ਡਾ. ਰਾਜਿੰਦਰ ਗੁਪਤਾ ਵੱਲੋਂ ਪੰਚਾਂ-ਸਰਪੰਚਾਂ ਤੇ ਸੰਸਥਾਵਾਂ ਨਾਲ ਸਿੱਧਾ ਰਾਬਤਾ ਕਾਇਮ ਕਰਕੇ ਸੁਝਾਅ ਮੰਗਣਾ ਇੱਕ ਸ਼ਲਾਘਾਯੋਗ ਕਦਮ ਹੈ। ਇਸ ਨਾਲ ਜਿੱਥੇ ਲੋਕ ਭਲਾਈ ਸੰਸਥਾਵਾਂ ਦੇ ਹੱਥ ਮਜ਼ਬੂਤ ਹੋਣਗੇ, ਉੱਥੇ ਹੀ ਪਿੰਡਾਂ ਦੇ ਸਾਂਝੇ ਕੰਮਾਂ ਨੂੰ ਵੀ ਵੱਡਾ ਹੁਲਾਰਾ ਮਿਲੇਗਾ।