- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਰਨਾਲਾ ਜਿਲ੍ਹੇ ਦੇ ਨੇੜਲੇ ਪਿੰਡ ਖੁੱਡੀ ਕਲਾਂ 'ਚ ਇੱਕ ਪਰਿਵਾਰ ’ਤੇ ਕੈਂਸਰ ਦੀ ਬਿਮਾਰੀ ਨੇ ਅਜਿਹਾ ਕਹਿਰ ਢਾਹਿਆ ਹੈ ਕਿ ਪਰਿਵਾਰ ਦੇ ਤਿੰਨ ਜੀਅ ਇਸ ਸਮੇਂ ਇਸ ਭਿਆਨਕ ਬਿਮਾਰੀ ਨਾਲ ਜੂਝ ਰਹੇ ਹਨ, ਜਦਕਿ ਪਰਿਵਾਰ ਦਾ ਇੱਕ ਨੌਜਵਾਨ ਮੈਂਬਰ ਪਹਿਲਾਂ ਹੀ ਕਰੀਬ 37 ਸਾਲ ਦੀ ਉਮਰ 'ਚ ਕੈਂਸਰ ਕਾਰਨ ਦਮ ਤੋੜ ਚੁੱਕਾ ਹੈ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ ਜਿਲ੍ਹੇ ਦੇ ਨੇੜਲੇ ਪਿੰਡ ਖੁੱਡੀ ਕਲਾਂ 'ਚ ਇੱਕ ਪਰਿਵਾਰ ’ਤੇ ਕੈਂਸਰ ਦੀ ਬਿਮਾਰੀ ਨੇ ਅਜਿਹਾ ਕਹਿਰ ਢਾਹਿਆ ਹੈ ਕਿ ਪਰਿਵਾਰ ਦੇ ਤਿੰਨ ਜੀਅ ਇਸ ਸਮੇਂ ਇਸ ਭਿਆਨਕ ਬਿਮਾਰੀ ਨਾਲ ਜੂਝ ਰਹੇ ਹਨ, ਜਦਕਿ ਪਰਿਵਾਰ ਦਾ ਇੱਕ ਨੌਜਵਾਨ ਮੈਂਬਰ ਪਹਿਲਾਂ ਹੀ ਕਰੀਬ 37 ਸਾਲ ਦੀ ਉਮਰ 'ਚ ਕੈਂਸਰ ਕਾਰਨ ਦਮ ਤੋੜ ਚੁੱਕਾ ਹੈ। ਪਰਿਵਾਰਕ ਮੈਂਬਰਾਂ ਮੁਤਾਬਕ ਲਗਾਤਾਰ ਇਲਾਜ ਤੇ ਮਹਿੰਗੀਆਂ ਦਵਾਈਆਂ ਦਾ ਖਰਚਾ ਚੁੱਕਣਾ ਉਨ੍ਹਾਂ ਲਈ ਦਿਨੋਂ-ਦਿਨ ਮੁਸ਼ਕਲ ਹੁੰਦਾ ਜਾ ਰਿਹਾ ਹੈ। ਇਸ ਪੀੜ੍ਹਤ ਪਰਿਵਾਰ ਦੀ ਸਾਰ ਲੈਣ ਲਈ ਸ੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ਼ ਕੁਲਵੰਤ ਸਿੰਘ ਕੀਤੂ ਨੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਦਿਆਂ ਉਨ੍ਹਾਂ ਨੂੰ ਆ ਰਹੀਆਂ ਸਮੱਸਿਆਵਾਂ ਤੋਂ ਜਾਣੂ ਹੋਏ।
ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ਼ ਕੁਲਵੰਤ ਸਿੰਘ ਕੀਤੂ ਨੇ ਪਰਿਵਾਰ ਦੀ ਲਈ ਸਾਰ
ਪਿੰਡ ਖੁੱਡੀ ਕਲਾਂ ਦੇ ਕੈਂਸਰ ਪੀੜ੍ਹਤ ਮਜ਼ਦੂਰ ਦਰਸ਼ਨ ਸਿੰਘ ਦੇ ਘਰ ਪਹੁੰਚ ਹਲਕਾ ਇੰਚਾਰਜ਼ ਕੁਲਵੰਤ ਸਿੰਘ ਕੀਤੂ ਨੇ ਇਸ ਪਰਿਵਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਪਰਿਵਾਰ ਦੇ ਮੈਂਬਰ ਕੈਂਸਰ ਨਾਲ ਪੀੜਤ ਹਨ। ਪਿੰਡ ’ਚ ਸਭ ਤੋਂ ਵੱਡੀ ਸਮੱਸਿਆ ਗੰਧਲੇ ਪਾਣੀ ਹੈ। ਪਿੰਡ ’ਚ ਇੱਕ ਆਰਓ ਸਿਸਟਮ ਵੀ ਲੱਗਿਆ ਹੋਇਆ ਸੀ ਪਰ ਕਿ ਪਿਛਲੇ ਲੰਮੇਂ ਸਮੇਂ ਤੋਂ ਬੰਦ ਪਿਆ ਹੈ, ਜਿਸ ਕਾਰਨ ਲੋੜਵੰਦ ਪਰਿਵਾਰਾਂ ਨੂੰ ਆਰਓ ਸਿਸਟਮ ਦਾ ਪਾਣੀ ਨਹੀਂ ਮਿਲ ਰਿਹਾ ਹੈ ਤੇ ਉਹ ਬਿਨਾਂ ਆਰਓ ਵਾਲਾ ਪਾਣੀ ਪੀਣ ਲਈ ਮਜਬੂਰ ਹਨ। ਇਸ ਪੀੜ੍ਹਤ ਪਰਿਵਾਰ ਦੀ ਮੌਜੂਦਾ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਨੇ ਕੋਈ ਸਾਰ ਨਹੀਂ ਲਈ ਤੇ ਪਰਿਵਾਰ ਥਾਂ ਥਾਂ ਠੋਕਰਾਂ ਖਾ ਰਿਹਾ ਹੈ ਤੇ ਮਹਿੰਗੇ ਭਾਅ ’ਚ ਆਪਣਾ ਇਲਾਜ ਕਰਵਾਉਣ ਲਈ ਮਜ਼ਬੂਰ ਹੋ ਚੁੱਕਿਆ ਹੈ।
ਪਰਿਵਾਰਕ ਮੈਂਬਰਾਂ ਨੇ ਸਰਕਾਰ ਤੋਂ ਮੱਦਦ ਦੀ ਲਗਾਈ ਗੁਹਾਰ
ਪੀੜਤ ਪਰਿਵਾਰਕ ਮੈਂਬਰ ਦਰਸ਼ਨ ਸਿੰਘ ਨੇ ਦੱਸਿਆ ਕਿ ਕਰੀਬ ਡੇਢ ਸਾਲ ਤੋਂ ਉਨ੍ਹਾਂ ਦਾ ਇਲਾਜ ਬਠਿੰਡਾ ਦੇ ਐਡਵਾਂਸ ਹਸਪਤਾਲ ਵਿੱਚ ਚੱਲ ਰਿਹਾ ਹੈ। ਬਰਨਾਲਾ ’ਚ ਕੈਂਸਰ ਦੇ ਇਲਾਜ ਦੀ ਢੁੱਕਵੀਂ ਸਹੂਲਤ ਨਾ ਹੋਣ ਕਾਰਨ ਉਨ੍ਹਾਂ ਨੂੰ ਇਲਾਜ ਲਈ ਬਠਿੰਡਾ ਜਾਣਾ ਪੈਂਦਾ ਹੈ। ਪਰਿਵਾਰ ਦੇ ਮੈਂਬਰ ਦਿਹਾੜੀ-ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰਦੇ ਹਨ। ਉਨ੍ਹਾਂ ਦੱਸਿਆ ਕਿ ਇਲਾਜ ਦੌਰਾਨ ਦੋ ਇੰਜੈਕਸ਼ਨਾਂ ’ਤੇ ਹੀ ਕਰੀਬ 30 ਹਜ਼ਾਰ ਰੁਪਏ ਖਰਚ ਹੋ ਚੁੱਕੇ ਹਨ, ਜਦਕਿ ਦਵਾਈਆਂ, ਟੈਸਟਾਂ ਅਤੇ ਹਸਪਤਾਲ ਆਉਣ-ਜਾਣ ਦਾ ਖਰਚਾ ਵੱਖਰਾ ਹੈ। ਪਰਿਵਾਰਕ ਮੈਂਬਰਾਂ ਨੇ ਪਿੰਡ ਦੇ ਪੀਣ ਵਾਲੇ ਪਾਣੀ ਦੀ ਗੁਣਵੱਤਾ ਨੂੰ ਲੈ ਕੇ ਵੀ ਗੰਭੀਰ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਪਾਣੀ ਸਾਫ਼ ਨਹੀਂ ਹੈ ਅਤੇ ਪੀਣ ਵਾਲੇ ਪਾਣੀ ਲਈ ਲਗਾਇਆ ਗਿਆ ਆਰ.ਓ. ਸਿਸਟਮ ਵੀ ਲੰਬੇ ਸਮੇਂ ਤੋਂ ਬੰਦ ਪਿਆ ਹੈ।
ਉਨ੍ਹਾਂ ਮੁਤਾਬਕ ਗਰੀਬੀ ਕਾਰਨ ਉਹ ਆਪਣੇ ਘਰ ਵਿੱਚ ਵੀ ਪਾਣੀ ਫਿਲਟਰ ਲਗਵਾਉਣ ਤੋਂ ਅਸਮਰੱਥ ਹਨ। ਪਹਿਲਾਂ ਹੀ ਇੱਕ ਨੌਜਵਾਨ ਪੁੱਤਰ ਦੀ ਮੌਤ ਹੋ ਜਾਣ ਕਾਰਨ ਘਰ ਵਿੱਚ ਹਰ ਸਮੇਂ ਡਰ ਅਤੇ ਚਿੰਤਾ ਦਾ ਮਾਹੌਲ ਬਣਿਆ ਰਹਿੰਦਾ ਹੈ। ਉਨ੍ਹਾਂ ਨੂੰ ਡਰ ਸਤਾਉਂਦਾ ਹੈ ਕਿ ਕਿਤੇ ਪਰਿਵਾਰ ਦਾ ਕੋਈ ਹੋਰ ਜੀਅ ਵੀ ਇਸ ਬਿਮਾਰੀ ਦੀ ਲਪੇਟ ਵਿੱਚ ਨਾ ਆ ਜਾਵੇ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮੁਸ਼ਕਲ ਸਮੇਂ ਵਿੱਚ ਪਿੰਡ ਵਾਸੀਆਂ ਵੱਲੋਂ ਵੀ ਉਨ੍ਹਾਂ ਦੀ ਮਦਦ ਕੀਤੀ ਗਈ ਹੈ, ਪਰ ਲਗਾਤਾਰ ਵੱਧ ਰਹੇ ਇਲਾਜ ਦੇ ਖਰਚਿਆਂ ਕਾਰਨ ਹੁਣ ਉਨ੍ਹਾਂ ਲਈ ਇਹ ਬੋਝ ਚੁੱਕਣਾ ਔਖਾ ਹੋ ਗਿਆ ਹੈ। ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਅਪੀਲ ਕੀਤੀ ਕਿ ਪਰਿਵਾਰ ਦੀ ਆਰਥਿਕ ਹਾਲਤ ਨੂੰ ਦੇਖਦਿਆਂ ਇਲਾਜ ਲਈ ਵੱਧ ਤੋਂ ਵੱਧ ਮਾਲੀ ਸਹਾਇਤਾ ਦਿੱਤੀ ਜਾਵੇ ਅਤੇ ਪਿੰਡ ਵਿੱਚ ਸਾਫ਼ ਪੀਣ ਵਾਲੇ ਪਾਣੀ ਦਾ ਪੱਕਾ ਪ੍ਰਬੰਧ ਕੀਤਾ ਜਾਵੇ।