- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਲ੍ਹਾ ਬਰਨਾਲਾ ਦੀ ਪੁਲਿਸ ਨੇ ਵੱਖ-ਵੱਖ ਮਾਮਲਿਆਂ ਅਧੀਨ ਕਾਰਵਾਈ ਕਰਦਿਆਂ ਇੱਕ ਪਾਸੇ ਜਿੱਥੇ ਸੜਕ ਹਾਦਸੇ 'ਚ ਨੌਜਵਾਨ ਦੀ ਜਾਨ ਜਾਣ ਦੇ ਮਾਮਲੇ ’ਚ ਪਰਚਾ ਦਰਜ ਕੀਤਾ ਹੈ, ਉੱਥੇ ਹੀ ਦੂਜੇ ਪਾਸੇ ਕਿਸਾਨਾਂ ਦੀਆਂ ਮੋਟਰਾਂ ਤੋਂ ਕੇਬਲ ਤਾਰਾਂ ਚੋਰੀ ਕਰਨ ਵਾਲੇ ਗਿਰੋਹ ਦੇ ਮੈਂਬਰਾਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਜ਼ਿਲ੍ਹਾ ਬਰਨਾਲਾ ਦੀ ਪੁਲਿਸ ਨੇ ਵੱਖ-ਵੱਖ ਮਾਮਲਿਆਂ ਅਧੀਨ ਕਾਰਵਾਈ ਕਰਦਿਆਂ ਇੱਕ ਪਾਸੇ ਜਿੱਥੇ ਸੜਕ ਹਾਦਸੇ 'ਚ ਨੌਜਵਾਨ ਦੀ ਜਾਨ ਜਾਣ ਦੇ ਮਾਮਲੇ ’ਚ ਪਰਚਾ ਦਰਜ ਕੀਤਾ ਹੈ, ਉੱਥੇ ਹੀ ਦੂਜੇ ਪਾਸੇ ਕਿਸਾਨਾਂ ਦੀਆਂ ਮੋਟਰਾਂ ਤੋਂ ਕੇਬਲ ਤਾਰਾਂ ਚੋਰੀ ਕਰਨ ਵਾਲੇ ਗਿਰੋਹ ਦੇ ਮੈਂਬਰਾਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ।
ਤੇਜ਼ ਰਫ਼ਤਾਰ ਟਰੈਕਟਰ ਨੇ ਕਾਰ ਨੂੰ ਮਾਰੀ ਟੱਕਰ, ਇੱਕ ਦੀ ਮੌਤ, ਸਾਥੀ ਜ਼ਖ਼ਮੀ
ਥਾਣਾ ਸਿਟੀ-1 ਬਰਨਾਲਾ ਦੀ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਮੁਦੱਈ ਜਤਿੰਦਰ ਸਿੰਘ ਪੁੱਤਰ ਕ੍ਰਿਪਾਲ ਸਿੰਘ ਵਾਸੀ ਸੀਸਰ ਪੱਤੀ, ਈਨਾ ਬਾਜਵਾ, ਥਾਣਾ ਸ਼ੇਰਪੁਰ ਨੇ ਦੱਸਿਆ ਕਿ 30 ਅਗਸਤ ਨੂੰ ਉਹ ਆਪਣੇ ਸਾਥੀ ਅਰਸ਼ਦੀਪ ਸਿੰਘ ਉਰਫ਼ ਆਸ਼ੂ ਪੁੱਤਰ ਗੁਰਦੀਪ ਸਿੰਘ ਵਾਸੀ ਖੇੜੀ ਕਲਾਂ ਤੇ ਤਿੰਨ ਹੋਰ ਸਾਥੀਆਂ ਨਾਲ ਅਲਟੋ ਕਾਰ 'ਤੇ ਸਵਾਰ ਹੋ ਕੇ ਪਿੰਡ ਖੇੜੀ ਕਲਾਂ ਤੋਂ ਬਰਨਾਲਾ ਵੱਲ ਆ ਰਹੇ ਸਨ।
ਜਦੋਂ ਉਹ ਪਿੰਡ ਸੰਘੇੜਾ ਨੇੜੇ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੇ ਇੱਕ ਤੇਜ਼ ਰਫ਼ਤਾਰ ਨਾਮਾਲੂਮ ਟਰੈਕਟਰ ਦੇ ਚਾਲਕ ਨੇ ਆਪਣੀ ਵਾਹਨ ਲਾਪਰਵਾਹੀ ਨਾਲ ਚਲਾਉਂਦੇ ਹੋਏ ਕਾਰ ਦੀ ਡਰਾਈਵਰ ਸਾਈਡ 'ਚ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਅਰਸ਼ਦੀਪ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਕਾਰ 'ਚ ਸਵਾਰ ਬਾਕੀ ਸਾਥੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ। ਹਾਦਸੇ ਦੌਰਾਨ ਕਾਰ ਦਾ ਵੀ ਭਾਰੀ ਨੁਕਸਾਨ ਹੋਇਆ ਹੈ। ਪੁਲਿਸ ਨੇ ਮੁਦੱਈ ਦੇ ਬਿਆਨਾਂ ਦੇ ਆਧਾਰ 'ਤੇ ਨਾਮਾਲੂਮ ਟਰੈਕਟਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਖੇਤਾਂ ’ਚੋਂ ਕੇਬਲ ਤਾਰਾਂ ਚੋਰੀ ਕਰਨ ਵਾਲੇ ਚੋਰ ਤੇ ਕਬਾੜੀਆ ਗ੍ਰਿਫ਼ਤਾਰ
ਇੱਕ ਹੋਰ ਮਾਮਲੇ 'ਚ ਥਾਣਾ ਸ਼ਹਿਣਾ ਦੀ ਪੁਲਿਸ ਨੇ ਮੋਟਰਾਂ ਤੋਂ ਕੇਬਲ ਤਾਰਾਂ ਚੋਰੀ ਕਰਨ ਵਾਲੇ ਵਿਅਕਤੀਆਂ ਨੂੰ ਦਬੋਚਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਹਿਣਾ ਦੀ ਮੁਖੀ ਰੇਨੂ ਪਰੋਚਾ ਨੇ ਦੱਸਿਆ ਕਿ ਮੁਦੱਈ ਅਮਰਜੀਤ ਸਿੰਘ ਪੁੱਤਰ ਮੇਹਰ ਸਿੰਘ ਵਾਸੀ ਕਰਮੋ ਪੱਤੀ, ਉਗੋਕੇ ਨੇ ਦੱਸਿਆ ਕਿ 30 ਅਗਸਤ ਦੀ ਦਰਮਿਆਨੀ ਰਾਤ ਨੂੰ ਅਣਪਛਾਤੇ ਚੋਰਾਂ ਨੇ ਉਨ੍ਹਾਂ ਦੇ ਖੇਤ 'ਚ ਲੱਗੀ ਮੋਟਰ ਦੀ ਕੇਬਲ ਤਾਰ ਵੱਢ ਕੇ ਚੋਰੀ ਕਰ ਲਈ।
ਅਗਲੀ ਸਵੇਰ ਪਤਾ ਲੱਗਣ 'ਤੇ ਜਦੋਂ ਜਾਂਚ ਕੀਤੀ ਤਾਂ ਪਿੰਡ ਦੇ 10-15 ਹੋਰ ਕਿਸਾਨਾਂ ਦੀਆਂ ਮੋਟਰਾਂ ਤੋਂ ਵੀ ਤਾਰਾਂ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ। ਕਿਸਾਨਾਂ ਨੇ ਆਪਣੇ ਪੱਧਰ 'ਤੇ ਪੜਤਾਲ ਕਰਦਿਆਂ ਪਤਾ ਲਗਾਇਆ ਕਿ ਇਸ ਚੋਰੀ ਪਿੱਛੇ ਬੇਅੰਤ ਸਿੰਘ ਪੁੱਤਰ ਹਰਬੰਸ ਸਿੰਘ ਤੇ ਹਰਪ੍ਰੀਤ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਬਿਲਾਸਪੁਰ ਦਾ ਹੱਥ ਹੈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਤਫ਼ਤੀਸ਼ ਦੌਰਾਨ ਦੋਵਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ।
ਪੁੱਛਗਿੱਛ ਦੌਰਾਨ ਚੋਰਾਂ ਨੇ ਖ਼ੁਲਾਸਾ ਕੀਤਾ ਕਿ ਉਹ ਇਹ ਚੋਰੀ ਕੀਤਾ ਮਾਲ ਰਾਜ ਕੁਮਾਰ ਉਰਫ਼ ਰਾਜੂ ਕਬਾੜੀਆ ਪੁੱਤਰ ਮੰਗਤ ਰਾਮ ਵਾਸੀ ਬਾਘਾਪੁਰਾਣਾ ਨੂੰ ਵੇਚਦੇ ਸਨ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਉਕਤ ਕਬਾੜੀਏ ਨੂੰ ਵੀ ਕੇਸ 'ਚ ਨਾਮਜ਼ਦ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਮੁਖੀ ਰੇਨੂੰ ਪਰੋਚਾ ਨੇ ਦੱਸਿਆ ਕਿ ਇਹਨਾਂ ਨੂੰ ਮਾਨਯੋਗ ਬਰਨਾਲਾ ਦੀ ਅਦਾਲਤ 'ਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਹਾਸਿਲ ਕਰ ਲਿਆ ਹੈ। ਜਿਸ ਤਹਿਤ ਇਹਨਾਂ ਤੋਂ ਡੂੰਘਾਈ ਨਾਲ ਹੋਰ ਪੁੱਛ ਪੜਤਾਲ ਕੀਤੀ ਜਾਵੇਗੀ।