
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਜਿੱਥੇ ਪੰਜਾਬ ਸਰਕਾਰ ਇਹ ਦਾਅਵਾ ਕਰਦੀ ਨਹੀ ਥੱਕਦੀ ਕਿ ਸਾਡੀ ਸਰਕਾਰ ਦਾ ਫੋਕਸ ਸਿੱਖਿਆ ਤੇ ਸਿਹਤ ਸੇਵਾਵਾਂ ਉੱਪਰ ਹੈ। ਉੱਥੇ ਪਿੰਡ ਰਾਮਗੜ੍ਹ ਵਿਖੇ 10 ਲੱਖ ਦੀ ਲਾਗਤ ਨਾਲ ਬਣੀ ਡਿਸਪੈਂਸਰੀ ਪਿਛਲੇ ਪੰਜ ਸਾਲਾਂ ਤੋਂ ਮੁਕੰਮਲ ਨਹੀਂ ਹੋ ਸਕੀ।

ਯੋਗੇਸ਼ ਸ਼ਰਮਾ, ਪੰਜਾਬੀ ਜਾਗਰਣ, ਭਦੌੜ : ਜਿੱਥੇ ਪੰਜਾਬ ਸਰਕਾਰ ਇਹ ਦਾਅਵਾ ਕਰਦੀ ਨਹੀ ਥੱਕਦੀ ਕਿ ਸਾਡੀ ਸਰਕਾਰ ਦਾ ਫੋਕਸ ਸਿੱਖਿਆ ਤੇ ਸਿਹਤ ਸੇਵਾਵਾਂ ਉੱਪਰ ਹੈ। ਉੱਥੇ ਪਿੰਡ ਰਾਮਗੜ੍ਹ ਵਿਖੇ 10 ਲੱਖ ਦੀ ਲਾਗਤ ਨਾਲ ਬਣੀ ਡਿਸਪੈਂਸਰੀ ਪਿਛਲੇ ਪੰਜ ਸਾਲਾਂ ਤੋਂ ਮੁਕੰਮਲ ਨਹੀਂ ਹੋ ਸਕੀ। ਡਿਸਪੈਂਸਰੀ ਦਾ ਕੰਮ ਕਾਰ ਸਿਹਤ ਵਿਭਾਗ ਦੇ ਡਾਕਟਰਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਕਮਰਿਆਂ ‘ਚ ਬੈਠ ਕੇ ਚਲਾਇਆ ਜਾ ਰਿਹਾ ਹੈ।
ਆਮ ਲੋਕ ਆਪਣੀਆਂ ਮੁੱਢਲੀਆਂ ਸਿਹਤ ਸੇਵਾਵਾਂ ਲੈਣ ਲਈ ਗੁਰਦੁਆਰਾ ਸਾਹਿਬ ਵਿਖੇ ਆਉਂਦੇ ਹਨ। ਇੱਥੇ ਦੱਸਣਯੋਗ ਹੋਵੇਗਾ ਕਿ ਪਿਛਲੀ ਕਾਂਗਰਸ ਸਰਕਾਰ ਸਮੇਂ ਉਸ ਵੇਲੇ ਦੇ ਪਿੰਡ ਰਾਮਗੜ੍ਹ ਦੇ ਸਰਪੰਚ ਰਾਜਵਿੰਦਰ ਸਿੰਘ ਰਾਜਾ ਦੀ ਰਹਿਨੁਮਾਈ ਹੇਠ ਸਰਕਾਰ ਨੇ 10 ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਸੀ। ਜਿਸ ਨਾਲ ਡਿਸਪੈਂਸਰੀ ਦੀ ਸ਼ਾਨਦਾਰ ਇਮਾਰਤ ਖੜੀ ਹੋ ਗਈ, ਪਰ ਪਿਛਲੇ ਸਾਢੇ ਚਾਰ ਸਾਲਾਂ ਤੋਂ ਉਸ ਨੂੰ ਮੁਕੰਮਲ ਨਹੀਂ ਕੀਤਾ ਗਿਆ ਤੇ ਪੰਜਾਬ ਸਰਕਾਰ ਦੇ ਸਿਹਤ ਸੇਵਾਵਾਂ ਪ੍ਰਤੀ ਕੀਤੇ ਜਾ ਰਹੇ ਦਾਅਵੇ ਦੀ ਪੋਲ ਖੁੱਲਦੀ ਦਿਖਾਈ ਦੇ ਰਹੀ ਹੈ।
ਸਾਬਕਾ ਸਰਪੰਚ ਰਾਜਵਿੰਦਰ ਸਿੰਘ ਰਾਜਾ ਸਿੱਧੂ ਨੇ ਦੱਸਿਆ ਕਿ ਕਾਂਗਰਸ ਸਰਕਾਰ ਸਮੇਂ ਮੇਰੇ ਕਾਰਜਕਾਲ ਦੌਰਾਨ ਡਿਸਪੈਂਸਰੀ ਨੂੰ 10 ਲੱਖ ਦੀ ਗਰਾਂਟ ਆਈ ਸੀ ਜਿਸ ਨਾਲ ਅਸੀਂ ਇਹ ਡਿਸਪੈਂਸਰੀ ਦੀ ਇਮਾਰਤ ਬਣਾ ਦਿੱਤੀ ਸੀ, ਪਰ ਉਸ ਉਪਰੰਤ ਸਰਕਾਰ ਬਦਲ ਗਈ ਤੇ ਹੁਣ ਸਾਢੇ ਚਾਰ ਸਾਲ ਬੀਤਣ ਦੇ ਬਾਵਜੂਦ ਵੀ ਸਰਕਾਰ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਿਸ ਦਾ ਖਮਿਆਜਾ ਆਮ ਲੋਕ, ਸਿਹਤ ਵਿਭਾਗ ਦੇ ਮੁਲਾਜ਼ਮ ਤੇ ਮਰੀਜ ਭੁਗਤ ਰਹੇ ਹਨ।
ਸਰਕਾਰ ਨੇ ਹੋਰ ਫੰਡ ਦੇਣ ਤੋਂ ਕੀਤਾ ਇਨਕਾਰ : ਸਰਪੰਚ
ਜਦੋਂ ਇਸ ਸਬੰਧੀ ਪਿੰਡ ਦੇ ਮੌਜੂਦਾ ਸਰਪੰਚ ਮਨਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਸੀਂ ਸਿਵਲ ਸਰਜਨ ਦਫ਼ਤਰ ਬਰਨਾਲਾ ਵਿਖੇ ਮੰਗ ਪੱਤਰ ਦਿੱਤਾ ਸੀ, ਪਰ ਉਨ੍ਹਾਂ ਨੇ ਸਾਨੂੰ ਹੋਰ ਗਰਾਂਟ ਦੇਣ ਤੋਂ ਇਨਕਾਰ ਕਰਦਿਆ ਕਿਹਾ ਕਿ ਪੰਚਾਇਤੀ ਫੰਡ 'ਚੋਂ ਇਸ ਡਿਸਪੈਂਸਰੀ ਨੂੰ ਤੁਸੀਂ ਮੁਕੰਮਲ ਕਰ ਸਕਦੇ ਹੋ। ਹੁਣ ਥੋੜੇ ਦਿਨ ਪਹਿਲਾਂ ਅਸੀਂ ਪੰਚਾਇਤੀ ਤੌਰ 'ਤੇ ਕੰਮ ਚਲਾਇਆ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਪੰਚਾਇਤੀ ਫੰਡ 'ਚੋਂ ਇਸ ਡਿਸਪੈਂਸਰੀ 'ਤੇ ਕਿੰਨਾ ਖਰਚ ਕਰ ਰਹੇ ਹੋ ਤਾਂ ਉਹ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕੇ। ਹੁਣ ਦੇਖਣਾ ਇਹ ਹੋਵੇਗਾ ਕਿ ਪਿੰਡ ਰਾਮਗੜ੍ਹ ਦੀ ਪੰਚਾਇਤ ਪਿਛਲੇ ਪੰਜਾਂ ਸਾਲਾਂ ਤੋਂ ਚਿੱਟਾ ਹਾਥੀ ਬਣੀ ਡਿਸਪੈਂਸਰੀ ਨੂੰ ਮੁਕੰਮਲ ਕਰਕੇ ਲੋਕ ਅਰਪਣ ਕਰਦੀ ਹੈ ਜਾਂ ਨਹੀਂ।