- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭੱਠਲ ਪੱਤੀ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਜਦੋਂ ਉਨ੍ਹਾਂ ਪੰਚਾਇਤ ਨਾਲ ਸੰਪਰਕ ਕੀਤਾ ਤਾਂ ਪਤਾ ਲੱਗਾ ਕਿ 30 ਜੂਨ ਨੂੰ ਮੁੱਖ ਮੰਤਰੀ ਵੱਲੋਂ ਮਹਿਲ ਕਲਾਂ ’ਚ ਕੀਤੀ ਲੋਕ ਮਿਲਣੀ ਦੌਰਾਨ ਐਲਾਨੀ 51 ਲੱਖ ਰੁਪਏ ਦੀ ਗ੍ਰਾਂਟ ਅਜੇ ਤੱਕ ਵੀ ਪੰਚਾਇਤ ਨੂੰ ਨਹੀਂ ਮਿਲੀ।

ਜਸਵੀਰ ਸਿੰਘ ਵਜੀਦਕੇ,ਪੰਜਾਬੀ ਜਾਗਰਣ, ਮਹਿਲ ਕਲਾਂ : ਭਾਵੇਂਕਿ ਜ਼ਿਲ੍ਹਾ ਮੋਗਾ ਦੇ ਪਿੰਡ ਚੜਿੱਕ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੋਕ ਮਿਲਣੀ ਕਰਵਾਉਣ ਵਾਲੀ ਗ੍ਰਾਮ ਪੰਚਾਇਤ ਨੂੰ 51 ਲੱਖ ਰੁਪਏ ਦਾ ਚੈੱਕ ਸੌਂਪਦਿਆਂ ਇਹ ਦਾਅਵਾ ਕੀਤਾ ਗਿਆ ਹੈ ਕਿ ਉਹ ਗ੍ਰਾਂਟ ਦੇ ਪੈਸੇ ਤਾਂ ਲੋਕ ਮਿਲਣੀ ਤੋਂ ਪਹਿਲਾਂ ਹੀ ਸਬੰਧਿਤ ਪੰਚਾਇਤ ਦੇ ਖਾਤਿਆਂ ’ਚ ਪਾ ਕੇ ਤੁਰਦੇ ਹਨ। ਸਟੇਜ ’ਤੇ ਚੈੱਕ ਨਾਲ ਫੋਟੋ ਤਾਂ ਸਿਰਫ਼ ਰਸਮੀ ਕਾਰਵਾਈ ਲਈ ਹੀ ਹੁੰਦੀ ਹੈ। ਪਰ ਇਸ ਦੇ ਉਲਟ ਹਲਕਾ ਮਹਿਲ ਕਲਾਂ ’ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀ ਲੋਕ ਮਿਲਣੀ ਦੌਰਾਨ ਐਲਾਨੀ 51 ਲੱਖ ਦੀ ਗ੍ਰਾਂਟ ਦਾ ਚੈੱਕ ਭਾਵੇਂ ਪੰਚਾਇਤ ਨੂੰ ਸੌਂਪ ਦਿੱਤਾ ਗਿਆ ਪਰ 27 ਦਿਨ ਬਾਅਦ ਵੀ ਗ੍ਰਾਮ ਪੰਚਾਇਤ ਦੇ ਖਾਤੇ ’ਚ ਅਜੇ ਤੱਕ ਦੁੱਕੀ ਨਹੀ ਆਈ। ਇਸ ਸਭ ਦਾ ਖੁਲਾਸਾ ਭਾਈ ਲਾਲੋ ਪੰਜਾਬੀ ਮੰਚ ਦੇ ਸੂਬਾਈ ਆਗੂ ਹਰਜੀਤ ਸਿੰਘ ਖਿਆਲੀ ਵੱਲੋਂ ਸੋਸ਼ਲ ਮੀਡੀਆ ਤੇ ਜਾਰੀ ਕੀਤੀ ਇੱਕ ਵੀਡੀਓ ਤੋਂ ਜਨਤਕ ਹੋਇਆ। ਇਸ ਵੀਡੀਓ ’ਚ ਖੁਲਾਸਾ ਹੋਇਆ ਕਿ ਕਿਵੇਂ ਪੰਚਾਇਤੀ ਨੁਮਾਇੰਦਿਆਂ ਨੂੰ ਮੁੱਖ ਮੰਤਰੀ ਵੱਲੋਂ ਐਲਾਨੀ ਗ੍ਰਾਂਟ ਲੈਣ ਲਈ ਦਰ ਦਰ ਫਿਰਨਾ ਪੈ ਰਿਹਾ ਹੈ। ਇਸ ਮੌਕੇ ਹਰਜੀਤ ਸਿੰਘ ਖਿਆਲੀ ਨੇ ਦੱਸਿਆ ਕਿ ਭੱਠਲ ਪੱਤੀ ਮਹਿਲ ਕਲਾਂ ਦੀਆਂ ਔਰਤਾਂ ਵੱਲੋਂ ਗਲੀਆਂ,ਨਾਲੀਆਂ ਤੇ ਸਾਫ ਪਾਣੀ ਦੀਆਂ ਸਮੱਸਿਆਵਾਂ ਦੇ ਹੱਲ ਲਈ ਉਨ੍ਹਾਂ ਨੂੰ ਬੁਲਾਇਆ ਗਿਆ ਸੀ। ਭੱਠਲ ਪੱਤੀ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਜਦੋਂ ਉਨ੍ਹਾਂ ਪੰਚਾਇਤ ਨਾਲ ਸੰਪਰਕ ਕੀਤਾ ਤਾਂ ਪਤਾ ਲੱਗਾ ਕਿ 30 ਜੂਨ ਨੂੰ ਮੁੱਖ ਮੰਤਰੀ ਵੱਲੋਂ ਮਹਿਲ ਕਲਾਂ ’ਚ ਕੀਤੀ ਲੋਕ ਮਿਲਣੀ ਦੌਰਾਨ ਐਲਾਨੀ 51 ਲੱਖ ਰੁਪਏ ਦੀ ਗ੍ਰਾਂਟ ਅਜੇ ਤੱਕ ਵੀ ਪੰਚਾਇਤ ਨੂੰ ਨਹੀਂ ਮਿਲੀ। ਜਿਸ ਕਰਕੇ ਪਿੰਡ ਅੰਦਰ ਵਿਕਾਸ ਦੇ ਵਿਕਾਸ ਦੇ ਕੰਮ ਰੁਕੇ ਪਏ ਹਨ ।ਖਿਆਲੀ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਵੱਲੋਂ ਐਲਾਨੀ ਗ੍ਰਾਂਟ ਪੰਚਾਇਤ ਨੂੰ ਨਹੀਂ ਮਿਲੀ ਤਾਂ ਪੰਚਾਇਤ ਨੂੰ ਵੀ ਇਹ ਮਸਲਾ ਪਿੰਡ ਵਾਸੀਆਂ ਅੱਗੇ ਰੱਖਣਾ ਚਾਹੀਦਾ ਹੈ ਤਾਂ ਜੋ ਰੁਕੇ ਹੋਏ ਵਿਕਾਸ ਕਾਰਜ ਨੇਪਰੇ ਚੜ੍ਹ ਸਕਣ।
ਕੀ ਕਹਿੰਦੇ ਨੇ ਸਰਪੰਚ
ਇਸ ਸਬੰਧੀ ਸਰਪੰਚ ਕਿਰਨਾ ਰਾਣੀ ਨੇ ਸੰਪਰਕ ਕਰਨ ’ਤੇ ਦੱਸਿਆ ਕਿ 30 ਜੂਨ ਨੂੰ ਮੁੱਖ ਮੰਤਰੀ ਦੀ ਲੋਕ ਮਿਲਣੀ ਦੌਰਾਨ ਪੰਚਾਇਤ ਨੂੰ 51 ਲੱਖ ਰੁਪਏ ਦੀ ਗ੍ਰਾਂਟ ਦਾ ਸੈਕਸ਼ਨ ਲੈਟਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਪੰਚਾਇਤ ਵੱਲੋਂ ਲੋੜੀਂਦੀਆਂ ਕਾਰਵਾਈਆਂ ਤੇ ਪ੍ਰਸਤਾਵ ਸਬੰਧਿਤ ਵਿਭਾਗਾਂ ਨੂੰ ਭੇਜ ਦਿੱਤੇ ਗਏ ਹਨ। ਪੰਚਾਇਤ ਵਿਭਾਗ ਦੇ ਅਧਿਕਾਰੀਆਂ ਤੇ ਵਿਧਾਇਕ ਨਾਲ ਕਈ ਵਾਰ ਮੁਲਾਕਾਤ ਕਰਕੇ ਗ੍ਰਾਂਟ ਜਲਦੀ ਜਾਰੀ ਕਰਨ ਦੀ ਬੇਨਤੀ ਕੀਤੀ ਗਈ ਹੈ। ਪਰ ਅਜੇ ਤੱਕ ਕੋਈ ਰਕਮ ਪੰਚਾਇਤ ਦੇ ਖਾਤੇ ’ਚ ਨਹੀਂ ਆਈ। ਉਨ੍ਹਾਂ ਦੱਸਿਆ ਕਿ ਇਸ ਗ੍ਰਾਂਟ ਨਾਲ ਚੋਪੜਾ ਪੱਤੀ ਧਰਮਸਾਲਾ ਲਈ 6 ਲੱਖ,ਮਜ਼੍ਹਬੀ ਸਿੱਖ ਧਰਮਸਾਲਾ ਲਈ 5 ਲੱਖ,ਬਾਲਮੀਕ ਧਰਮਸਾਲਾ ਲਈ 2 ਲੱਖ,ਗਣੇਸ਼ ਕੰਮਿਊਨਟੀ ਹਾਲ ਲਈ 10 ਲੱਖ,ਚੀਮਾ ਪੱਤੀ ਧਰਮਸਾਲਾ ਲਈ 3 ਲੱਖ,ਸਬਰਸੀਬਲ ਮੋਟਰਾਂ ਲਈ 7,50 ਲੱਖ ਤੇ ਗਲੀਆ ਨਾਲੀਆਂ ਲਈ 12,50 ਲੱਖ ਖਰਚ ਕੀਤੇ ਜਾਣੇ ਹਨ। ੳਨ੍ਹਾਂ ਮੰਗ ਕੀਤੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਐਲਾਨੀ 51 ਲੱਖ ਰੁਪਏ ਦੀ ਗ੍ਰਾਂਟ ਤੁਰੰਤ ਜਾਰੀ ਕੀਤੀ ਜਾਵੇ ਤਾਂ ਜੋ ਅਧੂਰੇ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਿਆ ਜਾ ਸਕੇ।