
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸੁਖਪਾਲ ਅਨੁਸਾਰ ਇਸ ਖੇਤਰ 'ਚ ਰਵਾਇਤੀ ਖੇਤੀ ਨਾਲੋਂ ਬਹੁਤ ਘੱਟ ਖਪਾਈ ਹੈ। ਦਿਨ 'ਚ ਮਹਿਜ਼ 2-3 ਘੰਟੇ ਫਾਰਮ ’ਤੇ ਦੇਣੇ ਪੈਂਦੇ ਹਨ। ਮੱਛੀ ਵੇਚਣ ਲਈ ਬਾਹਰ ਜਾਣ ਦੀ ਲੋੜ ਨਹੀਂ ਪੈਂਦੀ, ਵੱਡੇ ਸ਼ਹਿਰਾਂ ਦੇ ਵਪਾਰੀ ਆਪ ਫਾਰਮ ’ਤੇ ਆ ਕੇ ਹੱਥੋ-ਹੱਥ ਨਕਦ ਭੁਗਤਾਨ ਕਰਦੇ ਹਨ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਜੇਕਰ ਮਨ 'ਚ ਕੁੱਝ ਕਰ ਵਿਖਾਉਣ ਦਾ ਜਜ਼ਬਾ ਹੋਵੇ ਤਾਂ ਮਿਹਨਤ ਨਾਲ ਬੰਜਰ ਜ਼ਮੀਨ ਤੋਂ ਵੀ ਸੋਨਾ ਉਗਾਇਆ ਜਾ ਸਕਦਾ ਹੈ। ਇਸ ਗੱਲ ਨੂੰ ਜ਼ਿਲ੍ਹਾ ਬਰਨਾਲਾ ਦੇ ਪਿੰਡ ਬਡਬਰ ਦੇ ਕਿਸਾਨ ਸੁਖਪਾਲ ਸਿੰਘ ਨੇ ਸੱਚ ਕਰ ਦਿਖਾਇਆ ਹੈ। ਵਿਦੇਸ਼ ਤੋਂ ਪੰਜਾਬ ਪਰਤ ਕੇ ਉਸ ਨੇ ਮੱਛੀ ਪਾਲਣ ਦਾ ਅਜਿਹਾ ਧੰਦਾ ਸ਼ੁਰੂ ਕੀਤਾ, ਜਿਸ ਨੇ ਨਾ ਕੇਵਲ ਉਸ ਦੀ ਜ਼ਿੰਦਗੀ ਸੁਖਾਲੀ ਕੀਤੀ, ਸਗੋਂ ਹੋਰਨਾਂ ਕਿਸਾਨਾਂ ਲਈ ਵੀ ਪ੍ਰੇਰਨਾ ਸਰੋਤ ਬਣ ਗਿਆ।
'ਪੰਜਾਬੀ ਜਾਗਰਣ' ਨਾਲ ਗੱਲਬਾਤ ਦੌਰਾਨ ਸੁਖਪਾਲ ਸਿੰਘ ਨੇ ਦੱਸਿਆ ਕਿ ਉਸ ਕੋਲ ਆਪਣੀ ਜੱਦੀ ਜ਼ਮੀਨ ਮਹਿਜ਼ ਢਾਈ ਏਕੜ ਸੀ, ਜਿੱਥੋਂ ਉਸ ਨੇ ਇਹ ਕਾਰੋਬਾਰ ਸ਼ੁਰੂ ਕੀਤਾ। ਪਹਿਲੇ ਹੀ ਸਾਲ ਉਸ ਨੂੰ 4-5 ਲੱਖ ਰੁਪਏ ਦਾ ਸ਼ੁੱਧ ਮੁਨਾਫ਼ਾ ਹੋਇਆ। ਧੰਦੇ ਦੇ ਵਾਧੇ ਨੂੰ ਦੇਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਤੇ ਡਿਪਟੀ ਕਮਿਸ਼ਨਰ ਬਰਨਾਲਾ ਨੇ ਪੰਚਾਇਤੀ ਜ਼ਮੀਨ ਦੇ ਕਰੀਬ ਸਾਢੇ ਚਾਰ ਏਕੜ ਜਮੀਨ 'ਚ ਬਣੇ ਛੱਪੜ ਨੂੰ 10 ਸਾਲਾਂ ਦੇ ਠੇਕੇ ’ਤੇ ਦੇ ਕੇ ਉਸ ਦੀ ਮਦਦ ਕੀਤੀ। ਸੰਨ 2022 -23 'ਚ ਜ਼ਿਲ੍ਹਾ ਪ੍ਰਸ਼ਾਸਨ ਨੇ ਉਸ ਨੂੰ ਪਿੰਡ ਦੀ ਕਰੀਬ 23 ਏਕੜ ਪੰਚਾਇਤੀ ਜ਼ਮੀਨ ਹੋਰ ਇਸ ਧੰਦੇ ਲਈ ਦੇ ਦਿੱਤੀ। ਹੁਣ ਉਹ ਕਰੀਬ 30 ਏਕੜ ਜ਼ਮੀਨ 'ਚ ਸਫ਼ਲਤਾਪੂਰਵਕ ਮੱਛੀ ਫਾਰਮ ਚਲਾ ਰਿਹਾ ਹੈ।
ਘੱਟ ਮਿਹਨਤ ਤੇ ਹੱਥੋ-ਹੱਥ ਨਕਦ ਕਮਾਈ
ਸੁਖਪਾਲ ਅਨੁਸਾਰ ਇਸ ਖੇਤਰ 'ਚ ਰਵਾਇਤੀ ਖੇਤੀ ਨਾਲੋਂ ਬਹੁਤ ਘੱਟ ਖਪਾਈ ਹੈ। ਦਿਨ 'ਚ ਮਹਿਜ਼ 2-3 ਘੰਟੇ ਫਾਰਮ ’ਤੇ ਦੇਣੇ ਪੈਂਦੇ ਹਨ। ਮੱਛੀ ਵੇਚਣ ਲਈ ਬਾਹਰ ਜਾਣ ਦੀ ਲੋੜ ਨਹੀਂ ਪੈਂਦੀ, ਵੱਡੇ ਸ਼ਹਿਰਾਂ ਦੇ ਵਪਾਰੀ ਆਪ ਫਾਰਮ ’ਤੇ ਆ ਕੇ ਹੱਥੋ-ਹੱਥ ਨਕਦ ਭੁਗਤਾਨ ਕਰਦੇ ਹਨ।
ਸੁਖਪਾਲ ਨੇ ਦੱਸਿਆ ਕਿ ਸ਼ੁਰੂਆਤ 'ਚ ਮੱਛੀ ਦਾ ਰੇਟ 85-90 ਰੁਪਏ ਪ੍ਰਤੀ ਕਿੱਲੋ ਮਿਲਦਾ ਸੀ, ਜੋ ਹੁਣ ਵਧ ਕੇ 150 ਰੁਪਏ ਪ੍ਰਤੀ ਕਿੱਲੋ ਹੋ ਚੁੱਕਾ ਹੈ। ਕਾਰੋਬਾਰ ਤੇ ਸਪਲਾਈ ਨੂੰ ਸੰਭਾਲਣ ਲਈ ਉਸ ਨੇ 3 ਮੁਲਾਜ਼ਮ ਵੀ ਰੱਖੇ ਹੋਏ ਹਨ। ਪਰ ਏਕੜ ’ਚੋਂ ਕਰੀਬ 30 ਕੁਇੰਟਲ ਮੱਛੀ ਵਿਕਰੀ ਲਈ ਨਿਕਲਦੀ ਹੈ। ਭਾਵ ਇੱਕ ਏਕੜ ’ਚੋਂ ਕਰੀਬ 4 ਲੱਖ ਤੋਂ ਵੱਧ ਰਕਮ ਦੀ ਮੱਛੀ ਵੇਚੀ ਜਾਂਦੀ ਹੈ, ਭਾਵ ਕਿਸਾਨ ਨੂੰ ਜ਼ਮੀਨ ਦਾ ਠੇਕਾ ਤੇ ਉੱਪਰ ਪਏ ਲੇਬਰ ਸਣੇ ਹੋਰ ਖਰਚੇ ਕੱਢ ਕੇ ਵੀ ਮੁਨਾਫਾ ਚੰਗਾ ਹੋ ਜਾਂਦਾ ਹੈ।
ਇਸ ਧੰਦੇ 'ਚ 70 ਕਿਸਾਨਾਂ ਨੂੰ ਜੋੜਿਆ
ਸਰਕਾਰ ਵੱਲੋਂ ਛੱਪੜ ਪੁੱਟਣ, ਮੋਟਰਾਂ ਤੇ ਮਸ਼ੀਨਰੀ ਲਈ ਦਿੱਤੀ ਜਾਂਦੀ ਸਬਸਿਡੀ ਦਾ ਜ਼ਿਕਰ ਕਰਦਿਆਂ ਸੁਖਪਾਲ ਨੇ ਹੋਰਨਾਂ ਕਿਸਾਨਾਂ ਨੂੰ ਵੀ ਇਹ ਧੰਦਾ ਅਪਣਾਉਣ ਦੀ ਸਲਾਹ ਦਿੱਤੀ। ਉਸ ਤੋਂ ਪ੍ਰੇਰਿਤ ਹੋ ਕੇ ਬਰਨਾਲਾ ਤੇ ਸੰਗਰੂਰ ਦੇ ਲਗਪਗ 70 ਕਿਸਾਨ ਇੱਕ ਸਹਿਕਾਰੀ ਸਭਾ ਬਣਾ ਕੇ ਸਾਂਝੇ ਤੌਰ ’ਤੇ ਮੱਛੀ ਪਾਲਣ ਕਰ ਰਹੇ ਹਨ ਤੇ ਆਮ ਨਾਲੋਂ ਵਧੇਰੇ ਕਮਾਈ ਕਰ ਰਹੇ ਹਨ। ਸੁਖਪਾਲ ਸਿੰਘ ਦਾ ਮੰਨਣਾ ਹੈ ਕਿ ਅੱਜ ਦੇ ਸਮੇਂ 'ਚ ਕਿਸਾਨਾਂ ਨੂੰ ਆਰਥਿਕ ਤੌਰ ’ਤੇ ਪੈਰਾਂ ’ਤੇ ਖੜ੍ਹੇ ਹੋਣ ਲਈ ਰਵਾਇਤੀ ਖੇਤੀ ਦੇ ਨਾਲ-ਨਾਲ ਅਜਿਹੇ ਸਹਾਇਕ ਧੰਦੇ ਅਪਣਾਉਣੇ ਚਾਹੀਦੇ ਹਨ।