- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਰਨਾਲਾ-ਬਠਿੰਡਾ ਨੈਸ਼ਨਲ ਹਾਈਵੇਅ ’ਤੇ ਪਿੰਡ ਖੁੱਡੀ ਖੁਰਦ ਨੇੜੇ ਮੰਗਲਵਾਰ ਦੁਪਹਿਰ ਕਰੀਬ 12 ਵਜੇ ਨੈਸ਼ਨਲ ਹਾਈਵੇਅ ਦੇ ਮੁਲਾਜ਼ਮਾਂ ਦੀ ਅਣਗਹਿਲੀ ਕਾਰਨ 'ਪਰਮੇਸ਼ਰ ਦੁਆਰ' ਦੇ ਮੁੱਖ ਪ੍ਰਬੰਧਕ ਅਤੇ ਧਾਰਮਿਕ ਪ੍ਰਚਾਰਕ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਕਾਫ਼ਲੇ ਦੀਆਂ ਗੱਡੀਆਂ ਹਾਦਸਾਗ੍ਰਸਤ ਹੋ ਗਈਆਂ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ-ਬਠਿੰਡਾ ਨੈਸ਼ਨਲ ਹਾਈਵੇਅ ’ਤੇ ਪਿੰਡ ਖੁੱਡੀ ਖੁਰਦ ਨੇੜੇ ਮੰਗਲਵਾਰ ਦੁਪਹਿਰ ਕਰੀਬ 12 ਵਜੇ ਨੈਸ਼ਨਲ ਹਾਈਵੇਅ ਦੇ ਮੁਲਾਜ਼ਮਾਂ ਦੀ ਅਣਗਹਿਲੀ ਕਾਰਨ 'ਪਰਮੇਸ਼ਰ ਦੁਆਰ' ਦੇ ਮੁੱਖ ਪ੍ਰਬੰਧਕ ਅਤੇ ਧਾਰਮਿਕ ਪ੍ਰਚਾਰਕ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਕਾਫ਼ਲੇ ਦੀਆਂ ਗੱਡੀਆਂ ਹਾਦਸਾਗ੍ਰਸਤ ਹੋ ਗਈਆਂ। ਇਸ ਘਟਨਾ ਦੌਰਾਨ ਕਾਫ਼ਲੇ ਵਿੱਚ ਸ਼ਾਮਲ ਗੱਡੀਆਂ ਅਤੇ ਇੱਕ ਟੈਂਪੂ ਟਰੈਵਲਰ ਦਾ ਕਾਫ਼ੀ ਨੁਕਸਾਨ ਹੋਇਆ ਹੈ, ਪਰ ਸੁੱਖਦ ਰਹੀ ਕਿ ਟੈਂਪੂ ਟਰੈਵਲਰ ਦੇ ਚਾਲਕ ਦੀ ਸੂਝ-ਬੂਝ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਹਾਦਸੇ ਦੇ ਸਮੇਂ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਆਪਣੇ ਸਾਥੀਆਂ ਸਮੇਤ ਬਰਨਾਲਾ ਤੋਂ ਬਠਿੰਡਾ ਵੱਲ ਜਾ ਰਹੇ ਸਨ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ, ਹਾਈਵੇਅ ਦੇ ਡਿਵਾਈਡਰ ਦੀ ਸਫ਼ਾਈ ਲਈ ਇੱਕ ਟਰੈਕਟਰ-ਟਰਾਲੀ ਬਿਨਾਂ ਕਿਸੇ ਸੁਰੱਖਿਆ ਨਿਸ਼ਾਨ ਦੇ ਸੜਕ ਕਿਨਾਰੇ ਖੜ੍ਹੀ ਕੀਤੀ ਗਈ ਸੀ। ਜਦੋਂ ਕਾਫ਼ਲਾ ਖੁੱਡੀ ਖੁਰਦ ਨੇੜੇ ਪਹੁੰਚਿਆ ਤਾਂ ਅਚਾਨਕ ਵਾਹਨਾਂ ਦੇ ਆਹਮੋ-ਸਾਹਮਣੇ ਆਉਣ ਨਾਲ ਹਾਦਸਾ ਵਾਪਰ ਗਿਆ। ਪ੍ਰਤੱਖਦਰਸ਼ੀਆਂ ਅਨੁਸਾਰ, ਇਸ ਦੌਰਾਨ ਇੱਕ ਬੱਸ ਵੱਲੋਂ ਅਚਾਨਕ ਕੱਟ ਮਾਰੇ ਜਾਣ ਕਾਰਨ ਵੀ ਵਾਹਨ ਆਪਸ ਵਿੱਚ ਟਕਰਾ ਗਏ।
ਹਾਦਸੇ ਦੀ ਸੂਚਨਾ ਮਿਲਦਿਆਂ ਹੀ ਮੀਡੀਆ ਕਰਮੀ ਮੌਕੇ ’ਤੇ ਪਹੁੰਚੇ। ਕਾਫ਼ਲੇ ਵਿੱਚ ਸ਼ਾਮਲ ਇੱਕ ਗੱਡੀ ਵਿੱਚ ਸਵਾਰ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਬਿਲਕੁਲ ਠੀਕ-ਠਾਕ ਅਤੇ ਸੁਰੱਖਿਅਤ ਹਨ, ਜਿਸ ਤੋਂ ਬਾਅਦ ਉਨ੍ਹਾਂ ਦਾ ਕਾਫ਼ਲਾ ਬਠਿੰਡਾ ਲਈ ਰਵਾਨਾ ਹੋ ਗਿਆ।
ਦੋਵਾਂ ਧਿਰਾਂ ਦੇ ਵੱਖ-ਵੱਖ ਦਾਅਵੇ
ਕਾਫ਼ਲੇ ਵਿੱਚ ਸ਼ਾਮਲ ਜਥੇਦਾਰਾਂ ਨੇ ਦੋਸ਼ ਲਾਇਆ ਕਿ ਹਾਈਵੇਅ ਅਧਿਕਾਰੀਆਂ ਅਤੇ ਠੇਕੇਦਾਰਾਂ ਦੀ ਅਣਗਹਿਲੀ ਕਾਰਨ ਸਫ਼ਾਈ ਵਾਲੀ ਟਰੈਕਟਰ-ਟਰਾਲੀ ਬਿਨਾਂ ਕਿਸੇ ਚਿਤਾਵਨੀ ਬੋਰਡ ਜਾਂ ਰੋਡ ਸੇਫਟੀ ਦੇ ਨਿਯਮਾਂ ਦੇ ਖੜ੍ਹੀ ਕੀਤੀ ਗਈ ਸੀ, ਜਿਸ ਨਾਲ ਹਾਦਸਾ ਵਾਪਰਿਆ। ਦੂਜੇ ਪਾਸੇ, ਟਰੈਕਟਰ ਚਾਲਕ ਰੇਸ਼ਮ ਸਿੰਘ ਨੇ ਦਾਅਵਾ ਕੀਤਾ ਕਿ ਪਿੱਛੋਂ ਆ ਰਹੀ ਇੱਕ ਬੱਸ ਵੱਲੋਂ ਅਚਾਨਕ ਕੱਟ ਮਾਰੇ ਜਾਣ ਕਾਰਨ ਗੱਡੀਆਂ ਆਪਸ ਵਿੱਚ ਟਕਰਾ ਗਈਆਂ।
ਸਥਾਨਕ ਲੋਕਾਂ ਤੇ ਸਮਾਜ ਸੇਵੀਆਂ 'ਚ ਰੋਸ
ਹਾਦਸੇ ਤੋਂ ਬਾਅਦ ਮੌਕੇ ’ਤੇ ਲੋਕਾਂ ਦਾ ਭਾਰੀ ਇਕੱਠ ਹੋ ਗਿਆ। ਪਿੰਡ ਖੁੱਡੀ ਖੁਰਦ ਦੀ ਪੰਚਾਇਤ, ਯੂਥ ਕਲੱਬ ਅਤੇ ਸਮਾਜ ਸੇਵੀਆਂ ਨੇ ਹਾਈਵੇਅ ਪ੍ਰਸ਼ਾਸਨ ਖ਼ਿਲਾਫ਼ ਸਖ਼ਤ ਰੋਸ ਪ੍ਰਗਟਾਇਆ। ਉਨ੍ਹਾਂ ਚਿਤਾਵਨੀ ਦਿੱਤੀ ਕਿ ਟੋਲ ਵਸੂਲਣ ਦੇ ਬਾਵਜੂਦ ਨੈਸ਼ਨਲ ਹਾਈਵੇਅ 'ਤੇ ਯਾਤਰੀਆਂ ਨੂੰ ਸੁਰੱਖਿਆ ਨਹੀਂ ਦਿੱਤੀ ਜਾ ਰਹੀ। ਜੇਕਰ ਅਜਿਹੀਆਂ ਅਣਗਹਿਲੀਆਂ ਨੂੰ ਜਲਦ ਨਾ ਰੋਕਿਆ ਗਿਆ, ਤਾਂ ਉਹ ਕਿਸਾਨ ਯੂਨੀਅਨ ਦੇ ਸਹਿਯੋਗ ਨਾਲ ਨੈਸ਼ਨਲ ਹਾਈਵੇਅ ਜਾਮ ਕਰਕੇ ਵੱਡੇ ਅਧਿਕਾਰੀਆਂ ਅਤੇ ਠੇਕੇਦਾਰਾਂ ਵਿਰੁੱਧ ਮੋਰਚਾ ਖੋਲ੍ਹਣਗੇ। ਹਾਦਸੇ ਦੌਰਾਨ ਸੜਕ ਸੁਰੱਖਿਆ ਫੋਰਸ ਦੇ ਮੌਕੇ 'ਤੇ ਨਾ ਪਹੁੰਚਣ 'ਤੇ ਵੀ ਸਵਾਲ ਖੜ੍ਹੇ ਕੀਤੇ ਗਏ ਹਨ।