- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
‘ਹੈਲਪਿੰਗ ਹੈਂਡ ਐੱਨਜੀਓ ਅਤੇ ਚੈਰੀਟੇਬਲ ਸੁਸਾਇਟੀ (ਰਜਿ:) ਬਰਨਾਲਾ’ ਵੱਲੋਂ ਹਸਪਤਾਲ ਦੀ ਐਮਰਜੈਂਸੀ ਦੇ ਨੇੜੇ ਮੁਫ਼ਤ ਡਾਇਲੈਸਿਸ ਸੈਂਟਰ ਅਤੇ ਮਰੀਜ਼ਾਂ ਦੇ ਲੰਗਰ-ਪਾਣੀ ਵਾਸਤੇ ‘ਅੰਨਪੂਰਨਾ ਹਾਲ’ ਦਾ ਭੂਮੀ ਪੂਜਨ ਕਰਕੇ ਨੀਂਹ ਪੱਥਰ ਰੱਖਿਆ ਗਿਆ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਸਿਹਤ ਸਹੂਲਤਾਂ ਦੀ ਘਾਟ ਨਾਲ ਜੂਝ ਰਹੇ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਹੁਣ ਗਰੀਬ-ਗੁਰਬੇ ਤੇ ਲੋੜਵੰਦ ਮਰੀਜ਼ਾਂ ਦੀ ਸਾਰ ਲੈਣ ਲਈ ਇਲਾਕੇ ਦੇ ਦਾਨੀ ਸੱਜਣਾਂ ਤੇ ਸੰਤ ਮਹਾਂਪੁਰਸ਼ਾਂ ਨੇ ਵੱਡਾ ਬੀੜਾ ਚੁੱਕਿਆ ਹੈ। ਐਤਵਾਰ ਸਵੇਰੇ ‘ਹੈਲਪਿੰਗ ਹੈਂਡ ਐੱਨਜੀਓ ਅਤੇ ਚੈਰੀਟੇਬਲ ਸੁਸਾਇਟੀ (ਰਜਿ:) ਬਰਨਾਲਾ’ ਵੱਲੋਂ ਹਸਪਤਾਲ ਦੀ ਐਮਰਜੈਂਸੀ ਦੇ ਨੇੜੇ ਮੁਫ਼ਤ ਡਾਇਲੈਸਿਸ ਸੈਂਟਰ ਅਤੇ ਮਰੀਜ਼ਾਂ ਦੇ ਲੰਗਰ-ਪਾਣੀ ਵਾਸਤੇ ‘ਅੰਨਪੂਰਨਾ ਹਾਲ’ ਦਾ ਭੂਮੀ ਪੂਜਨ ਕਰਕੇ ਨੀਂਹ ਪੱਥਰ ਰੱਖਿਆ ਗਿਆ। ਇਸ ਨੇਕ ਉਪਰਾਲੇ ਦੀ ਪੂਰੇ ਬਰਨਾਲਾ ਸ਼ਹਿਰ ਤੇ ਆਸ-ਪਾਸ ਦੇ ਪਿੰਡਾਂ 'ਚ ਖੂਬ ਵਾਹ-ਵਾਹ ਹੋ ਰਹੀ ਹੈ।
ਇਸ ਮੌਕੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਅਤੇ ਸਾਬਕਾ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਉਚੇਚੇ ਤੌਰ ’ਤੇ ਹਾਜ਼ਰੀ ਭਰੀ। ਉਨ੍ਹਾਂ ਸਮਾਜ ਸੇਵੀਆਂ ਤੇ ਸੰਤ ਮਹਾਂਪੁਰਸ਼ਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਆਖਿਆ ਕਿ ਦੀਨ-ਦੁਖੀਆਂ ਦੀ ਸੇਵਾ ਤੋਂ ਵੱਡਾ ਕੋਈ ਧਰਮ ਨਹੀਂ ਹੈ ਤੇ ਇਸ ਸੈਂਟਰ ਦੇ ਬਣਨ ਨਾਲ ਇਲਾਕੇ ਦੇ ਮਰੀਜ਼ਾਂ ਨੂੰ ਵੱਡੀ ਰਾਹਤ ਮਿਲੇਗੀ।
ਸੰਤ ਮਹਾਂਪੁਰਸ਼ਾਂ ਦੇ ਕਰ-ਕਮਲਾਂ ਨਾਲ ਹੋਈ ਸ਼ੁਰੂਆਤ
ਇਹ ਸਾਰਾ ਕਾਰਜ ਸਵਾਮੀ ਅੰਮ੍ਰਿਤਾਨੰਦ ਜੀ ਮਹਾਰਾਜ, ਸਵਾਮੀ ਰਾਮਤੀਰਥ ਜੀ ਮਹਾਰਾਜ ਤੇ ਬਾਬਾ ਗਾਂਧਾ ਸਿੰਘ ਗਰੁੱਪ ਆਫ ਐਜੂਕੇਸ਼ਨ ਟਰੱਸਟ ਦੇ ਚੇਅਰਮੈਨ ਮਹੰਤ ਰਣਪ੍ਰੀਤ ਸਿੰਘ ਰਾਏ ਗੰਡੇਵਾਲ ਦੀ ਰਹਿਨੁਮਾਈ ਹੇਠ ਨੇਪਰੇ ਚੜ੍ਹਿਆ। ਪੰਡਿਤ ਰਾਕੇਸ਼ ਕੁਮਾਰ ਗੌੜ ਤੇ ਪੰਡਿਤ ਲਵਿਸ਼ ਕੁਮਾਰ ਗੌੜ ਵੱਲੋਂ ਪੂਰੇ ਵਿਧੀ-ਵਿਧਾਨ ਨਾਲ ਭੂਮੀ ਪੂਜਨ ਕਰਵਾਉਣ ਉਪਰੰਤ ਸੰਤ ਮਹਾਂਪੁਰਸ਼ਾਂ ਵੱਲੋਂ ਨੀਂਹ ਪੱਥਰ ਰੱਖਿਆ ਗਿਆ।
ਮਰੀਜ਼ਾਂ ਤੇ ਵਾਰਸਾਂ ਲਈ ਹੋਵੇਗਾ ਮੁਫ਼ਤ ਇਲਾਜ ਤੇ ਰੋਟੀ-ਪਾਣੀ ਦਾ ਪ੍ਰਬੰਧ
ਸਮਾਜ ਸੇਵੀ ਦੀਪਕ ਬਾਂਸਲ ਸੋਨੀ ਐੱਮ.ਡੀ. ਆਸਥਾ ਕਲੋਨੀ ਤੇ ਮਦਰ ਟੀਚਰ ਗਰੁੱਪ ਦੇ ਚੇਅਰਮੈਨ ਕਪਿਲ ਮਿੱਤਲ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਇਹ ਉਪਰਾਲਾ ਵਿੱਢਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਅਤਿ-ਆਧੁਨਿਕ ਸੈਂਟਰ 'ਚ ਹਰ ਲੋੜਵੰਦ ਮਰੀਜ਼ ਦਾ ਡਾਇਲੈਸਿਸ ਬਿਲਕੁਲ ਮੁਫ਼ਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਹਸਪਤਾਲ 'ਚ ਦਾਖਲ ਮਰੀਜ਼ਾਂ ਤੇ ਉਨ੍ਹਾਂ ਦੇ ਨਾਲ ਆਏ ਵਾਰਸਾਂ ਲਈ ਹਰ ਰੋਜ਼ ‘ਅੰਨਪੂਰਨਾ ਹਾਲ’ 'ਚ ਤਾਜ਼ਾ ਲੰਗਰ ਤਿਆਰ ਕਰਕੇ ਵਰਤਾਇਆ ਜਾਵੇਗਾ। ਦੱਸਣਯੋਗ ਹੈ ਕਿ ਇਹ ਸੰਸਥਾ ਪਹਿਲਾਂ ਵੀ ਆਪਣੀ ਚੱਲਦੀ-ਫਿਰਦੀ ਰਸੋਈ ਵਾਲੀ ਗੱਡੀ ਰਾਹੀਂ ਲੰਮੇ ਸਮੇਂ ਤੋਂ ਲੋੜਵੰਦਾਂ ਦਾ ਪੇਟ ਭਰਨ ਦੀ ਸੇਵਾ ਨਿਭਾਅ ਰਹੀ ਹੈ।
ਇਲਾਕੇ ਦੀਆਂ ਪੁੱਜੀਆਂ ਪ੍ਰਮੁੱਖ ਸ਼ਖ਼ਸੀਅਤਾਂ
ਇਸ ਪਵਿੱਤਰ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਮ ਤੀਰਥ ਮੰਨਾ, ਨਗਰ ਨਿਗਮ ਬਰਨਾਲਾ ਦੇ ਮੇਅਰ ਹਸਨਪ੍ਰੀਤ ਭਾਰਦਵਾਜ, ਵਾਈ.ਐੱਸ. ਗਰੁੱਪ ਦੇ ਐੱਮ.ਡੀ. ਵਰੁਣ ਭਾਰਤੀ, ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਬਰੋਡਵੇ ਸਕੂਲ ਮਨਾਲ ਦੇ ਚੇਅਰਮੈਨ ਰਣਜੀਤ ਸਿੰਘ ਚੀਮਾ, ਸੁਰਿੰਦਰ ਕੁਮਾਰ ਮਿੱਤਲ, ਮਾਰਕੀਟ ਕਮੇਟੀ ਭਦੌੜ ਦੇ ਸਾਬਕਾ ਵਾਈਸ ਚੇਅਰਮੈਨ ਅਰੁਣ ਕੁਮਾਰ ਭਦੌੜ, ਰਾਜੇਸ਼ ਕਾਂਸਲ, ਲੋਕੇਸ਼ ਕੁਮਾਰ, ਸ਼ਸ਼ੀ ਚੋਪੜਾ, ਨਗਰ ਕੌਂਸਲ ਭਧੌੜ ਦੇ ਸਾਬਕਾ ਪ੍ਰਧਾਨ ਮਨੀਸ਼ ਕੁਮਾਰ ਗਰਗ, ਵਿਜੇ ਕੁਮਾਰ ਭਦੌੜ, ਮਾਸਟਰ ਕਾਂਤੀ ਸਰੂਪ, ਤ੍ਰਿਲੋਕੀ ਨਾਥ, ਸਤਪਾਲ ਗਰਗ, ਰਵਿੰਦਰ ਮਿੱਠੂ, ਹੇਮੰਤ ਬਾਂਸਲ ਲੱਡੂ, ਕ੍ਰਿਸ਼ਨ ਬਾਂਸਲ, ਸੋਮਨਾਥ ਸਹੌਰੀਆ, ਹਿਮਾਂਸ਼ੂ ਬਾਂਸਲ, ਸ਼ਵਿੰਦਰ ਬਾਂਸਲ, ਕਮਲ ਸ਼ਰਮਾ, ਵਿਨੋਦ ਸ਼ਰਮਾ, ਰਾਕੇਸ਼ ਬਾਂਸਲ, ਸੰਜੀਵ ਕੁਮਾਰ, ਸੀਤਾ ਰਾਮ, ਦੀਵਾਨ ਚੰਦ ਸਿਵਿਲ ਹਸਪਤਾਲ ਦੇ ਐਸਐਮਓ ਡਾਕਟਰ ਇੰਦੂ ਬਾਂਸਲ ਤੇ ਉਨਾਂ ਦਾ ਸਮੁੱਚਾ ਸਟਾਫ ਨੇ ਸ਼ਮੂਲੀਅਤ ਕਰਕੇ ਪੂਜਾ-ਅਰਚਨਾ ਕੀਤੀ।