
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਡਿਪਟੀ ਕਮਿਸ਼ਨਰ ਬਰਨਾਲਾ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਮਾਮਲੇ 'ਚ ਸਿੱਖਿਆ ਵਿਭਾਗ ਨੇ ਸਖ਼ਤ ਕਾਰਵਾਈ ਕਰਦਿਆਂ ‘ਬਬਲਜ਼ ਮੋਂਟੈਸਰੀ ਪ੍ਰੀ-ਸਕੂਲ’ ਨੂੰ ਨੋਟਿਸ ਜਾਰੀ ਕੀਤਾ ਹੈ।

ਰੇਸ਼ਮ ਦੂਆ, ਪੰਜਾਬੀ ਜਾਗਰਣ, ਬਰਨਾਲਾ : ਡਿਪਟੀ ਕਮਿਸ਼ਨਰ ਬਰਨਾਲਾ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਮਾਮਲੇ 'ਚ ਸਿੱਖਿਆ ਵਿਭਾਗ ਨੇ ਸਖ਼ਤ ਕਾਰਵਾਈ ਕਰਦਿਆਂ ‘ਬਬਲਜ਼ ਮੋਂਟੈਸਰੀ ਪ੍ਰੀ-ਸਕੂਲ’ ਨੂੰ ਨੋਟਿਸ ਜਾਰੀ ਕੀਤਾ ਹੈ।
ਅਮਰ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮੌਕੇ ਡਿਪਟੀ ਕਮਿਸ਼ਨਰ ਵੱਲੋਂ 20 ਅਗਸਤ ਨੂੰ ਜ਼ਿਲ੍ਹੇ ਦੇ ਸਮੂਹ ਸਰਕਾਰੀ ਤੇ ਗੈਰ-ਸਰਕਾਰੀ ਵਿੱਦਿਅਕ ਅਦਾਰਿਆਂ 'ਚ ਸਥਾਨਕ ਛੁੱਟੀ ਦਾ ਐਲਾਨ ਕੀਤਾ ਗਿਆ ਸੀ। ਇਸ ਦੇ ਬਾਵਜੂਦ ਉਕਤ ਪ੍ਰੀ-ਸਕੂਲ ਵੱਲੋਂ ਹੁਕਮਾਂ ਦੀ ਉਲੰਘਣਾ ਕਰਦਿਆਂ ਸਕੂਲ ਖੋਲ੍ਹਿਆ ਗਿਆ ਤੇ ਅਧਿਆਪਕਾਂ ਸਮੇਤ ਪੂਰੇ ਸਟਾਫ਼ ਨੂੰ ਡਿਊਟੀ 'ਤੇ ਬੁਲਾਇਆ ਗਿਆ। 'ਪੰਜਾਬੀ ਜਾਗਰਣ' ਵੱਲੋਂ ਇਸ ਮਾਮਲੇ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤੇ ਜਾਣ ਤੋਂ ਬਾਅਦ ਸਿੱਖਿਆ ਵਿਭਾਗ ਨੇ ਖ਼ਬਰ ਦਾ ਸੂਓ ਮੋਟੋ ਨੋਟਿਸ ਲੈਂਦਿਆਂ ਕਾਰਵਾਈ ਅਮਲ 'ਚ ਲਿਆਂਦੀ ਹੈ।
ਦੋ ਦਿਨਾਂ 'ਚ ਨਿੱਜੀ ਤੌਰ 'ਤੇ ਸਪੱਸ਼ਟੀਕਰਨ ਦੇਣ ਦੇ ਨਿਰਦੇਸ਼
ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ) ਇੰਦੂ ਸਿੰਮਕ ਵੱਲੋਂ ਜਾਰੀ ਲਿਖਤੀ ਪੱਤਰ ਅਨੁਸਾਰ ਸਕੂਲ ਪ੍ਰਬੰਧਕਾਂ ਨੂੰ ਹੁਕਮ ਦਿੱਤੇ ਗਏ ਹਨ ਕਿ ਉਹ ਨੋਟਿਸ ਮਿਲਣ ਦੇ ਦੋ ਦਿਨਾਂ ਦੇ ਅੰਦਰ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਦਫ਼ਤਰ 'ਚ ਨਿੱਜੀ ਤੌਰ 'ਤੇ ਪੇਸ਼ ਹੋ ਕੇ ਆਪਣਾ ਸਪੱਸ਼ਟੀਕਰਨ ਦਰਜ਼ ਕਰਵਾਉਣ। ਛੁੱਟੀ ਵਾਲੇ ਦਿਨ ਸਕੂਲ ਖੋਲ੍ਹਣ ਤੇ ਸਟਾਫ਼ ਨੂੰ ਬੁਲਾਉਣ ਦੇ ਕਾਰਨਾਂ ਦਾ ਵਿਸਥਾਰਪੂਰਵਕ ਜਵਾਬ ਮੰਗਿਆ ਗਿਆ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸੋਮਵਾਰ ਨੂੰ ਵਿਭਾਗੀ ਜਾਂਚ ਕੀਤੀ ਜਾਵੇਗੀ।
ਕਿਹੜਾ ਵਕੀਲ ਕਹਿੰਦੈ, ਪ੍ਰੀ-ਸਕੂਲ ਸਿੱਖਿਆ ਵਿਭਾਗ ਅਧੀਨ ਨਹੀਂ ਆਉਂਦਾ?
ਪ੍ਰੀ-ਸਕੂਲ ਪ੍ਰਬੰਧਕਾਂ ਦੀ ਜਵਾਬਦੇਹੀ 'ਤੇ ਸਖ਼ਤ ਰੁੱਖ ਅਪਣਾਉਂਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਸਪੱਸ਼ਟ ਕੀਤਾ ਕਿ ਜ਼ਿਲ੍ਹੇ ਦਾ ਕੋਈ ਵੀ ਵਿੱਦਿਅਕ ਅਦਾਰਾ ਡਿਪਟੀ ਕਮਿਸ਼ਨਰ ਤੇ ਸਿੱਖਿਆ ਵਿਭਾਗ ਦੇ ਹੁਕਮਾਂ ਤੋਂ ਉੱਪਰ ਨਹੀਂ ਹੈ। ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਅਦਾਰੇ ਵਿਰੁੱਧ ਨਿਯਮਾਂ ਅਨੁਸਾਰ ਬਣਦੀ ਸਖ਼ਤ ਕਾਨੂੰਨੀ ਤੇ ਵਿਭਾਗੀ ਕਾਰਵਾਈ ਕੀਤੀ ਜਾਵੇਗੀ।
ਵਕੀਲਾਂ ਨਾਲ ਪੁੱਜੇ ਸਕੂਲ ਪ੍ਰਬੰਧਕ ਬਰੰਗ ਪਰਤੇ
ਸਿੱਖਿਆ ਵਿਭਾਗ ਦੇ ਮੁਲਾਜ਼ਮ ਵੱਲੋਂ ਜਦ ਸਕੂਲ ਪ੍ਰਬੰਧਕਾਂ ਨਾਲ ਰਾਬਤਾ ਕੀਤਾ ਗਿਆ ਕਿ ਉਹਨਾਂ ਦੀ ਈਮੇਲ ਆਈਡੀ ਚਾਲੂ ਨਹੀਂ ਹੈ। ਉਹਨਾਂ ਨੂੰ ਈਮੇਲ ਆਈਡੀ ਭੇਜੋ ਤਾਂ ਕਿ ਉਹਨਾਂ ਨੂੰ ਨੋਟਿਸ ਈਮੇਲ ਰਾਹੀਂ ਭੇਜਿਆ ਜਾਵੇ ਤਾਂ ਸਕੂਲ ਦੇ ਪ੍ਰਬੰਧਕਾਂ ਵੱਲੋਂ ਵਕੀਲ ਦੁਆਰਾ ਸਿੱਖਿਆ ਵਿਭਾਗ ਦੇ ਮੁਲਾਜ਼ਮ ਨਾਲ ਕੀਤੇ ਰਾਬਤੇ ਤੇ ਮੋਬਾਇਲ ਵੱਟਸਅੱਪ ਰਾਹੀਂ ਮੰਗਾਏ ਗਏ ਨੋਟਿਸ ਉਪਰੰਤ ਵਕੀਲਾਂ ਦੀ ਹਾਜ਼ਰੀ 'ਚ ਜਿਉਂ ਹੀ ਸਿੱਖਿਆ ਵਿਭਾਗ ਦੇ ਦਫ਼ਤਰ ਸਕੂਲ ਪ੍ਰਬੰਧਕ ਪੁੱਜੇ ਤਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਉਨ੍ਹਾਂ ਨੂੰ ਇਹ ਕਹਿ ਕੇ ਬਰੰਗ ਮੋੜ ਦਿੱਤਾ ਕਿ ਅੱਜ ਤੁਹਾਨੂੰ ਵਿਭਾਗ ਵੱਲੋਂ ਨੋਟਿਸ ਦੀ ਕਾਪੀ ਸਿੱਖਿਆ ਵਿਭਾਗ ਦੇ ਮੁਲਾਜ਼ਮ ਵੱਲੋਂ ਤੁਹਾਡੇ ਦਿੱਤੇ ਪਤੇ ’ਤੇ ਤੁਹਾਨੂੰ ਰਿਸੀਵ ਹੋਵੇਗੀ ਉਸ ਤੋਂ ਬਾਅਦ ਤੁਸੀਂ ਆਪਣਾ ਪੱਖ ਰੱਖਣ ਆਉਣਾ।