- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਸਰਕਾਰ ਨੇ ਪ੍ਰਸ਼ਾਸਨ ਵਿੱਚ ਵੱਡਾ ਫੇਰਬਦਲ ਕਰਦਿਆਂ 2015 ਬੈਚ ਦੇ ਆਈ.ਏ.ਐੱਸ. ਅਧਿਕਾਰੀ ਅਭਿਜੀਤ ਕਪਲਿਸ਼ ਨੂੰ ਬਰਨਾਲਾ ਦਾ ਨਵਾਂ ਡਿਪਟੀ ਕਮਿਸ਼ਨਰ ਲਾਇਆ ਹੈ। ਇਸ ਦੇ ਨਾਲ ਹੀ ਉਹਨਾਂ ਨੂੰ ਬਰਨਾਲਾ ਨਗਰ ਨਿਗਮ ਦੇ ਕਮਿਸ਼ਨਰ ਦਾ ਵਾਧੂ ਜ਼ਿੰਮਾ ਵੀ ਸੌਂਪਿਆ ਗਿਆ ਹੈ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਪੰਜਾਬ ਸਰਕਾਰ ਨੇ ਪ੍ਰਸ਼ਾਸਨ ਵਿੱਚ ਵੱਡਾ ਫੇਰਬਦਲ ਕਰਦਿਆਂ 2015 ਬੈਚ ਦੇ ਆਈ.ਏ.ਐੱਸ. ਅਧਿਕਾਰੀ ਅਭਿਜੀਤ ਕਪਲਿਸ਼ ਨੂੰ ਬਰਨਾਲਾ ਦਾ ਨਵਾਂ ਡਿਪਟੀ ਕਮਿਸ਼ਨਰ ਲਾਇਆ ਹੈ। ਇਸ ਦੇ ਨਾਲ ਹੀ ਉਹਨਾਂ ਨੂੰ ਬਰਨਾਲਾ ਨਗਰ ਨਿਗਮ ਦੇ ਕਮਿਸ਼ਨਰ ਦਾ ਵਾਧੂ ਜ਼ਿੰਮਾ ਵੀ ਸੌਂਪਿਆ ਗਿਆ ਹੈ।
ਬੁੱਧਵਾਰ ਦੀ ਦੇਰ ਸ਼ਾਮ ਬਰਨਾਲਾ ਪਹੁੰਚਣ 'ਤੇ ਏਡੀਸੀ ਵਿਵੇਕ ਮੋਦੀ, ਜ਼ਿਲ੍ਹਾ ਪੁਲਿਸ ਮੁਖੀ ਆਈਪੀਐੱਸ ਅਧਿਕਾਰੀ ਮੁਹੰਮਦ ਸਰਫ਼ਰਾਜ਼ ਆਲਮ ਅਤੇ ਹੋਰ ਉੱਚ ਅਧਿਕਾਰੀਆਂ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ। ਇਸ ਤੋਂ ਬਾਅਦ ਉਹਨਾਂ ਨੇ ਆਪਣੇ ਅਮਲੇ-ਫੈਲੇ ਦੀ ਹਾਜ਼ਰੀ ਵਿੱਚ ਰਾਤ ਵੇਲੇ ਹੀ ਡਿਪਟੀ ਕਮਿਸ਼ਨਰ ਵਜੋਂ ਆਪਣੀ ਕੁਰਸੀ ਸਾਂਭ ਲਈ।
ਤਜਰਬੇਕਾਰ ਅਧਿਕਾਰੀ ਹਨ ਕਪਲਿਸ਼
'ਪੰਜਾਬੀ ਜਾਗਰਣ' ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਬਰਨਾਲਾ ਦੇ ਨਵ ਨਿਯੁਕਤ ਡੀਸੀ ਅਭਿਜੀਤ ਕਪਲਿਸ਼ ਨੇ ਆਪਣਾ ਤਜਰਬਾ ਸਾਂਝਾ ਕਰਦਿਆਂ ਦੱਸਿਆ ਕਿ ਉਹ ਪਹਿਲਾਂ'ਪੰਜਾਬ ਊਰਜਾ ਵਿਕਾਸ ਏਜੰਸੀ' (ਪੇਡਾ) ਦੇ ਮੁੱਖ ਕਾਰਜਕਾਰੀ ਡਾਇਰੈਕਟਰ ਸਨ ਅਤੇ ਨਾਲ ਹੀ ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ ਦੇ ਡਾਇਰੈਕਟਰ ਦਾ ਵਾਧੂ ਚਾਰਜ ਵੀ ਦੇਖ ਰਹੇ ਸਨ। ਉਹ ਇਸ ਤੋਂ ਪਹਿਲਾਂ ਸ੍ਰੀ ਮੁਕਤਸਰ ਸਾਹਿਬ ਦੇ ਡੀਸੀ ਵੀ ਰਹਿ ਚੁੱਕੇ ਹਨ। ਉਹਨਾਂ ਨੇ ਖਣਨ ਤੇ ਭੂ-ਵਿਗਿਆਨ ਵਿਭਾਗ ਦੇ ਡਾਇਰੈਕਟਰ, ਪੰਜਾਬ ਵਿਕਾਸ ਕਮਿਸ਼ਨ ਦੇ ਵਧੀਕ ਸਕੱਤਰ, ਫਾਜ਼ਿਲਕਾ ਤੇ ਪਠਾਨਕੋਟ ਦੇ ਏਡੀਸੀ, ਅਬੋਹਰ ਨਗਰ ਨਿਗਮ ਦੇ ਕਮਿਸ਼ਨਰ, ਬਠਿੰਡਾ ਵਿੱਚ ਅਸਿਸਟੈਂਟ ਕਮਿਸ਼ਨਰ (ਅੰਡਰ ਟ੍ਰੇਨਿੰਗ) ਅਤੇ ਮਾਨਸਾ, ਬੁਢਲਾਡਾ ਤੇ ਸਰਦੂਲਗੜ੍ਹ ਵਿੱਚ ਐੱਸਡੀਐੱਮ ਵਜੋਂ ਵੀ ਵਧੀਆ ਸੇਵਾਵਾਂ ਨਿਭਾਈਆਂ ਹਨ। ਗੌਰ ਹੋਵੇ ਕਿ ਜਦੋਂ ਅਬੋਹਰ ਨਗਰ ਨਿਗਮ ਦੇ ਹਾਲਾਤ ਬਹੁਤ ਮਾੜੇ ਸਨ, ਉਦੋਂ ਉਹਨਾਂ ਨੇ ਕਮਿਸ਼ਨਰ ਵਜੋਂ ਉੱਥੇ ਕਮਾਲ ਦਾ ਕੰਮ ਕਰਕੇ ਦਿਖਾਇਆ ਸੀ।
ਬਰਨਾਲੇ ਦੇ ਵਿਕਾਸ ਕਾਰਜ ਨੇਪਰੇ ਚਾੜ੍ਹਨਾ ਹੋਵੇਗੀ ਵੱਡੀ ਚੁਣੌਤੀ
ਬਰਨਾਲਾ ਦੇ ਲੋਕਾਂ ਨੂੰ ਇੱਕ ਸੂਝਵਾਨ ਤੇ ਕਾਬਲ ਅਧਿਕਾਰੀ ਮਿਲਣ ਨਾਲ ਵੱਡੀਆਂ ਉਮੀਦਾਂ ਬੱਝ ਗਈਆਂ ਹਨ। ਨਗਰ ਕੌਂਸਲ ਤੋਂ ਨਗਰ ਨਿਗਮ ਬਣੇ ਬਰਨਾਲਾ ਸ਼ਹਿਰ ਵਿੱਚ ਵਿਕਾਸ ਦੇ ਕਈ ਵੱਡੇ ਕੰਮ ਅਜੇ ਵੀ ਅਧੂਰੇ ਲਟਕ ਰਹੇ ਹਨ। ਇਹਨਾਂ ਅਟਕੇ ਹੋਏ ਕੰਮਾਂ ਨੂੰ ਸਿਰੇ ਚਾੜ੍ਹਨਾ ਅਤੇ ਸ਼ਹਿਰ ਦੀ ਨੁਹਾਰ ਬਦਲਣਾ ਨਵੇਂ ਡੀਸੀ ਸਾਹਿਬ ਲਈ ਇੱਕ ਵੱਡੀ ਚੁਣੌਤੀ ਹੋਵੇਗਾ। ਉਹ ਖੇਡ ਵਿਭਾਗ ਦੇ ਜਿੱਥੇ ਡਾਇਰੈਕਟਰ ਰਹੇ ਹਨ ਉਥੇ ਹੀ ਬਰਨਾਲਾ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਬਣ ਰਹੇ ਸਟੇਡੀਅਮ ਦੇ ਉਦਘਾਟਨ ਦੀ ਵੀ ਸ਼ਹਿਰ ਵਾਸੀਆਂ ਨੂੰ ਹੁਣ ਇੱਕ ਨਵੀਂ ਆਸ ਵੱਜੀ ਹੈ।