- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਲਾਕ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਗੁਰਮ ਦੇ ਮਨਰੇਗਾ ਮਜ਼ਦੂਰਾਂ ਨੂੰ ਪਿਛਲੇ ਕਰੀਬ ਛੇ ਮਹੀਨਿਆਂ ਤੋਂ ਕੰਮ ਨਾ ਮਿਲਣ ਕਾਰਨ ਉਨ੍ਹਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਰੋਜ਼ਗਾਰ ਤੋਂ ਵਾਂਝੇ ਮਜ਼ਦੂਰਾਂ ਨੇ ਹੁਣ ਆਪਣੇ ਕਾਨੂੰਨੀ ਹੱਕ ਦੀ ਪ੍ਰਾਪਤੀ ਲਈ ਜਥੇਬੰਦਕ ਸੰਘਰਸ਼ ਦਾ ਐਲਾਨ ਕਰ ਦਿੱਤਾ ਹੈ। ਮਨਰੇਗਾ ਮਜ਼ਦੂਰਾਂ ਵੱਲੋਂ ਇਸ ਸਬੰਧੀ ਨੰਗਲ ਰੋਡ ਸਥਿਤ ਧਰਮਸ਼ਾਲਾ ਵਿਖੇ ਮੀਟਿੰਗ ਕੀਤੀ ਗਈ।

ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ : ਬਲਾਕ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਗੁਰਮ ਦੇ ਮਨਰੇਗਾ ਮਜ਼ਦੂਰਾਂ ਨੂੰ ਪਿਛਲੇ ਕਰੀਬ ਛੇ ਮਹੀਨਿਆਂ ਤੋਂ ਕੰਮ ਨਾ ਮਿਲਣ ਕਾਰਨ ਉਨ੍ਹਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਰੋਜ਼ਗਾਰ ਤੋਂ ਵਾਂਝੇ ਮਜ਼ਦੂਰਾਂ ਨੇ ਹੁਣ ਆਪਣੇ ਕਾਨੂੰਨੀ ਹੱਕ ਦੀ ਪ੍ਰਾਪਤੀ ਲਈ ਜਥੇਬੰਦਕ ਸੰਘਰਸ਼ ਦਾ ਐਲਾਨ ਕਰ ਦਿੱਤਾ ਹੈ। ਮਨਰੇਗਾ ਮਜ਼ਦੂਰਾਂ ਵੱਲੋਂ ਇਸ ਸਬੰਧੀ ਨੰਗਲ ਰੋਡ ਸਥਿਤ ਧਰਮਸ਼ਾਲਾ ਵਿਖੇ ਮੀਟਿੰਗ ਕੀਤੀ ਗਈ।
ਮੀਟਿੰਗ ਦੀ ਪ੍ਰਧਾਨਗੀ ਸਾਥੀ ਬਲਵੀਰ ਸਿੰਘ ਅਤੇ ਮਜ਼ਦੂਰ ਆਗੂ ਮਨਜੀਤ ਕੌਰ ਨੇ ਕੀਤੀ। ਮੀਟਿੰਗ ਤੋਂ ਬਾਅਦ ਮਜ਼ਦੂਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਮਨਰੇਗਾ ਐਕਟ ਅਨੁਸਾਰ ਤੁਰੰਤ ਕੰਮ ਮੁਹੱਈਆ ਕਰਵਾਉਣ ਦੀ ਮੰਗ ਕੀਤੀ। ਇਸ ਮੌਕੇ ਮਨਰੇਗਾ ਮਜ਼ਦੂਰ ਯੂਨੀਅਨ ਪੰਜਾਬ (ਸੀਟੂ) ਦੇ ਸੂਬਾ ਪ੍ਰਧਾਨ ਕਾਮਰੇਡ ਸ਼ੇਰ ਸਿੰਘ ਫਰਵਾਹੀ ਨੇ ਕਿਹਾ ਕਿ ਮਨਰੇਗਾ ਮਹਿਜ਼ ਸਰਕਾਰੀ ਯੋਜਨਾ ਨਹੀਂ, ਸਗੋਂ ਪੇਂਡੂ ਮਜ਼ਦੂਰਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਦੀ ਕਾਨੂੰਨੀ ਗਾਰੰਟੀ ਹੈ।
ਜੌਬ ਕਾਰਡ ਧਾਰਕ ਵੱਲੋਂ ਕੰਮ ਦੀ ਮੰਗ ਕਰਨ ’ਤੇ ਉਸ ਨੂੰ ਕਾਨੂੰਨ ਅਨੁਸਾਰ ਕੰਮ ਦੇਣਾ ਸਰਕਾਰ ਤੇ ਸਬੰਧਤ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਮੀਟਿੰਗ ਦੌਰਾਨ 73 ਜੌਬ ਕਾਰਡ ਧਾਰਕ ਮਜ਼ਦੂਰਾਂ ਦੇ ਦਸਤਖ਼ਤ ਤੇ ਅੰਗੂਠੇ ਲਗਵਾ ਕੇ ਸਮੂਹਿਕ ਅਰਜ਼ੀ ਤਿਆਰ ਕਰਨ ਦਾ ਫੈਸਲਾ ਕੀਤਾ ਗਿਆ। ਇਹ ਅਰਜ਼ੀ ਸਰਪੰਚ, ਬਲਾਕ ਅਧਿਕਾਰੀ ਜਾਂ ਏਪੀਓ ਨੂੰ ਸੌਂਪੀ ਜਾਵੇਗੀ ਤੇ 18 ਸਤੰਬਰ ਤੱਕ ਮਨਰੇਗਾ ਤਹਿਤ ਕੰਮ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਜਾਵੇਗੀ।
ਇਸ ਤੋਂ ਇਲਾਵਾ ਮਜ਼ਦੂਰਾਂ ਦੇ ਹੱਕਾਂ ਲਈ ਸੰਘਰਸ਼ ਨੂੰ ਅੱਗੇ ਵਧਾਉਣ ਵਾਸਤੇ 13 ਮੈਂਬਰੀ ਸੰਘਰਸ਼ ਕਮੇਟੀ ਦਾ ਗਠਨ ਕੀਤਾ ਗਿਆ। ਬਲਵੀਰ ਸਿੰਘ ਨੂੰ ਕਨਵੀਨਰ, ਜਦਕਿ ਮੇਟ ਅਮਨਦੀਪ ਕੌਰ ਤੇ ਚੇਤਰਾਮ ਨੂੰ ਸਹਾਇਕ ਕਨਵੀਨਰ ਬਣਾਇਆ ਗਿਆ। ਕਮੇਟੀ ’ਚ ਮਹਿੰਦਰ ਸਿੰਘ, ਚਰਨਜੀਤ ਕੌਰ, ਸਿੰਦਰ ਕੌਰ, ਬਲਦੇਵ ਕੌਰ, ਗੁਰਮੀਤ ਕੌਰ ਸਮੇਤ ਹੋਰ ਮਜ਼ਦੂਰਾਂ ਨੂੰ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ।ਇਸ ਮੌਕੇ ਲਾਲ ਝੰਡਾ ਭੱਠਾ ਵਰਕਰ ਯੂਨੀਅਨ ਪੰਜਾਬ (ਸੀਟੂ) ਦੇ ਸੂਬਾ ਕਮੇਟੀ ਮੈਂਬਰ ਤੇ ਵਿੱਤ ਸਕੱਤਰ ਸਾਥੀ ਮਾਨ ਸਿੰਘ ਗੁਰਮ ਨੇ ਵੀ ਸੰਬੋਧਨ ਕੀਤਾ।