- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਰਨਾਲਾ ਦੇ ਰੋਡੇ ਫਾਟਕ ਨੇੜੇ ਰਿਹਾਇਸ਼ੀ ਇਲਾਕੇ ਵਿੱਚ ਚੱਲਦੇ ਕਬਾੜ ਦੇ ਗੁਦਾਮ 'ਚ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਦੀਆਂ ਲਾਟਾਂ ਇੰਨੀਆਂ ਉੱਚੀਆਂ ਉੱਠ ਰਹੀਆਂ ਸਨ ਕਿ ਦੂਰ-ਦੂਰ ਤੱਕ ਧੂਆਂ ਅਤੇ ਭਾਂਬੜ ਦਿਖਾਈ ਦੇ ਰਹੇ ਸਨ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ ਦੇ ਰੋਡੇ ਫਾਟਕ ਨੇੜੇ ਰਿਹਾਇਸ਼ੀ ਇਲਾਕੇ ਵਿੱਚ ਚੱਲਦੇ ਕਬਾੜ ਦੇ ਗੁਦਾਮ 'ਚ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਦੀਆਂ ਲਾਟਾਂ ਇੰਨੀਆਂ ਉੱਚੀਆਂ ਉੱਠ ਰਹੀਆਂ ਸਨ ਕਿ ਦੂਰ-ਦੂਰ ਤੱਕ ਧੂਆਂ ਅਤੇ ਭਾਂਬੜ ਦਿਖਾਈ ਦੇ ਰਹੇ ਸਨ। ਅੱਗ ਵੇਖਦਿਆਂ ਹੀ ਮੁਹੱਲੇ 'ਚ ਭਗਦੜ ਮੱਚ ਗਈ ਅਤੇ ਲੋਕ ਡਰਦੇ ਮਾਰੇ ਆਪਣੇ ਘਰਾਂ ਤੋਂ ਬਾਹਰ ਵੱਲ ਭੱਜੇ।
ਘਟਨਾ ਦੀ ਖ਼ਬਰ ਮਿਲਦੇ ਸਾਰ ਹੀ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਮੌਕੇ 'ਤੇ ਪੁੱਜੀਆਂ। ਫਾਇਰ ਟੀਮ ਨੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰੀਬ ਅੱਧੇ ਘੰਟੇ ਦੀ ਕੜੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਖੁਸ਼ਕਿਸਮਤੀ ਨਾਲ ਇਸ ਹਾਦਸੇ 'ਚ ਕਿਸੇ ਦਾ ਜਾਨੀ ਨੁਕਸਾਨ ਹੋਣੋਂ ਬਚ ਗਿਆ, ਪਰ ਕੋਠੇ 'ਚ ਪਿਆ ਕਬਾੜ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ।
ਸੇਖਾ ਫਾਟਕ ਬੰਦ ਹੋਣ ਕਰਕੇ ਲੇਟ ਹੋਈਆਂ ਵੱਡੀਆਂ ਗੱਡੀਆਂ
ਮੌਕੇ 'ਤੇ ਮੌਜੂਦ ਫਾਇਰ ਟੀਮ ਦੇ ਮੁਲਾਜ਼ਮ ਗੁਰਪਿੰਦਰ ਪਾਲ ਸਿੰਘ, ਜਗਸੀਰ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜਿਵੇਂ ਹੀ ਸੂਚਨਾ ਮਿਲੀ, ਉਨ੍ਹਾਂ ਨੇ ਤੁਰੰਤ ਪਹਿਲਾਂ ਛੋਟੀ ਗੱਡੀ ਰਵਾਨਾ ਕਰ ਦਿੱਤੀ ਸੀ। ਹਾਲਾਂਕਿ, ਸੇਖਾ ਫਾਟਕ ਬੰਦ ਹੋਣ ਕਰਕੇ ਫਾਇਰ ਬ੍ਰਿਗੇਡ ਦੀਆਂ ਵੱਡੀਆਂ ਗੱਡੀਆਂ ਨੂੰ ਪਹੁੰਚਣ 'ਚ ਥੋੜ੍ਹੀ ਦੇਰੀ ਹੋ ਗਈ। ਉਨ੍ਹਾਂ ਦੱਸਿਆ ਕਿ ਅੱਗ ਬਹੁਤ ਵਿਕਰਾਲ ਸੀ, ਜਿਸ 'ਤੇ ਤਿੰਨ ਗੱਡੀਆਂ ਦੀ ਮਦਦ ਨਾਲ ਮਿਹਨਤ ਕਰਕੇ ਕਾਬੂ ਪਾਇਆ ਗਿਆ।
ਪਟਾਕੇ ਨਾਲ ਲੱਗੀ ਅੱਗ, ਲੋਕਾਂ 'ਚ ਭਾਰੀ ਰੋਸ
ਮੌਕੇ 'ਤੇ ਪਹੁੰਚੇ ਪੀਸੀਆਰ ਮੁਲਾਜ਼ਮ ਸੰਦੀਪ ਸਿੰਘ ਨੇ ਦੱਸਿਆ ਕਿ ਸ਼ੁਰੂਆਤੀ ਜਾਣਕਾਰੀ ਮੁਤਾਬਕ ਦੀਵਾਲੀ ਦਾ ਕੋਈ ਪਟਾਕਾ ਡਿੱਗਣ ਕਰਕੇ ਇਹ ਅੱਗ ਲੱਗੀ ਹੈ। ਉਨ੍ਹਾਂ ਦੱਸਿਆ ਕਿ ਰਿਹਾਇਸ਼ੀ ਇਲਾਕੇ ਵਿੱਚ ਬਿਨਾਂ ਮਨਜ਼ੂਰੀ ਚੱਲ ਰਹੇ ਇਸ ਕਬਾੜਖਾਨੇ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਰੋਸ ਹੈ ਅਤੇ ਲੋਕ ਇਸ ਨੂੰ ਇੱਥੋਂ ਹਟਾਉਣ ਦੀ ਮੰਗ ਕਰ ਰਹੇ ਹਨ।
ਇਲਾਕਾ ਨਿਵਾਸੀਆਂ ਨੇ ਬਜਾਈ ਮਦਦ ਦੀ ਘੰਟੀ
ਮੁਹੱਲਾ ਨਿਵਾਸੀ ਬਲਵੀਰ ਸਿੰਘ, ਸੁਖਵਿੰਦਰ ਸਿੰਘ ਅਤੇ ਕੌਂਸਲਰ ਇਕਬਾਲ ਸਿੰਘ ਨੇ ਦੱਸਿਆ ਕਿ ਅੱਗ ਲੱਗਦਿਆਂ ਹੀ ਉਨ੍ਹਾਂ ਨੇ ਤੁਰੰਤ ਫਾਇਰ ਬ੍ਰਿਗੇਡ, 112 ਨੰਬਰ ਅਤੇ ਬਿਜਲੀ ਮਹਿਕਮੇ ਨੂੰ ਫੋਨ ਕਰਕੇ ਬਿਜਲੀ ਦੀ ਸਪਲਾਈ ਠੱਪ ਕਰਵਾਈ, ਤਾਂ ਜੋ ਕੋਈ ਹੋਰ ਵੱਡਾ ਭਾਣਾ ਨਾ ਵਰਤ ਜਾਵੇ।
ਫਾਟਕ ਦਾ ਪੱਕਾ ਹੱਲ ਕਰਨ ਅਤੇ ਕਬਾੜਖਾਨਾ ਚੁੱਕਣ ਦੀ ਮੰਗ
ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੇਖਾ ਫਾਟਕ ਦੀ ਸਮੱਸਿਆ ਦਾ ਪੱਕੇ ਤੌਰ 'ਤੇ ਹੱਲ ਕੀਤਾ ਜਾਵੇ, ਤਾਂ ਕੀ ਐਮਰਜੈਂਸੀ ਵੇਲੇ ਗੱਡੀਆਂ ਲੇਟ ਨਾ ਹੋਣ। ਇਸ ਦੇ ਨਾਲ ਹੀ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਵੱਸਦੇ ਮੁਹੱਲੇ ਵਿੱਚੋਂ ਇਹ ਕਬਾੜ ਦਾ ਗੁਦਾਮ ਤੁਰੰਤ ਹਟਾਇਆ ਜਾਵੇ।