- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖ਼ਬਰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਹੋਣ ਤੋਂ ਬਾਅਦ ਸਿੱਖਿਆ ਵਿਭਾਗ ਨੇ ਮੌਕੇ 'ਤੇ ਹੀ ਤੁਰੰਤ ਹਰਕਤ 'ਚ ਆਉਂਦਿਆਂ ਕਾਰਵਾਈ ਕੀਤੀ। ਜ਼ਿਲ੍ਹਾ ਸਿੱਖਿਆ ਅਫ਼ਸਰ ਸੁਨੀਤ ਇੰਦਰ ਸਿੰਘ ਦੇ ਸਖ਼ਤ ਹੁਕਮਾਂ ਤਹਿਤ 16 ਸਤੰਬਰ ਨੂੰ ਪੀੜਤ ਵਿਦਿਆਰਥੀ ਹਰਮਨ ਨੂੰ ਬਕਾਇਦਾ ਪੇਪਰ 'ਚ ਬਿਠਾਇਆ ਗਿਆ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਆਦਰਸ਼ ਸਕੂਲ ਕਾਲੇਕੇ ਦੇ 11ਵੀਂ ਜਮਾਤ ਦੇ ਵਿਦਿਆਰਥੀ ਹਰਮਨ ਨੂੰ ਪ੍ਰਿੰਸੀਪਲ ਵੱਲੋਂ ਪ੍ਰੀਖਿਆ 'ਚ ਨਾ ਬਿਠਾਉਣ ਦੇ ਚਰਚਿਤ ਮਾਮਲੇ 'ਚ 'ਪੰਜਾਬੀ ਜਾਗਰਣ' ਦੀ ਖ਼ਬਰ ਦਾ ਵੱਡਾ ਅਸਰ ਦੇਖਣ ਨੂੰ ਮਿਲਿਆ ਹੈ। ਖ਼ਬਰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਹੋਣ ਤੋਂ ਬਾਅਦ ਸਿੱਖਿਆ ਵਿਭਾਗ ਨੇ ਮੌਕੇ 'ਤੇ ਹੀ ਤੁਰੰਤ ਹਰਕਤ 'ਚ ਆਉਂਦਿਆਂ ਕਾਰਵਾਈ ਕੀਤੀ। ਜ਼ਿਲ੍ਹਾ ਸਿੱਖਿਆ ਅਫ਼ਸਰ ਸੁਨੀਤ ਇੰਦਰ ਸਿੰਘ ਦੇ ਸਖ਼ਤ ਹੁਕਮਾਂ ਤਹਿਤ 16 ਸਤੰਬਰ ਨੂੰ ਪੀੜਤ ਵਿਦਿਆਰਥੀ ਹਰਮਨ ਨੂੰ ਬਕਾਇਦਾ ਪੇਪਰ 'ਚ ਬਿਠਾਇਆ ਗਿਆ।
ਪ੍ਰਿੰਸੀਪਲ ਨੇ ਤਿੰਨ ਪੇਪਰਾਂ 'ਚ ਨਹੀਂ ਦਿੱਤਾ ਸੀ ਬੈਠਣ
ਜ਼ਿਕਰਯੋਗ ਹੈ ਕਿ ਸਕੂਲ ਦੇ ਪ੍ਰਿੰਸੀਪਲ ਸੰਦੇਸ਼ ਸਿੰਗਲਾ ਵੱਲੋਂ 9 ਸਤੰਬਰ ਤੋਂ ਸ਼ੁਰੂ ਹੋਈਆਂ ਪ੍ਰੀਖਿਆਵਾਂ ਦੌਰਾਨ ਵਿਦਿਆਰਥੀ ਹਰਮਨ ਨੂੰ ਪਹਿਲੇ ਤਿੰਨ ਪੇਪਰਾਂ 'ਚ ਬੈਠਣ ਨਹੀਂ ਦਿੱਤਾ ਗਿਆ ਸੀ। ਇਸ ਤੋਂ ਪ੍ਰੇਸ਼ਾਨ ਹੋ ਕੇ ਵਿਦਿਆਰਥੀ ਨੇ ਆਪਣੇ ਪਰਿਵਾਰ ਸਮੇਤ 'ਪੰਜਾਬੀ ਜਾਗਰਣ' ਦੇ ਬਰਨਾਲਾ ਦਫ਼ਤਰ ਪਹੁੰਚ ਕੇ ਆਪਣਾ ਦੁੱਖੜਾ ਸੁਣਾਇਆ ਸੀ। ਵਿਦਿਆਰਥੀ ਹਰਮਨ ਤੇ ਉਸ ਦੀ ਮਾਤਾ ਪ੍ਰਿਆ ਰਾਣੀ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਪ੍ਰਿੰਸੀਪਲ ਬਿਨਾਂ ਕਿਸੇ ਗਲਤੀ ਦੇ ਜਿੱਦ ਪੁਗਾਉਂਦਿਆਂ ਉਸ ਨੂੰ ਪੇਪਰ 'ਚ ਨਹੀਂ ਬੈਠਣ ਦੇ ਰਿਹਾ, ਜਦਕਿ ਉਸ ਦੀ ਪੂਰੀ ਤਿਆਰੀ ਸੀ। ਉਸ ਨੂੰ ਡਰ ਸੀ ਕਿ ਪ੍ਰਿੰਸੀਪਲ ਦੀ ਇਸ ਧੱਕੇਸ਼ਾਹੀ ਨਾਲ ਉਸ ਦਾ ਪੂਰਾ ਇੱਕ ਸਾਲ ਖ਼ਰਾਬ ਹੋ ਜਾਵੇਗਾ। ਪਰਿਵਾਰ ਅਨੁਸਾਰ ਪ੍ਰਿੰਸੀਪਲ ਸਕੂਲ ਵਿੱਚੋਂ ਨਾਂ ਕੱਟਣ ਦੀਆਂ ਧਮਕੀਆਂ ਵੀ ਦੇ ਰਿਹਾ ਸੀ। ਮਾਤਾ ਨੇ ਦੱਸਿਆ ਕਿ ਉਹ ਖ਼ੁਦ ਸ਼ੂਗਰ ਦੀ ਮਰੀਜ਼ ਹੈ ਤੇ ਬੱਚੇ ਦਾ ਪਿਤਾ ਦਿਹਾੜੀ-ਦੱਪਾ ਕਰਕੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਹੈ।
ਜਦੋਂ 'ਪੰਜਾਬੀ ਜਾਗਰਣ' ਦੀ ਟੀਮ ਨੇ ਇਸ ਸਬੰਧੀ ਸਕੂਲ ਪ੍ਰਿੰਸੀਪਲ ਸੰਦੇਸ਼ ਸਿੰਗਲਾ ਤੇ ਕਲਾਸ ਇੰਚਾਰਜ ਨਾਲ ਗੱਲਬਾਤ ਕੀਤੀ, ਤਾਂ ਪ੍ਰਿੰਸੀਪਲ ਦਾ ਕਹਿਣਾ ਸੀ ਕਿ ਉਹ ਪਿਛਲੇ ਇੱਕ ਹਫ਼ਤੇ ਤੋਂ ਇਸੇ ਮਾਮਲੇ ਦੀ ਜਾਂਚ ਕਰ ਰਹੇ ਹਨ ਤੇ ਵਿਦਿਆਰਥੀ ਦੇ ਦੋਸ਼ੀ ਹੋਣ ਦਾ ਸ਼ੱਕ ਹੈ, ਜਿਸ ਕਰਕੇ ਉਸ ਨੂੰ ਪ੍ਰੀਖਿਆ 'ਚ ਬੈਠਣ ਤੋਂ ਰੋਕਿਆ ਗਿਆ ਸੀ। ਪ੍ਰਿੰਸੀਪਲ ਦੀ ਅਜਿਹੀ ਹਰਕਤ ਨਾਲ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਵੀ ਸ਼ੱਕ ਦੇ ਘੇਰੇ 'ਚ ਹੈ। ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਵਾਬ ਦੇ ਹਰ ਬੱਚੇ ਨੂੰ ਉੱਚ ਤਾਲੀਮ ਹਾਸਲ ਕਰਾਉਣ ਲਈ ਤਤਪਰ ਹਨ ਉੱਥੇ ਹੀ ਅਜਿਹੇ ਪ੍ਰਿੰਸੀਪਲ ਪੜਨ ਵਾਲੇ ਵਿਦਿਆਰਥੀਆਂ ਨੂੰ ਪੇਪਰ 'ਚ ਬੈਠਣ ਤੋਂ ਰੋਕ ਦਿੰਦੇ ਹਨ।
ਡੀਈਓ ਦੀ ਤੁਰੰਤ ਕਾਰਵਾਈ, ਮਿਲਿਆ ਇਨਸਾਫ਼
ਜਦੋਂ ਇਹ ਮਾਮਲਾ ਪੰਜਾਬੀ ਜਾਗਰਣ ਦੀ ਟੀਮ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਨੀਤਇੰਦਰ ਸਿੰਘ ਧਿਆਨ ਚ ਲਿਆਂਦਾ ਤਾਂ ਉਨਾਂ ਨੇ ਇਸ 'ਤੇ ਤੁਰੰਤ ਐਕਸ਼ਨ ਲਿਆ। ਉਨ੍ਹਾਂ ਦੇ ਹੁਕਮਾਂ 'ਤੇ ਸਕੂਲ ਪ੍ਰਬੰਧਕਾਂ ਨੂੰ 16 ਸਤੰਬਰ ਤੋਂ ਵਿਦਿਆਰਥੀ ਨੂੰ ਪ੍ਰੀਖਿਆ 'ਚ ਬਿਠਾਉਣਾ ਪਿਆ।
ਪੇਪਰ ਦੇਣ ਤੋਂ ਬਾਅਦ ਪੀੜਤ ਵਿਦਿਆਰਥੀ ਤੇ ਉਸ ਦੇ ਪਰਿਵਾਰ ਨੇ 'ਪੰਜਾਬੀ ਜਾਗਰਣ' ਦਫ਼ਤਰ ਪਹੁੰਚ ਕੇ ਅਦਾਰੇ ਤੇ ਡੀ.ਈ.ਓ. ਸੁਨੀਤਇੰਦਰ ਸਿੰਘ ਦਾ ਧੰਨਵਾਦ ਕੀਤਾ। ਉਨ੍ਹਾਂ ਮੰਗ ਕੀਤੀ ਕਿ ਪ੍ਰਿੰਸੀਪਲ ਵੱਲੋਂ ਛੁਡਵਾਏ ਗਏ ਪਹਿਲੇ ਤਿੰਨ ਪੇਪਰ ਵੀ ਦੁਬਾਰਾ ਲਏ ਜਾਣ।
ਇਸ ਸਬੰਧੀ ਜਦੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਨਾਲ ਦੁਬਾਰਾ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਭਰੋਸਾ ਦਿਵਾਇਆ ਕਿ ਵਿਦਿਆਰਥੀ ਦੇ ਬਾਕੀ ਰਹਿੰਦੇ ਤਿੰਨ ਪੇਪਰ ਵੀ ਲਏ ਜਾਣਗੇ ਤੇ ਉਸ ਦੀ ਪੜ੍ਹਾਈ ਦਾ ਸਾਲ ਵੀ ਖ਼ਰਾਬ ਨਹੀਂ ਹੋਣ ਦਿੱਤਾ ਜਾਵੇਗਾ।