- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਸਦ ਮੈਂਬਰ ਮੀਤ ਹੇਅਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮਕਸਦ ਸਿਰਫ਼ ਫੋਕੇ ਚੋਣਵੀਂ ਵਾਅਦੇ ਕਰਨਾ ਨਹੀਂ, ਸਗੋਂ ਲੋਕਾਂ ਦੇ ਦੁੱਖ-ਦਰਦ ਸਮਝ ਕੇ ਉਨ੍ਹਾਂ ਦੀਆਂ ਬੁਨਿਆਦੀ ਸਮੱਸਿਆਵਾਂ ਦਾ ਪੱਕਾ ਹੱਲ ਕਰਨਾ ਹੈ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਆਉਂਦੀਆਂ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਵਿਕਾਸ ਦੇ ਕੰਮਾਂ, ਲੋਕਾਂ ਨਾਲ ਕੀਤੇ ਵਾਅਦਿਆਂ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦਿੱਤੀਆਂ ਗਰੰਟੀਆਂ ਨੂੰ ਪੂਰਾ ਕਰਕੇ ਹੀ ਮੈਦਾਨ ਵਿੱਚ ਨਿੱਤਰੇਗੀ। ਪਾਰਟੀ ਸਿਰਫ਼ ਤੇ ਸਿਰਫ਼ ਆਪਣੇ ਕੀਤੇ ਕੰਮਾਂ ਦੇ ਦਮ 'ਤੇ ਵੋਟਾਂ ਮੰਗੇਗੀ। ਇਹ ਗੱਲਾਂ ਪੰਜਾਬ ਸਰਕਾਰ 'ਚ ਕੈਬਨਿਟ ਮੰਤਰੀ ਰਹੇ ਤੇ ਹੁਣ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ 'ਪੰਜਾਬੀ ਜਾਗਰਨ' ਨਾਲ ਖ਼ਾਸ ਗੱਲਬਾਤ ਕਰਦਿਆਂ ਆਖੀਆਂ।
ਸੰਸਦ ਮੈਂਬਰ ਮੀਤ ਹੇਅਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮਕਸਦ ਸਿਰਫ਼ ਫੋਕੇ ਚੋਣਵੀਂ ਵਾਅਦੇ ਕਰਨਾ ਨਹੀਂ, ਸਗੋਂ ਲੋਕਾਂ ਦੇ ਦੁੱਖ-ਦਰਦ ਸਮਝ ਕੇ ਉਨ੍ਹਾਂ ਦੀਆਂ ਬੁਨਿਆਦੀ ਸਮੱਸਿਆਵਾਂ ਦਾ ਪੱਕਾ ਹੱਲ ਕਰਨਾ ਹੈ। ਉਨ੍ਹਾਂ ਦੱਸਿਆ ਕਿ ਬਰਨਾਲਾ ਸ਼ਹਿਰ ਦੀ ਨੁਹਾਰ ਬਦਲਣ ਲਈ ਦਿਨ-ਰਾਤ ਇੱਕ ਕੀਤਾ ਜਾ ਰਿਹਾ ਹੈ ਤੇ ਸ਼ਹਿਰ ਦੇ ਹਰੇਕ ਵਾਰਡ ਵਿੱਚ ਲੋੜੀਂਦੀਆਂ ਸਹੂਲਤਾਂ ਪਹੁੰਚਾਉਣ ਵੱਲ ਓਚੇਚਾ ਧਿਆਨ ਦਿੱਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਸ਼ਹਿਰ 'ਚ ਸੀਵਰੇਜ ਦਾ ਪ੍ਰਬੰਧ, ਪੱਕੀਆਂ ਸੜਕਾਂ, ਗਲੀਆਂ, ਸਟਰੀਟ ਲਾਈਟਾਂ, ਸਫ਼ਾਈ, ਪੀਣ ਵਾਲਾ ਸਾਫ਼ ਪਾਣੀ ਤੇ ਹੋਰ ਜ਼ਰੂਰੀ ਲੋੜਾਂ ਪਹਿਲ ਦੇ ਆਧਾਰ 'ਤੇ ਪੂਰੀਆਂ ਕੀਤੀਆਂ ਜਾ ਰਹੀਆਂ ਹਨ। ਵਿਕਾਸ ਦਾ ਮਤਲਬ ਸਿਰਫ਼ ਵੱਡੀਆਂ-ਵੱਡੀਆਂ ਇਮਾਰਤਾਂ ਖੜ੍ਹੀਆਂ ਕਰਨਾ ਨਹੀਂ, ਸਗੋਂ ਆਮ ਬੰਦੇ ਦੀ ਦਿਹਾੜੀ-ਦੱਪਾ ਤੇ ਜੀਵਨ ਸੁਖਾਲਾ ਕਰਨਾ ਹੈ। ਇਸੇ ਸੋਚ ਨਾਲ਼ ਹੀ ਸ਼ਹਿਰ ਦੇ ਹਰ ਮੁਹੱਲੇ ਤੇ ਇਲਾਕੇ ਦੀਆਂ ਲੋੜਾਂ ਮੁਤਾਬਕ ਯੋਜਨਾ ਬਣਾ ਕੇ ਕੰਮ ਚੱਲ ਰਹੇ ਹਨ।
ਮੀਤ ਹੇਅਰ ਨੇ ਅੱਗੇ ਦੱਸਿਆ ਕਿ ਸਰਕਾਰ ਨੇ ਜਵਾਕਾਂ ਦੀ ਪੜ੍ਹਾਈ ਤੇ ਲੋਕਾਂ ਦੇ ਇਲਾਜ-ਪਾਣੀ ਵੱਲ ਸਭ ਤੋਂ ਵੱਧ ਧਿਆਨ ਦਿੱਤਾ ਹੈ। ਸਰਕਾਰੀ ਸਕੂਲਾਂ ਦਾ ਮਿਆਰ ਉੱਚਾ ਚੁੱਕਣ, ਹਸਪਤਾਲਾਂ 'ਚ ਵਧੀਆ ਇਲਾਜ ਦੇਣ ਤੇ ਆਮ ਪਰਿਵਾਰਾਂ ਦਾ ਬੋਝ ਹੋਲਾ ਕਰਨ ਲਈ ਕਈ ਲੋਕ-ਪੱਖੀ ਫ਼ੈਸਲੇ ਲਏ ਗਏ ਹਨ। ਸਰਕਾਰ ਦੀ ਪੂਰੀ ਕੋਸ਼ਿਸ਼ ਹੈ ਕਿ ਕਿਸੇ ਵੀ ਗਰੀਬ ਜਾਂ ਆਮ ਪਰਿਵਾਰ ਨੂੰ ਬੱਚਿਆਂ ਦੀ ਪੜ੍ਹਾਈ ਜਾਂ ਇਲਾਜ ਕਰਵਾਉਣ ਲਈ ਧੱਕੇ ਨਾ ਖਾਣੇ ਪੈਣ।
ਪਾਰਟੀ ਦੇ ਕੰਮਕਾਰ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ 'ਆਪ' ਦੇ ਆਗੂ ਤੇ ਵਰਕਰ ਦਿਨ-ਰਾਤ ਲੋਕਾਂ ਦੇ ਵਿਚਕਾਰ ਰਹਿੰਦੇ ਹਨ ਤੇ ਉਨ੍ਹਾਂ ਦੇ ਦੁੱਖ-ਸੁੱਖ ਸੁਣਦੇ ਹਨ। ਹਰੇਕ ਵਰਕਰ ਲੋਕਾਂ ਨਾਲ਼ ਸਿੱਧਾ ਰਾਬਤਾ ਕਾਇਮ ਰੱਖ ਰਿਹਾ ਹੈ ਤੇ ਸਰਕਾਰ ਦੀਆਂ ਸਕੀਮਾਂ ਘਰ-ਘਰ ਪਹੁੰਚਾ ਰਿਹਾ ਹੈ। ਪਾਰਟੀ ਦੀ ਅਸਲ ਤਾਕਤ ਹੀ ਏਹ ਮਿਹਨਤੀ ਵਰਕਰ ਹਨ, ਜਿਨ੍ਹਾਂ ਦੀ ਘਾਲਣਾ ਸਦਕਾ ਪਾਰਟੀ ਜੜ੍ਹਾਂ ਨਾਲ਼ ਜੁੜੀ ਹੋਈ ਹੈ।
ਮੀਤ ਹੇਅਰ ਨੇ ਭਰੋਸਾ ਦਵਾਇਆ ਕਿ ਆਉਣ ਵਾਲੇ ਦਿਨਾਂ 'ਚ ਬਰਨਾਲਾ ਦੇ ਵਿਕਾਸ ਕਾਰਜਾਂ ਨੂੰ ਹੋਰ ਹੁਲਾਰਾ ਦਿੱਤਾ ਜਾਵੇਗਾ। ਸ਼ਹਿਰ ਦੇ ਵਪਾਰੀਆਂ, ਦੁਕਾਨਦਾਰਾਂ, ਉਦਯੋਗਪਤੀਆਂ, ਨੌਜਵਾਨਾਂ ਤੇ ਆਮ ਲੋਕਾਂ ਦੀਆਂ ਤਕਲੀਫ਼ਾਂ ਨੂੰ ਪਹਿਲ ਦੇ ਆਧਾਰ 'ਤੇ ਨਿਬੇੜਿਆ ਜਾਵੇਗਾ। ਬਰਨਾਲਾ ਨੂੰ ਇੱਕ ਸਾਫ਼-ਸੁਥਰਾ, ਸੋਹਣਾ ਤੇ ਆਧੁਨਿਕ ਸਹੂਲਤਾਂ ਵਾਲਾ ਸ਼ਹਿਰ ਬਣਾਉਣਾ ਹੀ ਸਾਡਾ ਮੁੱਖ ਨਿਸ਼ਾਨਾ ਹੈ।
ਉਨ੍ਹਾਂ ਖ਼ਾਸ ਤੌਰ 'ਤੇ ਆਖਿਆ ਕਿ ਰਾਜਨੀਤੀ ਸਿਰਫ਼ ਲੋਕਾਂ ਦੀ ਸੇਵਾ ਕਰਨ ਦਾ ਜ਼ਰੀਆ ਹੋਣੀ ਚਾਹੀਦੀ ਹੈ। ਆਮ ਆਦਮੀ ਪਾਰਟੀ ਵਿਕਾਸ, ਸਾਫ਼-ਸੁਥਰੀ ਰਾਜਨੀਤੀ ਤੇ ਲੋਕ ਭਲਾਈ 'ਚ ਵਿਸ਼ਵਾਸ ਰੱਖਦੀ ਹੈ ਅਤੇ ਲੋਕਾਂ ਦੇ ਸਾਥ ਨਾਲ਼ ਬਰਨਾਲਾ ਨੂੰ ਤਰੱਕੀ ਦੀਆਂ ਲੀਹਾਂ 'ਤੇ ਅੱਗੇ ਵਧਾਇਆ ਜਾਵੇਗਾ।