
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਆਜ਼ਾਦੀ ਦਿਹਾੜੇ ’ਤੇ ਰਾਸ਼ਟਰਪਤੀ ਮੈਡਲ ਨਾਲ ਨਵਾਜ਼ੇ ਗਏ ਬਰਨਾਲਾ ਸੀਆਈਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਚੀਮਾ ਦਾ ਉਨ੍ਹਾਂ ਦੇ ਜੱਦੀ ਪਿੰਡ 'ਚ ਪਹੁੰਚਣ 'ਤੇ ਪਿੰਡ ਵਾਸੀਆਂ ਵੱਲੋਂ ਭਰਵਾਂ ਸਨਮਾਨ ਕੀਤਾ ਗਿਆ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਆਜ਼ਾਦੀ ਦਿਹਾੜੇ ’ਤੇ ਰਾਸ਼ਟਰਪਤੀ ਮੈਡਲ ਨਾਲ ਨਵਾਜ਼ੇ ਗਏ ਬਰਨਾਲਾ ਸੀਆਈਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਚੀਮਾ ਦਾ ਉਨ੍ਹਾਂ ਦੇ ਜੱਦੀ ਪਿੰਡ 'ਚ ਪਹੁੰਚਣ 'ਤੇ ਪਿੰਡ ਵਾਸੀਆਂ ਵੱਲੋਂ ਭਰਵਾਂ ਸਨਮਾਨ ਕੀਤਾ ਗਿਆ। ਪੁਲਿਸ ਵਿਭਾਗ 'ਚ ਨਿਭਾਈਆਂ ਬੇਮਿਸਾਲ ਸੇਵਾਵਾਂ ਬਦਲੇ ਮਿਲੇ ਇਸ ਸਰਵਉੱਚ ਪੁਲਿਸ ਤਗਮੇ ‘ਰਾਸ਼ਟਰਪਤੀ ਵਸ਼ਿਸ਼ਟ ਸੇਵਾ ਮੈਡਲ’ ਤੋਂ ਬਾਅਦ, ਪਿੰਡ ਚੀਮਾ ਵਿਖੇ ਆੜ੍ਹਤੀਆ ਰੇਸ਼ਮ ਸਿੰਘ ਵੜੈਚ ਦੇ ਘਰ ਇੱਕ ਵਿਸ਼ੇਸ਼ ਪ੍ਰੋਗਰਾਮ ਉਲੀਕਿਆ ਗਿਆ।
ਇਸ ਮੌਕੇ ਨਿਊ ਯੂਥ ਸਪੋਰਟਸ ਤੇ ਵੈੱਲਫੇਅਰ ਕਲੱਬ, ਗ੍ਰਾਮ ਪੰਚਾਇਤ ਅਤੇ ਇਲਾਕੇ ਦੇ ਮੋਹਤਬਰਾਂ ਨੇ ਇੰਸਪੈਕਟਰ ਚੀਮਾ ਦਾ ਉਚੇਚੇ ਤੌਰ 'ਤੇ ਮਾਣ-ਸਨਮਾਨ ਕੀਤਾ। ਪਿੰਡ ਦੇ ਆਗੂਆਂ ਨੇ ਆਖਿਆ ਕਿ ਇੰਸਪੈਕਟਰ ਬਲਜੀਤ ਸਿੰਘ ਚੀਮਾ ਲੰਮੇ ਸਮੇਂ ਤੋਂ ਇਲਾਕੇ ’ਚ ਅਮਨ-ਕਾਨੂੰਨ ਦੀ ਬਹਾਲੀ ਅਤੇ ਸਮਾਜ ਵਿਰੋਧੀ ਅਨਸਰਾਂ 'ਤੇ ਠੱਲ੍ਹ ਪਾਉਣ ਲਈ ਦਿਨ-ਰਾਤ ਇੱਕ ਕਰ ਰਹੇ ਹਨ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 2015 ਵਿੱਚ ਵੀ ਉਨ੍ਹਾਂ ਨੂੰ ਰਾਸ਼ਟਰਪਤੀ ਵੱਲੋਂ ‘ਮੈਰੀਟੋਰੀਅਸ ਮੈਡਲ’ ਨਾਲ ਨਵਾਜ਼ਿਆ ਜਾ ਚੁੱਕਿਆ ਹੈ। ਉਨ੍ਹਾਂ ਵੱਲੋਂ ਹਾਸਲ ਇਸ ਵੱਡੀ ਪ੍ਰਾਪਤੀ ਨਾਲ ਪੂਰੇ ਪਿੰਡ ਅਤੇ ਇਲਾਕੇ ਦਾ ਸਿਰ ਦੇਸ਼-ਵਿਦੇਸ਼ 'ਚ ਫ਼ਖ਼ਰ ਨਾਲ ਉੱਚਾ ਹੋਇਆ ਹੈ। ਇਸ ਮੌਕੇ ਆੜ੍ਹਤੀਆ ਰੇਸ਼ਮ ਸਿੰਘ ਵੜੈਚ, ਮੁਖਤਿਆਰ ਸਿੰਘ ਥਿੰਦ, ਕਲੱਬ ਪ੍ਰਧਾਨ ਪਰਵਿੰਦਰ ਸਿੰਘ, ਸਾਬਕਾ ਸਰਪੰਚ ਬਲਵਿੰਦਰ ਸਿੰਘ ਥਿੰਦ, ਸਰਪੰਚ ਸਰਬਜੀਤ ਸਿੰਘ ਰੌਣਕ, ਸੁਖਵਿੰਦਰ ਸਿੰਘ ਗੋਨੀ, ਸੁਖਜਿੰਦਰ ਸਿੰਘ ਪੰਚ, ਗੁਰਮੇਲ ਸਿੰਘ ਪੰਚ, ਜਰਨੈਲ ਸਿੰਘ ਚੀਮਾ, ਸੁਖਵੰਤ ਸਿੰਘ ਕਾਲਾ, ਬਲਾਕ ਪ੍ਰਧਾਨ ਜਸਵੀਰ ਸਿੰਘ ਮਾਹੀ, ਭੁਪਿੰਦਰ ਸਿੰਘ ਥਿੰਦ ਸਮੇਤ ਵੱਡੀ ਗਿਣਤੀ 'ਚ ਪਿੰਡ ਵਾਸੀ ਹਾਜ਼ਰ ਸਨ।
ਪਿੰਡ ਦੇ ਲੋਕਾਂ ਵੱਲੋਂ ਸਨਮਾਨਿਤ ਹੋਣਾ ਮੇਰੇ ਲਈ ਮਾਣ ਵਾਲੀ ਗੱਲ : ਬਲਜੀਤ ਸਿੰਘ
ਪਿੰਡੋਂ ਮਿਲੇ ਮਾਣ ਸਨਮਾਨ 'ਤੇ 'ਪੰਜਾਬੀ ਜਾਗਰਣ' ਨਾਲ ਇਹ ਖੁਸ਼ੀ ਸਾਂਝੀ ਕਰਦਿਆਂ ਇੰਸਪੈਕਟਰ ਬਲਜੀਤ ਸਿੰਘ ਚੀਮਾ ਨੇ ਭਾਵੁਕ ਹੁੰਦਿਆਂ ਕਿਹਾ, "ਭਾਵੇਂ ਦੇਸ਼ ਦੇ ਰਾਸ਼ਟਰਪਤੀ ਤੋਂ ਇਨਾਮ ਮਿਲਣਾ ਬਹੁਤ ਵੱਡੀ ਗੱਲ ਹੈ, ਪਰ ਅੱਜ ਆਪਣੇ ਪਿੰਡ ਦੇ ਭਾਈਚਾਰੇ ਵੱਲੋਂ ਮਿਲੇ ਇਸ ਪਿਆਰ ਤੇ ਸਤਿਕਾਰ ਦੀ ਖ਼ੁਸ਼ੀ ਦਾ ਕੋਈ ਮੁੱਲ ਨਹੀਂ।" ਉਨ੍ਹਾਂ ਸਮੂਹ ਪਿੰਡ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਆਪਣੇ ਪੁਲਿਸ ਵਿਭਾਗ ਦੇ ਫਰਜ਼ ਤੇ ਲੋਕ ਸੇਵਾ ਲਈ ਹਮੇਸ਼ਾ ਅੱਗੇ ਹੋ ਕੇ ਲੋੜਵੰਦਾਂ ਦੀ ਬਾਂਹ ਫੜਨ ਦਾ ਭਰੋਸਾ ਦਿੱਤਾ।