
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਹਾਲਾਂਕਿ, ਬਰਨਾਲਾ ਨਗਰ ਨਿਗਮ ਅਧੀਨ ਆਉਂਦੇ ਇੱਕ ਨਿੱਜੀ ਸਕੂਲ ‘ਬਬਲਜ਼ ਮੋਂਟੈਸਰੀ ਪ੍ਰੀ-ਸਕੂਲ’ ਵੱਲੋਂ ਇਹਨਾਂ ਹੁਕਮਾਂ ਨੂੰ ਅਣਦੇਖਿਆ ਕਰਦਿਆਂ ਨਾ ਸਿਰਫ਼ ਸਕੂਲ ਖੋਲ੍ਹਿਆ ਗਿਆ, ਸਗੋਂ ਸਮੁੱਚੇ ਸਟਾਫ਼ ਨੂੰ ਵੀ ਡਿਊਟੀ 'ਤੇ ਬੁਲਾਇਆ ਗਿਆ।

ਰੇਸ਼ਮ ਦੂਆ, ਪੰਜਾਬੀ ਜਾਗਰਣ,ਬਰਨਾਲਾ : ਅਮਰ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਦੇ ਮੌਕੇ ਡਿਪਟੀ ਕਮਿਸ਼ਨਰ ਬਰਨਾਲਾ, ਹਰਪ੍ਰੀਤ ਸਿੰਘ ਆਈਏਐੱਸ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਰ੍ਹੇ ਵੀ ਜ਼ਿਲ੍ਹਾ ਬਰਨਾਲਾ ਦੇ ਸਮੂਹ ਵਿੱਦਿਅਕ ਅਦਾਰਿਆਂ ਵਿੱਚ ਪੂਰੇ ਦਿਨ ਦੀ ਛੁੱਟੀ ਸਬੰਧੀ ਸਰਕਾਰੀ ਹੁਕਮ ਜਾਰੀ ਕੀਤੇ ਗਏ ਸਨ। ਹਾਲਾਂਕਿ, ਬਰਨਾਲਾ ਨਗਰ ਨਿਗਮ ਅਧੀਨ ਆਉਂਦੇ ਇੱਕ ਨਿੱਜੀ ਸਕੂਲ ‘ਬਬਲਜ਼ ਮੋਂਟੈਸਰੀ ਪ੍ਰੀ-ਸਕੂਲ’ ਵੱਲੋਂ ਇਹਨਾਂ ਹੁਕਮਾਂ ਨੂੰ ਅਣਦੇਖਿਆ ਕਰਦਿਆਂ ਨਾ ਸਿਰਫ਼ ਸਕੂਲ ਖੋਲ੍ਹਿਆ ਗਿਆ, ਸਗੋਂ ਸਮੁੱਚੇ ਸਟਾਫ਼ ਨੂੰ ਵੀ ਡਿਊਟੀ 'ਤੇ ਬੁਲਾਇਆ ਗਿਆ।
ਇਸ ਮਾਮਲੇ ਸਬੰਧੀ ਜਦੋਂ ‘ਪੰਜਾਬੀ ਜਾਗਰਣ’ ਦੀ ਟੀਮ ਵੱਲੋਂ ਮੌਕੇ 'ਤੇ ਪਹੁੰਚ ਕੇ ਕਵਰੇਜ ਕੀਤੀ ਗਈ, ਤਾਂ ਸਕੂਲ ਦੀ ਪ੍ਰਿੰਸੀਪਲ ਨੇ ਫ਼ੋਨ 'ਤੇ ਜਵਾਬ ਦਿੰਦਿਆਂ ਕਿਹਾ, "ਮੈਂ ਖ਼ੁਦ ਇੱਕ ਐਡਵੋਕੇਟ ਹਾਂ। ਇਹ ਸਾਡਾ ਨਿੱਜੀ ਅਦਾਰਾ ਹੈ, ਤੁਸੀਂ ਇੱਥੇ ਕਿਸ ਦੀ ਮਨਜ਼ੂਰੀ ਨਾਲ ਪੁੱਜੇ ਹੋ?" ਇਸ ਦੇ ਜਵਾਬ ਵਿੱਚ ਜਦੋਂ ਪੱਤਰਕਾਰ ਨੇ ਸਪੱਸ਼ਟ ਕੀਤਾ ਕਿ ਨਿੱਜੀ ਅਦਾਰੇ ਵੀ ਸਰਕਾਰੀ ਨਿਯਮਾਂ ਅਤੇ ਪ੍ਰਸ਼ਾਸਨਿਕ ਹੁਕਮਾਂ ਦੇ ਅਧੀਨ ਹੁੰਦੇ ਹਨ, ਅਤੇ ਉਹ ਆਪਣੀ ਪੱਤਰਕਾਰੀ ਦੀ ਡਿਊਟੀ ਨਿਭਾਉਂਦੇ ਹੋਏ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਉਲੰਘਣਾ ਦੀ ਕਵਰੇਜ ਕਰ ਰਹੇ ਹਨ, ਤਾਂ ਪ੍ਰਿੰਸੀਪਲ ਵੱਲੋਂ ਕੋਈ ਠੋਸ ਜਵਾਬ ਨਹੀਂ ਦਿੱਤਾ ਗਿਆ।
ਵਿਭਾਗ ਵੱਲੋਂ ਕਾਰਵਾਈ ਤੇ ਨੋਟਿਸ ਜਾਰੀ ਕਰਨ ਦੇ ਨਿਰਦੇਸ਼
ਇਸ ਪੂਰੇ ਘਟਨਾਕ੍ਰਮ ਸਬੰਧੀ ਜਦੋਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਇੰਦੂ ਸੀਮਕ ਨਾਲ ਗੱਲਬਾਤ ਕੀਤੀ ਗਈ, ਤਾਂ ਉਨ੍ਹਾਂ ਨੇ ਸਖ਼ਤ ਰੁਖ਼ ਅਪਣਾਉਂਦਿਆਂ ਕਿਹਾ ਕਿ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਉਲੰਘਣਾ ਕਰਨ ਬਦਲੇ ਸਬੰਧਤ ਸਕੂਲ ਖ਼ਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇਗੀ ਅਤੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਸਰਕਾਰੀ ਹੁਕਮਾਂ ਨੂੰ ਛਿੱਕੇ ਟੰਗਣ ਵਾਲੇ ਕਿਸੇ ਵੀ ਵਿੱਦਿਅਕ ਅਦਾਰੇ ਦੇ ਪ੍ਰਬੰਧਕਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।