
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਕਸਬਾ ਮਹਿਲ ਕਲਾਂ ਤੇ ਪਿੰਡ ਗੰਗੋਹਰ ਵਿਚਕਾਰੋਂ ਲੰਘਦੇ ਕਲਿਆਣ ਰਜਵਾਹੇ ਦੀ ਪਟੜੀ ਨਾਲ ਲੱਗਦੇ ਖੇਤਾਂ ’ਚ ਚੋਰ ਗਿਰੋਹ ਵੱਲੋਂ ਕਿਸਾਨਾਂ ਦੀਆਂ ਮੋਟਰਾਂ ਨੂੰ ਨਿਸ਼ਾਨਾ ਬਣਾਉਂਦਿਆਂ ਕੀਮਤੀ ਕੇਬਲ ਤਾਰਾਂ ਵੱਢ ਕੇ ਚੋਰੀ ਕਰਨ ਦੀਆਂ ਘਟਨਾਵਾਂ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ।

ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ : ਕਸਬਾ ਮਹਿਲ ਕਲਾਂ ਤੇ ਪਿੰਡ ਗੰਗੋਹਰ ਵਿਚਕਾਰੋਂ ਲੰਘਦੇ ਕਲਿਆਣ ਰਜਵਾਹੇ ਦੀ ਪਟੜੀ ਨਾਲ ਲੱਗਦੇ ਖੇਤਾਂ ’ਚ ਚੋਰ ਗਿਰੋਹ ਵੱਲੋਂ ਕਿਸਾਨਾਂ ਦੀਆਂ ਮੋਟਰਾਂ ਨੂੰ ਨਿਸ਼ਾਨਾ ਬਣਾਉਂਦਿਆਂ ਕੀਮਤੀ ਕੇਬਲ ਤਾਰਾਂ ਵੱਢ ਕੇ ਚੋਰੀ ਕਰਨ ਦੀਆਂ ਘਟਨਾਵਾਂ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ।
ਮਹਿਲ ਕਲਾਂ ਤੇ ਗੰਗੋਹਰ ਇਲਾਕੇ ’ਚ ਕਰੀਬ 20 ਕਿਸਾਨਾਂ ਦੀਆਂ ਮੋਟਰਾਂ ਤੋਂ ਕੇਬਲ ਤਾਰਾਂ ਚੋਰੀ ਹੋਣ ਦੀ ਜਾਣਕਾਰੀ ਮਿਲੀ ਹੈ। ਵਾਰ-ਵਾਰ ਹੋ ਰਹੀਆਂ ਇਨ੍ਹਾਂ ਘਟਨਾਵਾਂ ਤੋਂ ਦੁਖੀ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਕਰਦਿਆਂ ਪੁਲਿਸ ਪ੍ਰਸ਼ਾਸਨ ਤੋਂ ਚੋਰਾਂ ਨੂੰ ਜਲਦ ਕਾਬੂ ਕਰਨ ਦੀ ਮੰਗ ਕੀਤੀ ਗਈ।ਕਿਸਾਨ ਸਾਧੂ ਸਿੰਘ ਜੌਹਲ ਨੇ ਦੱਸਿਆ ਕਿ ਮੋਟਰ ਤੋਂ 60 ਫੁੱਟ ਕੇਬਲ ਤਾਰ, ਭੋਲਾ ਸਿੰਘ ਦੀਆਂ ਦੋ ਮੋਟਰਾਂ ਤੋਂ 100 ਫੁੱਟ, ਮਲਕੀਤ ਸਿੰਘ ਨਾਰੀਕੇ ਦੀ ਮੋਟਰ ਤੋਂ 40 ਫੁੱਟ ਅਤੇ ਬੱਗਾ ਸਿੰਘ ਰਾਏਸ਼ਰੀਏ ਦੀ ਮੋਟਰ ਤੋਂ 40 ਫੁੱਟ ਕੇਬਲ ਤਾਰ ਤੇ ਜਗਦੀਪ ਸਿੰਘ ਮਹਿਲ ਕਲਾਂ ਦੀ ਮੋਟਰ ਤੋਂ ਵੀ 40 ਫੁੱਟ ਕੇਬਲ ਤਾਰ ਚੋਰੀ ਹੋ ਗਈ।
ਇਸੇ ਤਰ੍ਹਾਂ ਪਿੰਡ ਗੰਗੋਹਰ ਦੇ ਖੇਤਾਂ ਵਿੱਚ ਕਿਸਾਨ ਦਰਸ਼ਨ ਸਿੰਘ ਸੰਧੂ ਦੀ ਕੋਠੀ ਦੇ ਜਿੰਦਰੇ ਤੋੜ ਕੇ 50 ਫੁੱਟ ਕੇਬਲ ਤਾਰ, ਅਮਰਜੀਤ ਸਿੰਘ ਗੰਗੋਹਰ ਦੀ ਮੋਟਰ ਤੋਂ 40 ਫੁੱਟ, ਨਿਰਮਲ ਸਿੰਘ ਗੰਗੋਹਰ ਦੀ ਮੋਟਰ ਤੋਂ 50 ਫੁੱਟ, ਰਾਮਨਦੀਪ ਸਿੰਘ ਦੀ ਮੋਟਰ ਤੋਂ 40 ਫੁੱਟ, ਕੁਲਵੰਤ ਸਿੰਘ ਗੰਗੋਹਰ ਦੀਆਂ ਦੋ ਮੋਟਰਾਂ ਤੋਂ 60 ਫੁੱਟ, ਨੰਦ ਸਿੰਘ ਗੰਗੋਹਰ ਦੀ ਮੋਟਰ ਤੋਂ 30 ਫੁੱਟ, ਧਰਨ ਸਿੰਘ ਮਹਿਲ ਖੁਰਦ ਦੀ ਮੋਟਰ ਤੋਂ 70 ਫੁੱਟ, ਭਿੰਦਰ ਸਿੰਘ ਦੀ ਮੋਟਰ ਤੋਂ 80 ਫੁੱਟ ਅਤੇ ਇਕਬਾਲ ਸਿੰਘ ਦੀ ਮੋਟਰ ਤੋਂ 40 ਫੁੱਟ ਕੇਬਲ ਤਾਰ ਵੱਢ ਕੇ ਚੋਰੀ ਕੀਤੀ ਗਈ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਜਗਜੀਤ ਸਿੰਘ ਗੰਗੋਹਰ, ਪੀੜਤ ਕਿਸਾਨ ਅਮਰਜੀਤ ਸਿੰਘ, ਜਸਵਿੰਦਰ ਸਿੰਘ, ਕੁਲਵਿੰਦਰ ਸਿੰਘ ਪੰਡਿਤ, ਸੀਰਾ, ਰਾਜਦੀਪ ਸਿੰਘ, ਗੁਰਜੀਤ ਸਿੰਘ, ਤਜਿੰਦਰ ਸਿੰਘ, ਹਰਪਿੰਦਰ ਸਿੰਘ, ਰੇਸ਼ਮ ਸਿੰਘ, ਤਜਿੰਦਰ ਸਿੰਘ ਮਿਸਤਰੀ, ਚਰਨਜੀਤ ਸਿੰਘ, ਕਾਕਾ ਸਿੰਘ ਅਤੇ ਦਰਸ਼ਨ ਸਿੰਘ ਸੰਧੂ ਨੇ ਦੱਸਿਆ ਕਿ ਗੰਗੋਹਰ ਵਿੱਚ ਪਿਛਲੇ 20 ਦਿਨਾਂ ਤੋਂ ਚੋਰੀਆਂ ਦਾ ਸਿਲਸਿਲਾ ਜਾਰੀ ਹੈ।
ਪ੍ਰਸ਼ਾਸਨ ਨੂੰ ਸੂਚਿਤ ਕਰਨ ਦੇ ਬਾਵਜੂਦ ਚੋਰਾਂ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਇਸ ਸਬੰਧੀ ਥਾਣਾ ਮਹਿਲ ਕਲਾਂ ਦੇ ਮੁਖੀ ਕੁਲਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਪੁਲਿਸ ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਡੂੰਘਾਈ ਨਾਲ ਜਾਂਚ-ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਚੋਰੀ ਦੀਆਂ ਵਾਰਦਾਤਾਂ ਵਾਲੇ ਇਲਾਕੇ ਅਤੇ ਆਸ-ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ।