- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੁੱਧਵਾਰ ਬਾਅਦ ਦੁਪਹਿਰ ਸਿਵਲ ਹਸਪਤਾਲ ਬਰਨਾਲਾ ’ਚ ਇੱਕ ਨੌਜਵਾਨ ਦੀ ਲਾਸ਼ ਲਿਆਂਦੀ ਗਈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਇਹ ਜ਼ਿਲ੍ਹੇ ਦੇ ਪਿੰਡ ਹਮੀਦੀ ਵਿਖੇ ਇੱਕ ਘਰ ਅੰਦਰ ਨੌਜਵਾਨ ਦੀ ਭੇਤਭਰੇ ਹਾਲਾਤ ’ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਬੁੱਧਵਾਰ ਬਾਅਦ ਦੁਪਹਿਰ ਸਿਵਲ ਹਸਪਤਾਲ ਬਰਨਾਲਾ ’ਚ ਇੱਕ ਨੌਜਵਾਨ ਦੀ ਲਾਸ਼ ਲਿਆਂਦੀ ਗਈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਇਹ ਜ਼ਿਲ੍ਹੇ ਦੇ ਪਿੰਡ ਹਮੀਦੀ ਵਿਖੇ ਇੱਕ ਘਰ ਅੰਦਰ ਨੌਜਵਾਨ ਦੀ ਭੇਤਭਰੇ ਹਾਲਾਤ ’ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਪਰਿਵਾਰਕ ਮੈਂਬਰਾਂ ਅਨੁਸਾਰ, ਉਨ੍ਹਾਂ ਦੇ ਲੜਕੇ ਦੀ ਮੌਤ ਨਸ਼ੇ ਦੀ ਓਵਰਲੋਡ ਨਾਲ ਦੱਸੀ ਜਾ ਰਹੀ ਹੈ ਤੇ ਪੁਲਿਸ ਪਾਸੋਂ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਹਮੀਦੀ ਵਿਖੇ ਪਿਛਲੇ ਕਰੀਬ ਦੋ ਤੋਂ ਤਿੰਨ ਮਹੀਨਿਆਂ ਤੋਂ ਆਪਣੇ ਨਾਨਕੇ ਘਰ ਰਹਿ ਰਹੇ 20 ਸਾਲਾ ਨੌਜਵਾਨ ਦੀ ਲਾਸ਼ ਪਿੰਡ ਦੇ ਇੱਕ ਮਕਾਨ ’ਚੋਂ ਭੇਦਭਰੇ ਹਾਲਾਤਾਂ ’ਚ ਬਰਾਮਦ ਹੋਈ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਠੁੱਲੀਵਾਲ ਦੀ ਪੁਲਿਸ ਮੌਕੇ ’ਤੇ ਪੁੱਜੀ ’ਤੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਰਨਾਲਾ ਭੇਜ ਦਿੱਤਾ ਗਿਆ।
ਇਸ ਮੌਕੇ ਥਾਣਾ ਠੁੱਲੀਵਾਲ ਦੇ ਮੁਖੀ ਅਜੈਬ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਗਨਦੀਪ ਸਿੰਘ (20) ਪੁੱਤਰ ਲਖਵੀਰ ਸਿੰਘ ਵਾਸੀ ਨੰਗਲ (ਜ਼ਿਲ੍ਹਾ ਮੋਗਾ) ਜੋ ਕਿ ਪਿਛਲੇ ਦੋਂ ਤਿੰਨ ਮਹੀਨਿਆਂ ਤੋਂ ਆਪਣੇ ਨਾਨਕੇ ਘਰ ਪਿੰਡ ਹਮੀਦੀ ’ਚ ਰਹਿ ਰਿਹਾ ਸੀ। ਉਹ ਪਿੰਡ ਕਰਮਗੜ੍ਹ ਵਿਖੇ ਇੱਕ ਸੈਲੂਨ ’ਤੇ ਕੰਮ ਕਰਦਾ ਸੀ। ਉਨ੍ਹਾਂ ਕਿਹਾ ਕਿ ਪਰਿਵਾਰਿਕ ਮੈਂਬਰਾਂ ਅਨੁਸਾਰ ਸ਼ਗਨਦੀਪ ਸਿੰਘ ਮੰਗਲਵਾਰ ਦੁਪਹਿਰ ਕਰੀਬ 12:00 ਵਜੇ ਕੰਮ ਤੋਂ ਘਰ ਆਇਆ ਤੇ ਬਰਨਾਲਾ ਮੇਲਾ ਦੇਖਣ ਜਾਣ ਦੀ ਗੱਲ ਕਹਿ ਕੇ ਮੋਟਰਸਾਈਕਲ ’ਤੇ ਚਲਾ ਗਿਆ। ਜਦੋਂ ਉਹ ਦੇਰ ਰਾਤ ਤੱਕ ਘਰ ਵਾਪਸ ਨਾ ਆਇਆ ਤਾਂ ਪਰਿਵਾਰਕ ਮੈਂਬਰਾਂ ਨੇ ਉਸ ਨਾਲ ਮੋਬਾਈਲ ਫੋਨ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਸ ਦਾ ਫੋਨ ਬੰਦ ਆ ਰਿਹਾ ਸੀ। ਸਵੇਰੇ ਸਾਢੇ 6 ਵਜੇ ਦੇ ਕਰੀਬ ਪਰਿਵਾਰ ਨੂੰ ਪਤਾ ਲੱਗਾ ਕਿ ਸ਼ਗਨਦੀਪ ਸਿੰਘ ਦੀ ਲਾਸ਼ ਪਿੰਡ ਦੇ ਇੱਕ ਖਾਲੀ ਮਕਾਨ ’ਚ ਪਈ ਹੈ। ਇਸ ਤੋਂ ਬਾਅਦ ਪਰਿਵਾਰਕ ਮੈਂਬਰ ਮੌਕੇ ’ਤੇ ਪੁੱਜੇ ਤਾਂ ਉਨ੍ਹਾਂ ਵੱਲੋਂ ਲਾਸ਼ ਦੀ ਸ਼ਨਾਖਤ ਕੀਤੀ ਗਈ।
ਮੇਰੇ ਭਾਣਜੇ ਦੀ ਓਵਰਡੋਜ ਨਾਲ ਮੌਤ ਹੋਈ ਹੈ: ਮਾਮਾ ਰਣਧੀਰ ਸਿੰਘ
ਸਿਵਲ ਹਸਪਤਾਲ ਬਰਨਾਲਾ ਵਿਖੇ ਜਾਣਕਾਰੀ ਦਿੰਦਿਆਂ ਮ੍ਰਿਤਕ ਸ਼ਗਨਦੀਪ ਸਿੰਘ ਦੇ ਮਾਮਾ ਰਣਧੀਰ ਸਿੰਘ ਨੇ ਦੱਸਿਆ ਕਿ ਉਸ ਦਾ ਭਾਣਜਾ ਕਰੀਬ ਦੋ ਮਹੀਨਿਆਂ ਤੋਂ ਉਨ੍ਹਾਂ ਦੇ ਕੋਲ ਰਹਿੰਦਾ ਸੀ। ਉਸ ਦੀ ਮੌਤ ਨਸ਼ੇ ਦੀ ਓਵਰਡੋਜ ਨਾਲ ਹੋਈ ਹੈ। ਉਸ ਦੇ ਭਾਣਜੇ ਦੇ ਦੋ ਦੋਸਤ ਜਿਸ ’ਚੋਂ ਇੱਕ ਦਾ ਨਾਮ ਰਾਣਾ ਹੈ ਉਹ ਉਸ ਨੂੰ ਬੀਤੀ ਰਾਤ ਬਰਨਾਲਾ ਦੀ ਦਾਣਾ ਮੰਡੀ ’ਚ ਲੱਗੇ ਮੇਲੇ ’ਚ ਲੈ ਗਿਆ ਸੀ। ਸ਼ਾਮ ਨੂੰ ਜਦ ਮੈਂ ਆਪਣੇ ਭਾਣਜੇ ਨੂੰ ਫੋਨ ਲਗਾਇਆ ਤਾਂ ਉਸ ਦਾ ਫੋਨ ਬੰਦ ਸੀ, ਜਦ ਸਵੇਰ ਹੋਏ ਤਾਂ ਇਨ੍ਹਾਂ ਨੇ ਸਾਡੇ ਘਰ ਆ ਕੇ ਦੱਸਿਆ ਕਿ ਤੁਹਾਡਾ ਮੁੰਡਾ ਸੁੱਤਾ ਪਿਆ ਹੈ ਉਸ ਨੂੰ ਲੈ ਜਾਓ। ਜਦ ਮੈਂ ਘਰ ਪਹੁੰਚਿਆ ਤਾਂ ਮੇਰੇ ਭਾਣਜੇ ਦੀ ਮੌਤ ਹੋ ਚੁੱਕੀ ਸੀ। ਉਸ ਦੀ ਬਾਂਹ ’ਚ ਸਰਿੰਜ ਸੀ। ਮੇਰਾ ਭਾਣਜਾ ਕੁੱਝ ਵੀ ਖਾਂਦਾ ਪੀਂਦਾ ਨਹੀਂ ਸੀ, ਉਸ ਨੂੰ ਸ਼ੱਕ ਹੈ ਕਿ ਮੇਰੇ ਭਾਣਜੇ ਨੂੰ ਧੱਕੇ ਨਾਲ ਕੁੱਝ ਖਵਾਇਆ ਪਿਆ ਹੈ। ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਸ ਨੇ ਕਿਹਾ ਕਿ ਪਿੰਡ ’ਚ ਸ਼ਰੇਆਮ ਚਿੱਟਾ ਵਿਕਦਾ ਹੈ। ਇਸ ਮਾਮਲੇ ’ਚ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਉਸ ਦੇ ਪਰਿਵਾਰ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ।
ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ: ਥਾਣਾ ਮੁਖੀ ਅਜੈਬ ਸਿੰਘ
ਇਸ ਮਾਮਲੇ ਸੰਬੰਧੀ ਥਾਣਾ ਠੁੱਲੀਵਾਲ ਦੇ ਥਾਣਾ ਮੁਖੀ ਅਜੈਬ ਸਿੰਘ ਨਾਲ ਰਾਬਤਾ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਸਥਾਨ ਦਾ ਬਾਰੀਕੀ ਨਾਲ ਜਾਇਜ਼ਾ ਲਿਆ ਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਰਨਾਲਾ ਭੇਜ ਦਿੱਤਾ। ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਮਾਮਾ ਰਣਧੀਰ ਸਿੰਘ ਧੀਰਾ ਪੁੱਤਰ ਸੁਰਜੀਤ ਸਿੰਘ ਵਾਸੀ ਹਮੀਦੀ ਦੇ ਬਿਆਨਾਂ ਦੇ ਆਧਾਰ ’ਤੇ ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਸਗਨਦੀਪ ਸਿੰਘ ਦੀ ਮੌਤ ਨਸ਼ੀਲੇ ਪਦਾਰਥ ਦੀ ਓਵਰਡੋਜ਼ ਨਾਲ ਦੱਸੀ ਜਾ ਰਹੀ ਹੈ। ਥਾਣਾ ਮੁਖੀ ਅਜੈਬ ਸਿੰਘ ਨੇ ਦੱਸਿਆ ਕਿ ਰਣਧੀਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਠੁੱਲੀਵਾਲ ਪੁਲਿਸ ਲਾਸ ਦਾ ਪੋਸਟਮਾਰਟਮ ਕਰਵਾ ਕੇ ਵਾਰਸਾ ਸੌਂਪ ਦਿੱਤੀ ਹੈ । ਡਾਕਟਰੀ ਰਿਪੋਰਟ ਆਉਣ ਤੇ ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ ਤਹਿਤ ਕਨੂੰਨੀ ਕਾਰਵਾਈ ਹੋਵੇਗੀ।