- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਧਨੌਲਾ-ਭਿੱਖੀ ਰੋਡ 'ਤੇ ਪਿੰਡ ਕਾਲੇਕੇ ਨੇੜਲੇ ਇੱਕ ਭੱਠੇ ਲਾਗੇ ਮੋਟਰਸਾਈਕਲ ਨੰ. PB 31 S 3709 ਸਮੇਤ ਇੱਕ ਨੌਜਵਾਨ ਦੀ ਖੂਨ ਨਾਲ ਲੱਥ-ਪੱਥ ਅਣਪਛਾਤੀ ਲਾਸ਼ ਮਿਲਣ ਦੀ ਦੁਖਦਾਈ ਖ਼ਬਰ ਹੈ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਧਨੌਲਾ-ਭਿੱਖੀ ਰੋਡ 'ਤੇ ਪਿੰਡ ਕਾਲੇਕੇ ਨੇੜਲੇ ਇੱਕ ਭੱਠੇ ਲਾਗੇ ਮੋਟਰਸਾਈਕਲ ਨੰ. PB 31 S 3709 ਸਮੇਤ ਇੱਕ ਨੌਜਵਾਨ ਦੀ ਖੂਨ ਨਾਲ ਲੱਥ-ਪੱਥ ਅਣਪਛਾਤੀ ਲਾਸ਼ ਮਿਲਣ ਦੀ ਦੁਖਦਾਈ ਖ਼ਬਰ ਹੈ।
ਮੌਕੇ ਤੋਂ ਇਕੱਠੀ ਕੀਤੀ ਜਾਣਕਾਰੀ ਮੁਤਾਬਕ ਘਟਨਾ ਵਾਲੀ ਥਾਂ 'ਤੇ ਲੋਕਾਂ ਦਾ ਵੱਡਾ ਇਕੱਠ ਸੀ ਅਤੇ 112 ਨੰਬਰ ਪੁਲਿਸ ਗੱਡੀ ਵੀ ਪਹੁੰਚ ਚੁੱਕੀ ਸੀ। ਲੋਕਾਂ ਨੇ ਦੱਸਿਆ ਕਿ ਸੜਕ ਕਿਨਾਰੇ ਨੌਜਵਾਨ ਦੀ ਲਾਸ਼ ਪਈ ਹੋਈ ਸੀ। ਥੋੜ੍ਹੀ ਦੇਰ ਬਾਅਦ ਹੀ ਉੱਥੇ ਕੁਝ ਹੋਰ ਨੌਜਵਾਨ ਪਹੁੰਚੇ। ਉਨ੍ਹਾਂ ਵਿੱਚੋਂ ਗੁਰਪ੍ਰੀਤ ਸਿੰਘ ਨਾਂ ਦੇ ਨੌਜਵਾਨ ਨੇ ਦੱਸਿਆ ਕਿ ਮ੍ਰਿਤਕ ਉਸ ਦੇ ਚਾਚੇ ਦਾ ਮੁੰਡਾ ਰੇਸ਼ਮ ਸਿੰਘ ਪੁੱਤਰ ਜਸਪਾਲ ਸਿੰਘ, ਵਾਸੀ ਪਿੰਡ ਰੜ੍ਹ ਜ਼ਿਲ੍ਹਾ ਮਾਨਸਾ ਹੈ।
ਗੁਰਪ੍ਰੀਤ ਨੇ ਦੱਸਿਆ ਕਿ ਰੇਸ਼ਮ ਸਿੰਘ ਪਰਾਲੀ ਦੀਆਂ ਗੱਠਾਂ ਬਣਾਉਣ ਵਾਲੀ ਮਸ਼ੀਨ 'ਤੇ ਡਰਾਈਵਰੀ ਕਰਦਾ ਸੀ। ਲੰਘੀ ਰਾਤ ਕਰੀਬ 2 ਵਜੇ ਉਹ ਆਪਣਾ ਮੋਟਰਸਾਈਕਲ ਚੁੱਕ ਕੇ ਪਿੰਡ ਵੱਲ ਨੂੰ ਆ ਰਿਹਾ ਸੀ। ਜਦੋਂ ਉਹ ਭੱਠੇ ਲਾਗੇ ਪਹੁੰਚਿਆ ਤਾਂ ਸਾਹਮਣਿਓ ਆਉਂਦੇ ਕਿਸੇ ਅਣਪਛਾਤੇ ਵਾਹਨ ਨੇ ਉਸ ਦੇ ਮੋਟਰਸਾਈਕਲ ਵਿੱਚ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਲਾਕੇ ਦੇ ਲੋਕਾਂ ਤੇ ਵਾਰਸਾਂ ਦਾ ਕਹਿਣਾ ਹੈ ਕਿ ਇਹ ਮਹਿਜ਼ ਇੱਕ ਐਕਸੀਡੈਂਟ ਨਹੀਂ, ਬਲਕਿ ਕਤਲ ਦਾ ਮਾਮਲਾ ਜਾਪਦਾ ਹੈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਟੱਕਰ ਮਾਰਨ ਵਾਲਿਆਂ ਨੇ ਹੀ ਲਾਸ਼ ਅਤੇ ਮੋਟਰਸਾਈਕਲ ਨੂੰ ਸੜਕ ਦੇ ਕਿਨਾਰੇ ਓਹਲੇ ਜਿਹੇ ਕਰਕੇ ਰੱਖ ਦਿੱਤਾ ਸੀ ਤਾਂ ਜੋ ਇਹ ਐਕਸੀਡੈਂਟ ਜਾਪੇ। ਇਹ ਤਾਂ ਖੈਰ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਹ ਮਹਿਜ਼ ਸੜਕ ਹਾਦਸਾ ਹੈ ਜਾਂ ਕੋਈ ਸਾਜ਼ਿਸ਼ੀ ਕਤਲ।
ਜਦੋਂ ਇਸ ਸਬੰਧੀ ਥਾਣਾ ਧਨੌਲਾ ਦੀ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਵੀ ਸ਼ੱਕ ਜਤਾਇਆ ਕਿ ਮਾਮਲਾ ਕਤਲ ਦਾ ਹੋ ਸਕਦਾ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ-ਪੜਤਾਲ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਪੂਰੀ ਅਸਲੀਅਤ ਸਾਹਮਣੇ ਲਿਆਂਦੀ ਜਾਵੇਗੀ।