- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਰਨਾਲਾ ਦੇ ਸੱਜੂ ਰਾਮ ਕਾਰਖਾਨੇ ਕੋਲੇ ਸੈਂਸੀ ਬਸਤੀ ਲਾਗੇ ਪਈ ਇੱਕ ਵੱਡੀ ਵਿਹਲੀ ਥਾਂ, ਜੋ ਜੰਗਲ ਵਾਂਗੂ ਝਾੜ-ਬੂਟੇ ਨਾਲ ਭਰੀ ਪਈ ਸੀ ਤੇ ਦਿਨ-ਰਾਤ ਨਸ਼ੇੜੀਆਂ ਦਾ ਅੱਡਾ ਬਣੀ ਰਹਿੰਦੀ ਸੀ, ਉਸ 'ਤੇ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ ਦੇ ਸੱਜੂ ਰਾਮ ਕਾਰਖਾਨੇ ਕੋਲੇ ਸੈਂਸੀ ਬਸਤੀ ਲਾਗੇ ਪਈ ਇੱਕ ਵੱਡੀ ਵਿਹਲੀ ਥਾਂ, ਜੋ ਜੰਗਲ ਵਾਂਗੂ ਝਾੜ-ਬੂਟੇ ਨਾਲ ਭਰੀ ਪਈ ਸੀ ਤੇ ਦਿਨ-ਰਾਤ ਨਸ਼ੇੜੀਆਂ ਦਾ ਅੱਡਾ ਬਣੀ ਰਹਿੰਦੀ ਸੀ, ਉਸ 'ਤੇ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ।
ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫ਼ਰਾਜ਼ ਆਲਮ ਦੇ ਹੁਕਮਾਂ 'ਤੇ ਸੀਆਈਏ ਇੰਚਾਰਜ ਰਾਸ਼ਟਰਪਤੀ ਐਵਾਰਡ ਵਿਜੇਤਾ ਇੰਸਪੈਕਟਰ ਬਲਜੀਤ ਸਿੰਘ ਦੀ ਟੀਮ ਨੇ ਜੇਸੀਬੀ ਲਾ ਕੇ ਝਾੜ-ਬੂਟੇ ਤੇ ਦਰਖ਼ਤ ਪੱਟ ਕੇ ਉਸ ਉੱਜੜੀ ਥਾਂ ਨੂੰ ਜਮ੍ਹਾਂ ਮੈਦਾਨ ਬਣਾ ਦਿੱਤਾ।ਬਰਨਾਲਾ ਪੁਲਿਸ ਦੇ ਇਸ ਚੰਗੇ ਕੰਮ ਦੀ ਲੰਘਦੇ-ਵੜਦੇ ਰਾਹਗੀਰਾਂ, ਉੱਥੋਂ ਦੇ ਰਹਿਣ ਵਾਲਿਆਂ ਤੇ ਦੁਕਾਨਦਾਰਾਂ ਨੇ ਰੱਜ ਕੇ ਸ਼ਲਾਘਾ ਕੀਤੀ। ਲੋਕਾਂ ਨੇ ਸੁੱਖ ਦਾ ਸਾਹ ਲੈਂਦਿਆਂ ਆਖਿਆ ਕਿ ਪੁਲਿਸ ਨੇ ਅਮਲੀਆਂ ਦੇ ਅੱਡੇ ਹੀ ਨਹੀਂ ਭੰਨੇ, ਸਗੋਂ ਸੈਂਸੀ ਬਸਤੀ ਵਾਲੇ ਨਸ਼ਾ ਵੇਚਣ ਵਾਲਿਆਂ ਦੇ ਬਣਾਏ ਘੋਰਨੇ ਹੀ ਢਾਹ ਦਿੱਤੇ।
ਬਰਨਾਲਾ ਨੂੰ ਨਸ਼ਾ ਮੁਕਤ ਕਰਨ ਲਈ ਪੁਲਿਸ ਤਤਪਰ : ਬਲਜੀਤ ਸਿੰਘ
'ਪੰਜਾਬੀ ਜਾਗਰਣ' ਨਾਲ ਗੱਲਬਾਤ ਕਰਦਿਆਂ ਸੀਆਈਏ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਮੁਖੀ ਦੀਆਂ ਸਖ਼ਤ ਹਦਾਇਤਾਂ 'ਤੇ ਜ਼ਿਲ੍ਹਾ ਪੁਲਿਸ ਕਪਤਾਨ ਮੁਹੰਮਦ ਸਰਫ਼ਰਾਜ਼ ਆਲਮ ਦੇ ਆਦੇਸ਼ਾਂ ਨਾਲ ਬਰਨਾਲਾ ਨੂੰ ਨਸ਼ਾ-ਮੁਕਤ ਕਰਨ ਲਈ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਚਲਾਈ ਜਾ ਰਹੀ ਹੈ। ਇੱਕ ਪਾਸੇ ਜਿੱਥੇ ਨਸ਼ਾ ਵੇਚਣ ਵਾਲਿਆਂ 'ਤੇ ਛਾਪੇਮਾਰੀ ਚੱਲ ਰਹੀ ਹੈ, ਉੱਥੇ ਹੀ ਨਸ਼ੇੜੀਆਂ ਦੇ ਅੱਡਿਆਂ ਦੀ ਨਿਸ਼ਾਨਦੇਹੀ ਕਰਕੇ ਉਨ੍ਹਾਂ ਨੂੰ ਬੁਲਡੋਜ਼ਰ ਨਾਲ ਢੈਹ-ਢੇਰੀ ਕੀਤਾ ਜਾ ਰਿਹਾ ਹੈ ਤਾਂ ਜੋ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕੇ।
ਨਸ਼ੇ ਦੀ ਇਸ ਚੰਦਰੀ ਬਿਮਾਰੀ ਨੂੰ ਜੜ੍ਹੋਂ ਪੁੱਟਣ ਲਈ ਬਰਨਾਲਾ ਪੁਲਿਸ ਵੱਲੋਂ ਲਗਾਤਾਰ ਠੋਸ ਕਦਮ ਚੁੱਕੇ ਜਾ ਰਹੇ ਹਨ। ਨਸ਼ੇੜੀਪੁਣਾ ਤੇ ਹੋਰ ਪੁੱਠੇ-ਸਿੱਧੇ ਕੰਮ ਰੋਕਣ ਦੇ ਮਕਸਦ ਨਾਲ ਖਾਲੀ ਪਏ ਪਲਾਟਾਂ ਤੇ ਝਾੜ-ਬੂਟੇ ਵਾਲੀਆਂ ਥਾਵਾਂ ਦੀ ਸਾਫ਼-ਸਫ਼ਾਈ ਕਰਵਾਈ ਜਾ ਰਹੀ ਹੈ, ਤਾਂ ਜੋ ਅਜਿਹੀਆਂ ਥਾਵਾਂ ਨੂੰ ਕੋਈ ਵੀ ਮਾੜੇ ਕੰਮਾਂ ਲਈ ਵਰਤ ਨਾ ਸਕੇ।