- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਲ੍ਹਾ ਬਰਨਾਲਾ ਦੇ ਸੀਆਈਏ ਸਟਾਫ ਵਿੱਚ ਲੰਮਾ ਸਮਾਂ ਤਕੜੀਆਂ ਸੇਵਾਵਾਂ ਨਿਭਾਉਣ ਵਾਲੇ ਤੇ ਹਾਲ ਹੀ ਵਿੱਚ ਇੰਸਪੈਕਟਰ ਤੋਂ ਤਰੱਕੀ ਪਾ ਕੇ ਡੀਐੱਸਪੀ ਬਣੇ ਬਲਜੀਤ ਸਿੰਘ ਨੂੰ ਹੁਣ ਬਰਨਾਲਾ ਵਿਖੇ ਹੀ ਸਪੈਸ਼ਲ ਬ੍ਰਾਂਚ ਅਤੇ ਕ੍ਰਿਮੀਨਲ ਇੰਟੈਲੀਜੈਂਸ ਦਾ ਨਵਾਂ ਡੀਐੱਸਪੀ ਥਾਪਿਆ ਗਿਆ ਹੈ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਜ਼ਿਲ੍ਹਾ ਬਰਨਾਲਾ ਦੇ ਸੀਆਈਏ ਸਟਾਫ ਵਿੱਚ ਲੰਮਾ ਸਮਾਂ ਤਕੜੀਆਂ ਸੇਵਾਵਾਂ ਨਿਭਾਉਣ ਵਾਲੇ ਤੇ ਹਾਲ ਹੀ ਵਿੱਚ ਇੰਸਪੈਕਟਰ ਤੋਂ ਤਰੱਕੀ ਪਾ ਕੇ ਡੀਐੱਸਪੀ ਬਣੇ ਬਲਜੀਤ ਸਿੰਘ ਨੂੰ ਹੁਣ ਬਰਨਾਲਾ ਵਿਖੇ ਹੀ ਸਪੈਸ਼ਲ ਬ੍ਰਾਂਚ ਅਤੇ ਕ੍ਰਿਮੀਨਲ ਇੰਟੈਲੀਜੈਂਸ ਦਾ ਨਵਾਂ ਡੀਐੱਸਪੀ ਥਾਪਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਆਪਣੀ ਡਿਊਟੀ ਪ੍ਰਤੀ ਇਮਾਨਦਾਰੀ, ਲੋਕ ਭਲਾਈ ਦੇ ਕੰਮਾਂ ਅਤੇ ਮਾੜੇ ਅਨਸਰਾਂ ਖ਼ਿਲਾਫ਼ ਸਖ਼ਤ ਰਵੱਈਏ ਸਦਕਾ ਬਲਜੀਤ ਸਿੰਘ ਦਾ ਇਲਾਕੇ ਵਿੱਚ ਚੰਗਾ ਨਾਂ ਹੈ। ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਪੰਜਾਬ ਪੁਲਿਸ ਮੁਖੀ ਸਣੇ ਜ਼ਿਲ੍ਹਾ ਪੁਲਿਸ ਮੁਖੀ ਬਰਨਾਲਾ ਆਈਪੀਐੱਸ ਮੁਹੰਮਦ ਸਰਫ਼ਰਾਜ਼ ਆਲਮ ਦੀ ਅਗਵਾਈ ਹੇਠ ਬਤੌਰ ਇੰਸਪੈਕਟਰ ਕੰਮ ਕਰਦਿਆਂ ਉਨ੍ਹਾਂ ਨੇ ਨਸ਼ਾ ਤਸਕਰਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਸੀ। ਉਨ੍ਹਾਂ ਦੀ ਅਗਵਾਈ ਵਾਲੀਆਂ ਟੀਮਾਂ ਨੇ ਇਕੱਲੇ ਬਰਨਾਲਾ ਜਾਂ ਪੰਜਾਬ ਹੀ ਨਹੀਂ, ਸਗੋਂ ਗੁਆਂਢੀ ਸੂਬਿਆਂ ਤੋਂ ਲੈ ਕੇ ਦਿੱਲੀ ਤੱਕ ਮੈਡੀਕਲ ਨਸ਼ਿਆਂ ਦੀ ਸਪਲਾਈ ਕਰਨ ਵਾਲੇ ਵੱਡੇ-ਵੱਡੇ ਮਗਰਮੱਛਾਂ ਨੂੰ ਦਬੋਚ ਕੇ ਸਲਾਖਾਂ ਪਿੱਛੇ ਡੱਕਿਆ।
ਆਪਣੇ ਪੁਲਿਸ ਜੀਵਨ ਦੌਰਾਨ ਬਲਜੀਤ ਸਿੰਘ ਨੇ ਜਿੱਥੇ ਕਈ ਅੰਨ੍ਹੇ ਕਤਲਾਂ ਦੀਆਂ ਉਲਝੀਆਂ ਗੁੱਥੀਆਂ ਨੂੰ ਬੜੀ ਸੂਝ-ਬੂਝ ਨਾਲ ਸੁਲਝਾਇਆ, ਉੱਥੇ ਹੀ ਨਸ਼ਾ ਸੌਦਾਗਰਾਂ ਕੋਲੋਂ ਭਾਰੀ ਮਾਤਰਾ ਵਿੱਚ ਨਸ਼ੇ ਫੜਨ ਵਿੱਚ ਵੀ ਉਨ੍ਹਾਂ ਨੂੰ ਵੱਡੀ ਮੁਹਾਰਤ ਹਾਸਲ ਹੈ। ਉਨ੍ਹਾਂ ਦੀਆਂ ਇਨ੍ਹਾਂ ਸ਼ਾਨਦਾਰ ਸੇਵਾਵਾਂ ਬਦਲੇ ਜ਼ਿਲ੍ਹਾ ਪੱਧਰ 'ਤੇ ਗਣਤੰਤਰਤਾ ਅਤੇ ਆਜ਼ਾਦੀ ਦਿਹਾੜਿਆਂ ਮੌਕੇ ਅਣਗਿਣਤ ਵਾਰ ਮਾਣ-ਸਨਮਾਨ ਮਿਲ ਚੁੱਕਾ ਹੈ। ਇਸ ਤੋਂ ਇਲਾਵਾ ਇਸੇ ਵਰ੍ਹੇ ਆਜ਼ਾਦੀ ਦਿਹਾੜੇ 'ਤੇ ਪੰਜਾਬ ਪੁਲਿਸ ਮੁਖੀ ਅਤੇ ਪੰਜਾਬ ਸਰਕਾਰ ਦੀ ਸਿਫ਼ਾਰਸ਼ 'ਤੇ ਉਨ੍ਹਾਂ ਨੂੰ ਵੱਕਾਰੀ "ਰਾਸ਼ਟਰਪਤੀ ਮੈਡਲ" ਨਾਲ ਨਿਵਾਜਿਆ ਗਿਆ ਹੈ। ਨਾਲ ਹੀ ਡੀਜੀਪੀ ਪੰਜਾਬ ਆਈਪੀਐੱਸ ਗੌਰਵ ਯਾਦਵ ਦੇ ਹੁਕਮਾਂ ਤਹਿਤ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਉਨ੍ਹਾਂ ਨੂੰ "ਅਤੀ ਉਤਕ੍ਰਿਸ਼ਟ ਸੇਵਾ ਪਦਕ" ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।
'ਪੰਜਾਬੀ ਜਾਗਰਣ' ਨਾਲ ਗੱਲਬਾਤ ਕਰਦਿਆਂ ਨਵ-ਨਿਯੁਕਤ ਡੀਐੱਸਪੀ ਬਲਜੀਤ ਸਿੰਘ ਨੇ ਦੱਸਿਆ ਕਿ ਉਹ ਦਿਨ ਸੋਮਵਾਰ, 23 ਨਵੰਬਰ ਨੂੰ ਬਰਨਾਲਾ ਵਿਖੇ ਸਪੈਸ਼ਲ ਬ੍ਰਾਂਚ ਅਤੇ ਕ੍ਰਿਮੀਨਲ ਇੰਟੈਲੀਜੈਂਸ ਦੇ ਡੀਐੱਸਪੀ ਵਜੋਂ ਆਪਣਾ ਕਾਰਜਭਾਰ ਸੰਭਾਲ ਲੈਣਗੇ। ਉਨ੍ਹਾਂ ਭਰੋਸਾ ਦਿਵਾਇਆ ਕਿ ਇਲਾਕੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਅਤੇ ਨਸ਼ਿਆਂ ਦੇ ਖ਼ਾਤਮੇ ਲਈ ਪੂਰੀ ਤਨਦੇਹੀ ਨਾਲ ਕੰਮ ਕੀਤਾ ਜਾਵੇਗਾ।