
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸਫਾਈ ਸੇਵਕ ਯੂਨੀਅਨ ਹੰਡਿਆਇਆ ਵੱਲੋਂ ਨਗਰ ਪੰਚਾਇਤ ਦੇ ਕਾਰਜ ਸਾਧਕ ਅਫਸਰ ਤੇ ਪ੍ਰਧਾਨ ਸਰਬਜੀਤ ਕੌਰ ਦੇ ਪਤੀ ਨਿਰੰਜਨ ਸਿੰਘ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਪ੍ਰਦਰਸ਼ਨਕਾਰੀਆਂ ਦਾ ਦੋਸ਼ ਹੈ ਕਿ ਸਰਕਾਰੀ ਨੋਟੀਫਿਕੇਸ਼ਨ ਦੇ ਬਾਵਜੂਦ ਸਥਾਨਕ ਪ੍ਰਸ਼ਾਸਨ ਸਫਾਈ ਸੇਵਕਾਂ ਦੇ ਹੱਕ 'ਚ ਮਤਾ ਪਾਸ ਕਰਨ ਤੋਂ ਭੱਜ ਰਿਹਾ ਹੈ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ,ਬਰਨਾਲਾ : ਸਫਾਈ ਸੇਵਕ ਯੂਨੀਅਨ ਹੰਡਿਆਇਆ ਵੱਲੋਂ ਨਗਰ ਪੰਚਾਇਤ ਦੇ ਕਾਰਜ ਸਾਧਕ ਅਫਸਰ ਤੇ ਪ੍ਰਧਾਨ ਸਰਬਜੀਤ ਕੌਰ ਦੇ ਪਤੀ ਨਿਰੰਜਨ ਸਿੰਘ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਪ੍ਰਦਰਸ਼ਨਕਾਰੀਆਂ ਦਾ ਦੋਸ਼ ਹੈ ਕਿ ਸਰਕਾਰੀ ਨੋਟੀਫਿਕੇਸ਼ਨ ਦੇ ਬਾਵਜੂਦ ਸਥਾਨਕ ਪ੍ਰਸ਼ਾਸਨ ਸਫਾਈ ਸੇਵਕਾਂ ਦੇ ਹੱਕ 'ਚ ਮਤਾ ਪਾਸ ਕਰਨ ਤੋਂ ਭੱਜ ਰਿਹਾ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਸਫਾਈ ਸੇਵਕ ਯੂਨੀਅਨ ਹੰਡਿਆਇਆ ਦੇ ਪ੍ਰਧਾਨ ਵਿਜੇ ਕੁਮਾਰ ਖੁਡੀ ਅਤੇ ਮੀਤ ਪ੍ਰਧਾਨ ਰਾਣੀ ਕੌਰ ਨੇ ਦੱਸਿਆ ਕਿ 27 ਜੁਲਾਈ ਨੂੰ ਲੋਕਲ ਬਾਡੀਜ਼ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਹੋਈ ਮੀਟਿੰਗ ਦੌਰਾਨ ਆਊਟਸੋਰਸ ਅਤੇ ਠੇਕੇ 'ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਪੱਕੇ ਕਰਨ ਅਤੇ ਠੇਕੇ ਅਧੀਨ ਲਿਆਉਣ ਲਈ ਨੋਟੀਫਿਕੇਸ਼ਨ ਜਾਰੀ ਕਰਕੇ ਮਤਾ ਪਾਸ ਕਰਨ ਦੇ ਹੁਕਮ ਦਿੱਤੇ ਗਏ ਸਨ।
ਉਨ੍ਹਾਂ ਦੋਸ਼ ਲਾਇਆ ਕਿ ਇਸੇ ਸਬੰਧ ਵਿੱਚ ਰੱਖੀ ਮੀਟਿੰਗ ਦੌਰਾਨ ਈਓ ਹਰਪ੍ਰੀਤ ਸਿੰਘ ਅਤੇ ਨਿਰੰਜਨ ਸਿੰਘ ਨੇ ਨੋਟੀਫਿਕੇਸ਼ਨ ਅਨੁਸਾਰ ਮਤਾ ਪਾਉਣ ਤੋਂ ਇਨਕਾਰ ਕਰ ਦਿੱਤਾ। ਯੂਨੀਅਨ ਵੱਲੋਂ ਵਿਰੋਧ ਕਰਨ 'ਤੇ ਦੋਵੇਂ ਅਧਿਕਾਰੀ ਬਿਨਾਂ ਕੋਈ ਮਤਾ ਪਾਸ ਕੀਤੇ ਮੀਟਿੰਗ ਛੱਡ ਕੇ ਚਲੇ ਗਏ, ਜਿਸ ਕਾਰਨ ਕਰਮਚਾਰੀਆਂ ਵਿੱਚ ਭਾਰੀ ਰੋਸ ਹੈ। ਯੂਨੀਅਨ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਜਲਦ ਨਿਯਮਾਂ ਅਨੁਸਾਰ ਮਤਾ ਨਾ ਪਾਇਆ ਗਿਆ ਤਾਂ ਪੂਰੇ ਬਰਨਾਲਾ ਜ਼ਿਲ੍ਹੇ ਵਿੱਚ ਅਣਮਿੱਥੇ ਸਮੇਂ ਲਈ ਹੜਤਾਲ ਕੀਤੀ ਜਾਵੇਗੀ, ਜਿਸ ਦੀ ਪੂਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।
ਇਸ ਮੌਕੇ ਸਕੱਤਰ ਪੰਕਜ ਕੁਮਾਰ, ਨਿਖਿਲ ਕੁਮਾਰ, ਵਿਸ਼ਾਲ ਕੁਮਾਰ, ਰਵੀ ਕੁਮਾਰ, ਸਾਗਰ, ਬੰਧਨਾ, ਪੂਜਾ, ਕ੍ਰਿਸ਼ਨਾ, ਸ਼ੇਖਰ ਕੁਮਾਰ, ਰਾਣੀ, ਸੁਨੀਤਾ, ਕਮਲਾ ਅਤੇ ਕਿਰਨਾ ਸਮੇਤ ਵੱਡੀ ਗਿਣਤੀ ਵਿੱਚ ਸਫਾਈ ਸੇਵਕ ਹਾਜ਼ਰ ਸਨ।
ਕੀ ਕਹਿਣਾ ਹੈ ਪ੍ਰਧਾਨ ਦੇ ਪਤੀ ਦਾ?
ਦੂਜੇ ਪਾਸੇ, ਨਗਰ ਪੰਚਾਇਤ ਪ੍ਰਧਾਨ ਦੇ ਪਤੀ ਨਿਰੰਜਨ ਸਿੰਘ ਨੇ ਆਗੂਆਂ ਦੇ ਦੋਸ਼ਾਂ ਨੂੰ ਨਕਾਰਦਿਆਂ ਦੱਸਿਆ ਕਿ ਮੀਟਿੰਗ ਵਿੱਚ ਈਓ ਅਤੇ ਸਮੂਹ ਐੱਮ.ਸੀ. ਦੀ ਮੌਜੂਦਗੀ ਵਿੱਚ ਸਰਕਾਰੀ ਹਦਾਇਤਾਂ ਅਨੁਸਾਰ 5 ਸਫਾਈ ਸੇਵਕਾਂ ਨੂੰ ਕੰਟਰੈਕਟ ਤੋਂ ਰੈਗੂਲਰ ਕਰਨ ਦਾ ਮਤਾ ਪਾਸ ਕਰ ਦਿੱਤਾ ਗਿਆ ਹੈ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਅਗਲੇ 10 ਤੋਂ 15 ਦਿਨਾਂ ਦੇ ਅੰਦਰ ਆਊਟਸੋਰਸ ਸਫਾਈ ਸੇਵਕਾਂ ਨੂੰ ਵੀ ਠੇਕੇ ਅਧੀਨ ਲਿਆਉਣ ਦਾ ਮਤਾ ਪਾਸ ਕਰ ਦਿੱਤਾ ਜਾਵੇਗਾ।