- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਲਕਾ ਬਰਨਾਲਾ ਦੇ ਸਿਆਸੀ ਖੇਤਰ 'ਚ ਵੱਡੀ ਹਲਚਲ ਦੇਖਣ ਨੂੰ ਮਿਲੀ ਹੈ। ਹਲਕੇ ਅਧੀਨ ਆਉਂਦੀ ਇਕਲੌਤੀ ਨਗਰ ਪੰਚਾਇਤ ਹੰਡਿਆਇਆ ਦੀ ਮੌਜੂਦਾ ਪ੍ਰਧਾਨ ਬੀਬੀ ਸਰਬਜੀਤ ਕੌਰ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਪ੍ਰਧਾਨ ਵੱਲੋਂ ਅਚਾਨਕ ਲਏ ਗਏ ਇਸ ਫ਼ੈਸਲੇ ਨਾਲ ਸਥਾਨਕ ਸਿਆਸਤ ਵਿੱਚ ਭਾਰੀ ਚਰਚਾ ਛਿੜ ਗਈ ਹੈ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਲਕਾ ਬਰਨਾਲਾ ਦੇ ਸਿਆਸੀ ਖੇਤਰ 'ਚ ਵੱਡੀ ਹਲਚਲ ਦੇਖਣ ਨੂੰ ਮਿਲੀ ਹੈ। ਹਲਕੇ ਅਧੀਨ ਆਉਂਦੀ ਇਕਲੌਤੀ ਨਗਰ ਪੰਚਾਇਤ ਹੰਡਿਆਇਆ ਦੀ ਮੌਜੂਦਾ ਪ੍ਰਧਾਨ ਬੀਬੀ ਸਰਬਜੀਤ ਕੌਰ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਪ੍ਰਧਾਨ ਵੱਲੋਂ ਅਚਾਨਕ ਲਏ ਗਏ ਇਸ ਫ਼ੈਸਲੇ ਨਾਲ ਸਥਾਨਕ ਸਿਆਸਤ ਵਿੱਚ ਭਾਰੀ ਚਰਚਾ ਛਿੜ ਗਈ ਹੈ।
ਜ਼ਿਕਰਯੋਗ ਹੈ ਕਿ ਬੀਬੀ ਸਰਬਜੀਤ ਕੌਰ ਵਾਰਡ ਨੰਬਰ 11 ਤੋਂ ਕੌਂਸਲਰ ਵਜੋਂ ਚੁਣੇ ਗਏ ਸਨ ਅਤੇ ਬਾਅਦ ਵਿੱਚ ਉਨ੍ਹਾਂ ਨੇ ਨਗਰ ਪੰਚਾਇਤ ਦੇ ਪ੍ਰਧਾਨ ਵਜੋਂ ਜ਼ਿੰਮੇਵਾਰੀ ਸੰਭਾਲੀ ਸੀ। ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਨੇ ਆਪਣਾ ਅਸਤੀਫ਼ਾ 9 ਅਕਤੂਬਰ ਨੂੰ ਸਬੰਧਤ ਵਿਭਾਗ ਨੂੰ ਸੌਂਪ ਦਿੱਤਾ ਸੀ। ਉਨ੍ਹਾਂ ਆਪਣੇ ਅਸਤੀਫ਼ੇ ਪਿੱਛੇ ਖ਼ਰਾਬ ਸਿਹਤ ਨੂੰ ਮੁੱਖ ਕਾਰਨ ਦੱਸਿਆ ਹੈ।
ਇਸ ਮਾਮਲੇ ਦੀ ਪੁਸ਼ਟੀ ਕਰਦਿਆਂ ਨਗਰ ਪੰਚਾਇਤ ਦੇ ਕਾਰਜ ਸਾਧਕ ਅਫ਼ਸਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪ੍ਰਧਾਨ ਸਰਬਜੀਤ ਕੌਰ ਦਾ ਅਸਤੀਫ਼ਾ ਸਕੱਤਰ ਸਥਾਨਕ ਸਰਕਾਰਾਂ ਆਈ.ਏ.ਐਸ. ਘਣਸ਼ਾਮ ਥੋਰੀ ਵੱਲੋਂ ਮਨਜ਼ੂਰ ਕਰ ਲਿਆ ਗਿਆ ਹੈ। ਉਨ੍ਹਾਂ ਬਰਨਾਲਾ ਦੇ ਡਿਪਟੀ ਕਮਿਸ਼ਨਰ, ਵਧੀਕ ਡਿਪਟੀ ਕਮਿਸ਼ਨਰ ਅਤੇ ਕਾਰਜ ਸਾਧਕ ਅਫ਼ਸਰ ਨੂੰ ਈ-ਮੇਲ ਰਾਹੀਂ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਹੁਣ ਨਗਰ ਪੰਚਾਇਤ ਹੰਡਿਆਇਆ ਵਿੱਚ ਪ੍ਰਧਾਨ ਅਤੇ ਮੀਤ ਪ੍ਰਧਾਨ ਦੋਵੇਂ ਅਹੁਦੇ ਖਾਲੀ ਹੋ ਗਏ ਹਨ।
ਗੌਰਤਲਬ ਹੈ ਕਿ ਮੀਤ ਪ੍ਰਧਾਨ ਦਾ ਕਾਰਜਕਾਲ ਇੱਕ ਸਾਲ ਦਾ ਹੁੰਦਾ ਹੈ ਅਤੇ ਇਸ ਤੋਂ ਪਹਿਲਾਂ ਮੀਤ ਪ੍ਰਧਾਨ ਦੀ ਕੁਰਸੀ 'ਤੇ ਮਹਿੰਦਰ ਕੌਰ ਬਿਰਾਜਮਾਨ ਸਨ। ਨਗਰ ਪੰਚਾਇਤ ਹੰਡਿਆਇਆ ਵਿੱਚ ਇਸ ਵਾਰ ਚੁਣੇ ਗਏ ਕੌਂਸਲਰਾਂ 'ਚ ਕਰਮ ਬਾਰਡ ਨੰਬਰ 1 ਵੀਰਪਾਲ ਕੌਰ, 2 ਰੂਪੀ ਕੌਰ, 3 ਮੰਜੂ ਰਾਣੀ, 4 ਚਰਨੋ ਕੌਰ, 5 ਰੇਸ਼ਮਾਂ, 6 ਗੁਰਮੀਤ ਸਿੰਘ ਬਾਵਾ, 7 ਮਹਿੰਦਰ ਕੌਰ, 8 ਕੁਲਦੀਪ ਸਿੰਘ ਤਾਜਪੁਰੀਆ, 9 ਬਸਵਾ ਸਿੰਘ, 10 ਹਰਪ੍ਰੀਤ ਕੌਰ, 11 ਸਰਬਜੀਤ ਕੌਰ, 12 ਬਲਵੀਰ ਸਿਘ ਮੇਹਰਮਿਆ, 13 ਅਮਰ ਦਾਸ ਚੁਣੇ ਗਏ ਕੌਂਸਲਰ ਹਨ।
ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਕਰੀਬ 20 ਮਹੀਨਿਆਂ ਤੱਕ ਪ੍ਰਧਾਨਗੀ ਦੀ ਜ਼ਿੰਮੇਵਾਰੀ ਨਿਭਾਉਣ ਤੋਂ ਬਾਅਦ ਅਚਾਨਕ ਅਸਤੀਫ਼ਾ ਦੇਣ ਨੂੰ ਹਲਕੇ ਵਿੱਚ ਸਿਆਸੀ ਧਮਾਕੇ ਵਜੋਂ ਦੇਖਿਆ ਜਾ ਰਿਹਾ ਹੈ। ਭਾਵੇਂ ਅਸਤੀਫ਼ੇ ਦਾ ਕਾਰਨ ਸਿਹਤ ਖ਼ਰਾਬ ਹੋਣਾ ਦੱਸਿਆ ਗਿਆ ਹੈ, ਪਰ ਸਿਆਸੀ ਗਲਿਆਰਿਆਂ ਵਿੱਚ ਚਰਚਾਵਾਂ ਹਨ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀ ਜਲਦੀ ਹੀ ਆਪਣੇ ਕਿਸੇ ਚਹੇਤੇ ਨੂੰ ਪ੍ਰਧਾਨਗੀ ਅਤੇ ਮੀਤ ਪ੍ਰਧਾਨਗੀ ਦੀ ਕੁਰਸੀ 'ਤੇ ਬਿਰਾਜਮਾਨ ਕਰ ਸਕਦੀ ਹੈ। ਫਿਲहाल ਵਿਭਾਗ ਵੱਲੋਂ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।