ਬਰਨਾਲਾ ਨਗਰ ਨਿਗਮ ਦਾ ਵੱਡਾ ਉੱਦਮ, ਸ਼ਹਿਰ ਨੂੰ ਹਾਈਟੈਕ ਬਣਾਉਣ ਲਈ 57 ਹਜ਼ਾਰ ਘਰਾਂ 'ਤੇ ਲੱਗਣਗੇ ਕਿਊਆਰ ਕੋਡ
ਇਸ ਨਵੇਂ ਸਿਸਟਮ ਨਾਲ ਸ਼ਹਿਰ ਦੇ ਹਰੇਕ ਘਰ ਅਤੇ ਦੁਕਾਨ-ਕਾਰੋਬਾਰ ਦੇ ਬਾਹਰ ਵਿਸ਼ੇਸ਼ ਕਿਊਆਰ ਕੋਡ ਵਾਲੀ ਡਿਜੀਟਲ ਨੰਬਰ ਪਲੇਟ ਲਗਾਈ ਜਾਵੇਗੀ। ਇਹ ਕੋਡ ਲੱਗਣ ਸਾਰ ਪੁਰਾਣੇ ਮਕਾਨ ਨੰਬਰ ਰੱਦ ਹੋ ਜਾਣਗੇ ਅਤੇ ਸਿਰਫ਼ ਨਵਾਂ ਡਿਜੀਟਲ ਨੰਬਰ ਹੀ ਮਾਨਤਾ ਪ੍ਰਾਪਤ ਹੋਵੇਗਾ।
Publish Date: Sun, 30 Aug 2026 04:57 PM (IST)
Updated Date: Sun, 30 Aug 2026 05:01 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ। ਬਰਨਾਲਾ ਨਗਰ ਨਿਗਮ ਵੱਲੋਂ ਸ਼ਹਿਰ ਨੂੰ ਪੂਰਾ ਆਧੁਨਿਕ ਤੇ ਹਾਈਟੈਕ ਬਣਾਉਣ ਦੀ ਤਿਆਰੀ ਕਰ ਲਈ ਗਈ ਹੈ। ਇਸੇ ਸੁਧਾਰ ਤਹਿਤ ਸ਼ਹਿਰ ਦੀਆਂ ਲਗਪਗ 57 ਹਜ਼ਾਰ ਰਿਹਾਇਸ਼ੀ ਤੇ ਵਪਾਰਕ ਜਾਇਦਾਦਾਂ ਨੂੰ ਪਹਿਲੀ ਵਾਰ ਡਿਜੀਟਲ ਕਰਨ ਦਾ ਵੱਡਾ ਆਹਰ ਪਾਇਆ ਗਿਆ ਹੈ। ਨਿਗਮ ਨੇ ਅਗਲੇ ਦੋ ਮਹੀਨਿਆਂ ਦੇ ਅੰਦਰ-ਅੰਦਰ ਇਹ ਸਾਰਾ ਕੰਮ ਨਿਬੇੜਨ ਦਾ ਟੀਚਾ ਮਿੱਥਿਆ ਹੈ।
ਇਸ ਨਵੇਂ ਸਿਸਟਮ ਨਾਲ ਸ਼ਹਿਰ ਦੇ ਹਰੇਕ ਘਰ ਅਤੇ ਦੁਕਾਨ-ਕਾਰੋਬਾਰ ਦੇ ਬਾਹਰ ਵਿਸ਼ੇਸ਼ ਕਿਊਆਰ ਕੋਡ ਵਾਲੀ ਡਿਜੀਟਲ ਨੰਬਰ ਪਲੇਟ ਲਗਾਈ ਜਾਵੇਗੀ। ਇਹ ਕੋਡ ਲੱਗਣ ਸਾਰ ਪੁਰਾਣੇ ਮਕਾਨ ਨੰਬਰ ਰੱਦ ਹੋ ਜਾਣਗੇ ਅਤੇ ਸਿਰਫ਼ ਨਵਾਂ ਡਿਜੀਟਲ ਨੰਬਰ ਹੀ ਮਾਨਤਾ ਪ੍ਰਾਪਤ ਹੋਵੇਗਾ।
ਨਗਰ ਨਿਗਮ ਦੇ ਕਮਿਸ਼ਨਰ ਹਰਪ੍ਰੀਤ ਸਿੰਘ, ਕਾਰਜ ਸਾਧਕ ਅਫਸਰ ਹਰਪ੍ਰੀਤ ਸਿੰਘ ਤੇ ਜੂਨੀਅਰ ਇੰਜੀਨੀਅਰ ਨਿਖ਼ਲ ਕੌਸ਼ਲ ਨੇ 'ਪੰਜਾਬੀ ਜਾਗਰਣ' ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਸੁਵਿਧਾ ਨਾਲ ਲੋਕਾਂ ਨੂੰ ਪ੍ਰਾਪਰਟੀ ਟੈਕਸ, ਪਾਣੀ ਤੇ ਸੀਵਰੇਜ ਦੇ ਬਿੱਲ ਭਰਨ ਲਈ ਨਿਗਮ ਦੇ ਗੇੜੇ ਨਹੀਂ ਮਾਰਨੇ ਪੈਣਗੇ, ਇਹ ਸਾਰੇ ਕੰਮ ਘਰ ਬੈਠਿਆਂ ਹੀ ਹੋ ਜਾਣਗੇ। ਜਨਮ-ਮੌਤ ਦੇ ਸਰਟੀਫਿਕੇਟ ਤੇ ਹੋਰ ਜ਼ਰੂਰੀ ਕਾਗਜ਼-ਪੱਤਰ ਵੀ ਆਨਲਾਈਨ ਹੀ ਅਪਲਾਈ ਕੀਤੇ ਜਾ ਸਕਣਗੇ।
ਇੱਕੋ ਕੋਡ ’ਚ ਸਮਾਊ ਜਾਇਦਾਦ ਦਾ ਪੂਰਾ ਬਹੀ-ਖਾਤਾ
ਨਵੀਂ ਪ੍ਰਣਾਲੀ ਨਾਲ ਹਰੇਕ ਜਾਇਦਾਦ ਦਾ ਇੱਕ ਪੱਕਾ ਡਿਜੀਟਲ ਰਿਕਾਰਡ ਤਿਆਰ ਹੋਵੇਗਾ। ਕਿਊਆਰ ਕੋਡ ਸਕੈਨ ਕਰਦਿਆਂ ਹੀ ਜ਼ਮੀਨ-ਜਾਇਦਾਦ ਦੀ ਪੂਰੀ ਵੇਰਵਾ ਸਕ੍ਰੀਨ ’ਤੇ ਆ ਜਾਊਗਾ, ਜਿਸ ਨਾਲ ਰਿਕਾਰਡ ਸਾਂਭਣਾ ਸੌਖਾ ਹੋ ਜਾਵੇਗਾ। ਧੋਖਾਧੜੀ ਤੋਂ ਬਚਾਅ ਤੇ ਪਾਰਦਰਸ਼ਤਾ ਲਈ ਹਰੇਕ ਸੇਵਾ ਜਾਂ ਲੈਣ-ਦੇਣ ਵੇਲੇ ਰਜਿਸਟਰਡ ਮੋਬਾਈਲ ’ਤੇ ਓ.ਟੀ.ਪੀ. ਆਵੇਗਾ। ਨਿਗਮ ਦੀਆਂ ਖ਼ਾਸ ਸੂਚਨਾਵਾਂ ਵੀ ਫ਼ੋਨ ’ਤੇ ਹੀ ਮਿਲਿਆ ਕਰਨਗੀਆਂ।
57 ਹਜ਼ਾਰ ਘਰਾਂ ’ਤੇ ਲੱਗਣਗੇ ਬਰਨਾਲਾ ਨਗਰ ਨਿਗਮ ਦਾ ਵੱਡਾ ਉੱਦਮ
'ਪੰਜਾਬੀ ਜਾਗਰਣ' ਨਾਲ ਇੱਕ ਨਿੱਜੀ ਮਿਲਣੀ ਦੌਰਾਨ ਮੇਅਰ ਹਸਨਪ੍ਰੀਤ ਭਾਰਦਵਾਜ਼ ਨੇ ਦੱਸਿਆ ਕਿ ਇਸ ਕੰਮ ਲਈ ਨਿਗਮ ਨੇ ਇੱਕ ਨਿੱਜੀ ਕੰਪਨੀ ਤੋਂ ਘਰ-ਘਰ ਜਾ ਕੇ ਪੂਰੀ ਪੜਤਾਲ 'ਤੇ ਸਰਵੇ ਕਰਵਾ ਲਿਆ, 57 ਹਜ਼ਾਰ ਦੇ ਕਰੀਬ ਜਾਇਦਾਦਾਂ ਦਾ ਡਿਜੀਟਲ ਰਿਕਾਰਡ ਤਿਆਰ ਕਰਕੇ ਇਨ੍ਹਾਂ ਨੂੰ ਗੂਗਲ ਮੈਪ ਨਾਲ ਵੀ ਜੋੜ ਦਿੱਤਾ ਗਿਆ ਹੈ।
ਇਸ ਨਾਲ ਡਾਕ, ਕੂਰੀਅਰ ਤੇ ਐਮਰਜੈਂਸੀ ਗੱਡੀਆਂ (ਐਂਬੂਲੈਂਸ/ਫ਼ਾਇਰ ਬ੍ਰਿਗੇਡ) ਲਈ ਪਤਾ ਲੱਭਣਾ ਬਹੁਤ ਸੁਖਾਲਾ ਹੋ ਜਾਊਗਾ। ਜੇ ਕਿਸੇ ਪੁਰਾਣੇ ਘਰ ਜਾਂ ਜਾਇਦਾਦ ਦੀ ਪਰਿਵਾਰਕ ਵੰਡ ਹੋ ਚੁੱਕੀ ਹੈ ਤਾਂ ਹੁਣ ਹਰੇਕ ਹਿੱਸੇਦਾਰ ਨੂੰ ਵੱਖਰਾ ਡਿਜੀਟਲ ਨੰਬਰ ਮਿਲੇਗਾ।
ਮੇਅਰ ਨੇ ਦੱਸਿਆ ਕਿ ਕਿ ਸੂਬਾ ਸਰਕਾਰ ਤੇ ਐੱਮ.ਪੀ. ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ਹੇਠ ਬਰਨਾਲੇ ਦੇ ਲੋਕਾਂ ਨੂੰ ਵਧੀਆ ਤੇ ਪਾਰਦਰਸ਼ੀ ਸਹੂਲਤਾਂ ਦੇਣ ਲਈ ਦਿਨ-ਰਾਤ ਇੱਕ ਕੀਤਾ ਜਾ ਰਿਹਾ ਹੈ। ਜਾਇਦਾਦਾਂ ਦੇ ਡਿਜੀਟਲੀਕਰਨ ਨਾਲ ਸ਼ਹਿਰ ਵਾਸੀਆਂ ਨੂੰ ਟੈਕਸਾਂ ਤੇ ਦਸਤਾਵੇਜ਼ੀ ਕੰਮਾਂ-ਕਾਰਾਂ ’ਚ ਬਹੁਤ ਵੱਡੀ ਰਾਹਤ ਮਿਲੇਗੀ।