- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਰਨਾਲਾ ਘਟਨਾ: ਮੇਅਰ ਹਸਨਪ੍ਰੀਤ ਭਾਰਦਵਾਜ ਨੇ ਜਖ਼ਮੀ ਸਫ਼ਾਈ ਸੇਵਕਾਂ ਦਾ ਜਾਣਿਆ ਹਾਲ-ਚਾਲ

- ਡੀਸੀ ਤੇ ਐੱਸਐੱਸਪੀ ਨਾਲ ਮੇਅਰ ਨੇ ਰੈੱਡ ਕਰਾਸ ਵੱਲੋਂ 7.50 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇ ਚੈੱਕ ਵੰਡੇ
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ
ਬਰਨਾਲਾ : ਨਗਰ ਨਿਗਮ ਬਰਨਾਲਾ ਦੇ ਪਹਿਲੇ ਮੇਅਰ ਹਸਨਪ੍ਰੀਤ ਭਾਰਦਵਾਜ ਨੇ ਸਥਾਨਕ ਸਿਵਲ ਹਸਪਤਾਲ ਪਹੁੰਚ ਕੇ ਇੱਕ ਮੰਦਭਾਗੀ ਘਟਨਾ ਦੌਰਾਨ ਜ਼ਖ਼ਮੀ ਹੋਏ ਸਫ਼ਾਈ ਕਰਮਚਾਰੀਆਂ ਦਾ ਹਾਲ-ਚਾਲ ਪੁੱਛਿਆ। ਇਸ ਮੌਕੇ ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਬਰਨਾਲਾ ਹਰਪ੍ਰੀਤ ਸਿੰਘ ਆਈਏਐੱਸ ਅਤੇ ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫ਼ਰਾਜ਼ ਆਲਮ ਆਈਪੀਐੱਸ ਵੀ ਮੌਜੂਦ ਸਨ। ਪੰਜਾਬ ਸਰਕਾਰ ਵੱਲੋਂ ਰੈੱਡ ਕਰਾਸ ਬਰਨਾਲਾ ਦੇ ਸਹਿਯੋਗ ਨਾਲ, ਹਸਪਤਾਲ ਵਿੱਚ ਜ਼ੇਰ-ਏ-ਇਲਾਜ 13 ਜ਼ਖ਼ਮੀ ਸਫ਼ਾਈ ਕਾਮਿਆਂ ਨੂੰ ਕੁੱਲ 7.50 ਲੱਖ ਰੁਪਏ ਦੇ ਰਾਹਤ ਚੈੱਕ ਸੌਂਪੇ ਗਏ। ਇਸ ਦੌਰਾਨ ਭਾਵੁਕ ਹੁੰਦਿਆਂ ਮੇਅਰ ਹਸਨਪ੍ਰੀਤ ਭਾਰਦਵਾਜ ਨੇ ਕਿਹਾ ਕਿ ਬਰਨਾਲਾ ਵਿੱਚ ਵਾਪਰਿਆ ਇਹ ਹਾਦਸਾ ਅਤਿ-ਨਿੰਦਣਯੋਗ ਹੈ ਅਤੇ ਇਸ ਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ ਘੱਟ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਤੋਂ ਬਾਅਦ ਉਹ ਖ਼ੁਦ ਇਨ੍ਹਾਂ ਸਫ਼ਾਈ ਕਾਮਿਆਂ ਨਾਲ ਅੱਖਾਂ ਮਿਲਾ ਕੇ ਗੱਲ ਕਰਨ ਜੋਗੇ ਨਹੀਂ ਰਹੇ।
ਇਸ ਮੌਕੇ ਮੇਅਰ ਨੇ ਕਿਹਾ ਕਿ ਇਹ ਸਫ਼ਾਈ ਕਰਮਚਾਰੀ ਸਿਰਫ਼ ਉਨ੍ਹਾਂ ਦੇ ਵਾਰਡ ਵਾਸੀ ਹੀ ਨਹੀਂ, ਸਗੋਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਾਂਗ ਹਨ। ਉਨ੍ਹਾਂ ਦੇ ਸਰੀਰ ’ਤੇ ਲੱਗੀਆਂ ਸੱਟਾਂ ਅਤੇ ਜ਼ਖ਼ਮਾਂ ਨੇ ਉਸ ਦਾ ਹਿਰਦਾ ਵਲੂੰਧਰ ਕੇ ਰੱਖ ਦਿੱਤਾ ਹੈ। ਉਨ੍ਹਾਂ ਇਨ੍ਹਾਂ ਕਾਮਿਆਂ ਦੇ ਪੈਰੀਂ ਹੱਥ ਲਾ ਕੇ ਅਤੇ ਦੋਵੇਂ ਹੱਥ ਜੋੜ ਕੇ ਮਾਫ਼ੀ ਮੰਗੀ। ਨਾਲ ਹੀ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਮੌਜੂਦਾ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਵੀ ਜਨਤਕ ਤੌਰ ’ਤੇ ਬਰਨਾਲਾ ਦੇ ਸਫ਼ਾਈ ਕਾਮਿਆਂ ਤੋਂ ਮਾਫ਼ੀ ਮੰਗੀ ਹੈ। ਸਫ਼ਾਈ ਕਰਮਚਾਰੀ ਯੂਨੀਅਨ ਬਰਨਾਲਾ ਦੇ ਪ੍ਰਧਾਨ ਗੁਲਸ਼ਨ, ਆਗੂ ਵਿੱਕੀ ਅਤੇ ਵਿਨੈ ਦੀ ਹਾਜ਼ਰੀ ਵਿੱਚ ਮੇਅਰ ਨੇ ਭਰੋਸਾ ਦਿਵਾਇਆ ਕਿ ਉਹ ਜ਼ਖ਼ਮੀ ਸਫ਼ਾਈ ਕਰਮਚਾਰੀਆਂ ਨੂੰ ਇਨਸਾਫ਼ ਦਿਵਾਉਣ ਲਈ ਹਰ ਸੰਭਵ ਚਾਰਾਜੋਈ ਕਰਨਗੇ। ਉਨ੍ਹਾਂ ਦੇ ਉਚਿਤ ਇਲਾਜ ਲਈ ਉਹ ਖੁਦ ਅੱਗੇ ਆਉਣਗੇ। ਇਸ ਮੌਕੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਅਤੇ ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫ਼ਰਾਜ਼ ਆਲਮ ਨੇ ਵੀ ਜ਼ਖ਼ਮੀਆਂ ਦਾ ਖ਼ੈਰ-ਸੁੱਖ ਪੁੱਛਿਆ ਅਤੇ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਆਰਥਿਕ ਤੇ ਪ੍ਰਸ਼ਾਸਨਿਕ ਮਦਦ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ। ਇਸ ਮੌਕੇ ਸੀਆਈਏ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਤੋਂ ਇਲਾਵਾ ਜ਼ਿਲ੍ਹਾ ਬਰਨਾਲਾ ਦੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਹੋਰ ਉੱਚ ਅਧਿਕਾਰੀ ਵੀ ਹਾਜ਼ਰ ਸਨ।