- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਥਾਨਕ ਸ਼ਹਿਰ ਦੀ ਸੰਘਣੀ ਆਬਾਦੀ 'ਚ ਚੋਰਾਂ ਨੇ ਦੁਕਾਨਦਾਰਾਂ ਦਾ ਵੱਡਾ ਨੁਕਸਾਨ ਕਰ ਦਿੱਤਾ। ਚੋਰ ਇੱਕੋ ਰਾਤ ’ਚ ਦੋ ਦੁਕਾਨਾਂ ਨੂੰ ਨਿਸ਼ਾਨਾ ਬਣਾ ਕੇ ਨਕਦੀ ਤੇ ਹੋਰ ਕੀਮਤੀ ਸਾਮਾਨ ਲੈ ਕੇ ਰਫੂ-ਚੱਕਰ ਹੋ ਗਏ। ਏਸ ਘਟਨਾ ਤੋਂ ਬਾਅਦ ਇਲਾਕੇ ਦੇ ਦੁਕਾਨਦਾਰਾਂ ’ਚ ਭਾਰੀ ਰੋਸ ਹੈ ਤੇ ਉਹਨਾਂ ਨੇ ਪ੍ਰਸ਼ਾਸਨ ਦੇ ਸੁਰੱਖਿਆ ਪ੍ਰਬੰਧਾਂ ਦੀ ਫੂਕ ਕੱਢਦਿਆਂ ਗਸ਼ਤ ਵਧਾਉਣ ਦੀ ਮੰਗ ਕੀਤੀ ਹੈ।

ਯਾਦਵਿੰਦਰ ਸਿੰਘ ਭੁੱਲਰ / ਰੇਸ਼ਮ ਦੂਆ, ਪੰਜਾਬੀ ਜਾਗਰਣ, ਬਰਨਾਲਾ : ਸਥਾਨਕ ਸ਼ਹਿਰ ਦੀ ਸੰਘਣੀ ਆਬਾਦੀ 'ਚ ਚੋਰਾਂ ਨੇ ਦੁਕਾਨਦਾਰਾਂ ਦਾ ਵੱਡਾ ਨੁਕਸਾਨ ਕਰ ਦਿੱਤਾ। ਚੋਰ ਇੱਕੋ ਰਾਤ ’ਚ ਦੋ ਦੁਕਾਨਾਂ ਨੂੰ ਨਿਸ਼ਾਨਾ ਬਣਾ ਕੇ ਨਕਦੀ ਤੇ ਹੋਰ ਕੀਮਤੀ ਸਾਮਾਨ ਲੈ ਕੇ ਰਫੂ-ਚੱਕਰ ਹੋ ਗਏ। ਏਸ ਘਟਨਾ ਤੋਂ ਬਾਅਦ ਇਲਾਕੇ ਦੇ ਦੁਕਾਨਦਾਰਾਂ ’ਚ ਭਾਰੀ ਰੋਸ ਹੈ ਤੇ ਉਹਨਾਂ ਨੇ ਪ੍ਰਸ਼ਾਸਨ ਦੇ ਸੁਰੱਖਿਆ ਪ੍ਰਬੰਧਾਂ ਦੀ ਫੂਕ ਕੱਢਦਿਆਂ ਗਸ਼ਤ ਵਧਾਉਣ ਦੀ ਮੰਗ ਕੀਤੀ ਹੈ।
ਚੋਰਾਂ ਨੇ ਐਂ ਤੋੜੇ ਗੇਟ ਤੇ ਜੰਗਲੇ
ਪੀੜਤ ਦੁਕਾਨਦਾਰ ਸ਼ੁਭਮ ਕੁਮਾਰ ਤੇ ਨਰੇਸ਼ ਕੁਮਾਰ ਨੇ ਦੱਸਿਆ ਕਿ ਉਹ ਰਾਤ ਨੂੰ ਆਪਣੀਆਂ ਦੁਕਾਨਾਂ ਚੰਗੀ ਤਰ੍ਹਾਂ ਢੋਅ ਕੇ ਘਰੇ ਗਏ ਸੀ। ਸਵੇਰੇ ਜਦੋਂ ਦੁਕਾਨਾਂ ਖੋਲ੍ਹਣ ਆਏ ਤਾਂ ਅੰਦਰ ਦਾ ਹਾਲ ਦੇਖ ਕੇ ਪਸੀਨੇ ਛੁੱਟ ਗਏ। ਅੰਦਰ ਸਾਰਾ ਸਾਮਾਨ ਇੱਧਰ-ਉੱਧਰ ਖਿਲਰਿਆ ਪਿਆ ਸੀ ਤੇ ਤਾਲੇ ਭੰਨੇ ਹੋਏ ਸੀ।
ਇੱਕ ਦੁਕਾਨ ’ਚ ਤਾਂ ਚੋਰ ਉੱਪਰਲੇ ਗੇਟ ਰਾਹੀਂ ਅੰਦਰ ਵੜੇ, ਜਦਕਿ ਦੂਜੀ ਦੁਕਾਨ ਦੇ ਜੰਗਲੇ ਤੋੜ ਕੇ ਦਾਖਲ ਹੋਏ। ਚੋਰ ਗੱਲੇ 'ਚ ਪਈ ਨਕਦੀ ਤੇ ਹੋਰ ਮਹਿੰਗਾ ਸਾਮਾਨ ਲੈ ਕੇ ਚਲਦੇ ਬਣੇ।
ਪੌਣੇ ਘੰਟੇ ਬਾਅਦ ਪਹੁੰਚੀ ਪੁਲਿਸ : ਕੈਮਰੇ ਫਰੋਲਣ 'ਚ ਜੁਟੀ
ਦੁਕਾਨਦਾਰਾਂ ਨੇ ਦੱਸਿਆ ਕਿ ਘਟਨਾ ਦੀ ਇਤਲਾਹ ਤੁਰੰਤ ਪੁਲਿਸ ਨੂੰ ਦਿੱਤੀ ਗਈ ਸੀ, ਪਰ ਪੌਣੇ ਘੰਟੇ ਬਾਅਦ ਕਿਤੇ ਜਾ ਕੇ ਪੀਸੀਆਰ ਦੀ ਗੱਡੀ ਮੌਕੇ ’ਤੇ ਪਹੁੰਚੀ। ਮੌਕੇ ’ਤੇ ਆਏ ਮੁਲਾਜ਼ਮਾਂ ਨੇ ਇਹ ਕਹਿ ਕੇ ਪੱਲਾ ਝਾੜ ਦਿੱਤਾ ਕਿ ਜਾਂਚ ਤਾਂ ਤਫ਼ਤੀਸ਼ੀ ਅਫ਼ਸਰ ਦੇ ਆਏ ਤੋਂ ਹੀ ਸ਼ੁਰੂ ਹੋਊਗੀ।
ਇਸ ਤੋਂ ਕੁਝ ਚਿਰ ਬਾਅਦ ਸਹਾਇਕ ਥਾਣੇਦਾਰ ਸਤਨਾਮ ਸਿੰਘ ਪੁਲਿਸ ਨਫ਼ਰੀ ਨਾਲ ਮੌਕੇ ’ਤੇ ਪਹੁੰਚੇ। ਉਹਨਾਂ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਘਾਲਣੀ ਸ਼ੁਰੂ ਕੀਤੀ।
ਚੋਰਾਂ ਨੂੰ ਜਲਦ ਪਾਵਾਂਗੇ ਨੱਥ : ਪੁਲਿਸ
ਜਦੋਂ ਇਸ ਸਬੰਧੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸਤਨਾਮ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਉਨ੍ਹਾ ਵਲੋਂ ਚੋਰਾਂ ਦੀ ਪੈੜ ਨੱਪਣ ਲਈ ਆਸ-ਪਾਸ ਦੇ ਕੈਮਰੇ ਚੈੱਕ ਕੀਤੇ ਜਾ ਰਹੇ ਨੇ। ਚੋਰਾਂ ਨੂੰ ਬਹੁਤ ਜਲਦੀ ਨੱਥ ਪਾ ਲਈ ਜਾਵੇਗੀ। ਦੁਕਾਨਦਾਰਾਂ ਦੇ ਬਿਆਨ ਕਲਮਬੰਦ ਕਰਕੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਤੇ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ।