- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੰਡਿਆਇਆ ਰੋਡ 'ਤੇ ਸਥਿਤ ਇੱਕ ਸ਼ੋਅਰੂਮ ਵਿੱਚੋਂ ਚੋਰਾਂ ਵੱਲੋਂ ਜਨਮ ਅਸ਼ਟਮੀ ਵਾਲੇ ਦਿਨ ਭਗਵਾਨ ਸ੍ਰੀ ਗਣੇਸ਼ ਜੀ ਦੀ ਪਿੱਤਲ ਦੀ ਭਾਰੀ ਮੂਰਤੀ, ਏਸੀ ਅਤੇ ਐੱਲ.ਸੀ.ਡੀ. ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸੇ ਸ਼ੋਅਰੂਮ ਵਿੱਚ ਲਗਾਤਾਰ ਚੌਥੀ ਵਾਰ ਚੋਰੀ ਦੀ ਵਾਰਦਾਤ ਵਾਪਰੀ ਹੈ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਹੰਡਿਆਇਆ ਰੋਡ 'ਤੇ ਸਥਿਤ ਇੱਕ ਸ਼ੋਅਰੂਮ ਵਿੱਚੋਂ ਚੋਰਾਂ ਵੱਲੋਂ ਜਨਮ ਅਸ਼ਟਮੀ ਵਾਲੇ ਦਿਨ ਭਗਵਾਨ ਸ੍ਰੀ ਗਣੇਸ਼ ਜੀ ਦੀ ਪਿੱਤਲ ਦੀ ਭਾਰੀ ਮੂਰਤੀ, ਏਸੀ ਅਤੇ ਐੱਲਸੀਡੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸੇ ਸ਼ੋਅਰੂਮ ਵਿੱਚ ਲਗਾਤਾਰ ਚੌਥੀ ਵਾਰ ਚੋਰੀ ਦੀ ਵਾਰਦਾਤ ਵਾਪਰੀ ਹੈ।
ਸੀਸੀਟੀਵੀ ਫੁਟੇਜ ਮੁਤਾਬਕ ਚੋਰ ਨੇ ਸਵੇਰੇ 5:14 ਵਜੇ ਮੁੱਖ ਦਰਵਾਜ਼ੇ ਦੇ ਤਿੰਨ ਜਿੰਦੇ ਰੋਡ ਨਾਲ ਭੰਨੇ ਅਤੇ ਅੰਦਰਲੇ ਐਲੂਮੀਨੀਅਮ ਦੇ ਸ਼ੀਸ਼ੇ ਵਾਲੇ ਗੇਟ ਨੂੰ ਤੋੜ ਕੇ ਅੰਦਰ ਦਾਖ਼ਲ ਹੋਇਆ। ਉਸ ਨੇ ਸਿਰਫ਼ 18 ਮਿੰਟਾਂ ਦੇ ਅੰਦਰ (ਸਵੇਰੇ 5:32 ਵਜੇ ਤੱਕ) ਵਾਰਦਾਤ ਨੂੰ ਅੰਜ਼ਾਮ ਦਿੱਤਾ ਅਤੇ ਸਿਲਵਰ ਰੰਗ ਦੇ ਸਪਲੈਂਡਰ ਮੋਟਰਸਾਈਕਲ 'ਤੇ ਫ਼ਰਾਰ ਹੋ ਗਿਆ।
ਚਾਰ ਦਿਨ ਬਾਅਦ ਹੋਈ ਚੌਥੀ ਚੋਰੀ
ਚਾਰ ਦਿਨ ਪਹਿਲਾਂ ਵੀ ਇਸੇ ਚੋਰ ਨੇ ਸ਼ੋਅਰੂਮ 'ਚੋਂ ਲੈਪਟਾਪ, ਘੜੀਆਂ, 65 ਹਜ਼ਾਰ ਦੀ ਨਕਦੀ ਅਤੇ ਹੋਰ ਸਾਮਾਨ ਚੋਰੀ ਕੀਤਾ ਸੀ। ਉਸ ਸਮੇਂ ਵੀ ਉਸ ਨੇ ਗਣੇਸ਼ ਜੀ ਦੀ ਮੂਰਤੀ ਚੁੱਕ ਲਈ ਸੀ, ਪਰ ਲੈ ਕੇ ਜਾਣ 'ਚ ਅਸਫ਼ਲ ਰਹਿਣ ਕਾਰਨ ਮੂਰਤੀ ਬਾਹਰੀ ਦੀਵਾਰ 'ਤੇ ਹੀ ਛੱਡ ਗਿਆ ਸੀ। ਮਾਲਕਾਂ ਵੱਲੋਂ ਦਰਵਾਜ਼ੇ ਪੱਕੇ ਤੌਰ 'ਤੇ ਵੈਲਡਿੰਗ ਕਰਵਾਉਣ ਦੇ ਬਾਵਜੂਦ ਚੋਰ ਨੇ ਮੁੜ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਸ਼ੋਅਰੂਮ ਮਾਲਕ ਵਨਿਸ਼ ਕਾਂਸਲ ਅਤੇ ਉਨ੍ਹਾਂ ਦੇ ਪਿਤਾ ਸੰਦੀਪ ਕਾਂਸਲ ਨੇ ਦੱਸਿਆ ਕਿ ਵਾਰ-ਵਾਰ ਸ਼ਿਕਾਇਤਾਂ ਦੇਣ ਦੇ ਬਾਵਜੂਦ ਪੁਲਿਸ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਲਗਾਤਾਰ ਹੋ ਰਹੀਆਂ ਚੋਰੀਆਂ ਕਾਰਨ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ।
ਵਿਧਾਇਕ ਕਾਲਾ ਢਿੱਲੋ ਨੇ ਚੁੱਕੇ ਸੁਰੱਖਿਆ 'ਤੇ ਸਵਾਲ
ਮੌਕੇ 'ਤੇ ਪਹੁੰਚੇ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਪੁਲਿਸ ਦੀ ਕਾਰਜਗੁਜ਼ਾਰੀ 'ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਪੁਲਿਸ ਰਾਜਨੀਤਕ ਦਖ਼ਲਅੰਦਾਜ਼ੀ ਛੱਡ ਕੇ ਅਮਨ-ਕਾਨੂੰਨ ਦੀ ਸਥਿਤੀ 'ਤੇ ਧਿਆਨ ਦੇਵੇ। ਉਨ੍ਹਾਂ ਮੰਗ ਕੀਤੀ ਕਿ ਚੋਰਾਂ ਨੂੰ ਜਲਦ ਗ੍ਰਿਫ਼ਤਾਰ ਕਰਕੇ ਮਾਲਕਾਂ ਦੇ ਨੁਕਸਾਨ ਦੀ ਭਰਪਾਈ ਕਰਵਾਈ ਜਾਵੇ।
ਪਰਚਾ ਕਰਤਾ, ਚੋਰ ਫੜਿਆ ਲਓ : ਐੱਸਐੱਸਪੀ
ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫ਼ਰਾਜ਼ ਆਲਮ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਸੀਆਈਏ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਤੇ ਥਾਣਾ ਸਿਟੀ-2 ਦੀ ਟੀਮ ਨੂੰ ਸੌਂਪੀ ਗਈ ਹੈ। ਸੀਸੀਟੀਵੀ ਫੁਟੇਜ ਤੇ ਨਾਕੇਬੰਦੀ ਜ਼ਰੀਏ ਚੋਰ ਦੀ ਭਾਲ ਕੀਤੀ ਜਾ ਰਹੀ ਹੈ। ਐੱਸਐੱਸਪੀ ਨੇ ਸਪੱਸ਼ਟ ਕੀਤਾ ਕਿ ਚੋਰੀ ਦਾ ਸਾਮਾਨ ਖ਼ਰੀਦਣ ਵਾਲੇ ਵਿਅਕਤੀ ਖ਼ਿਲਾਫ਼ ਵੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।