- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਸੰਘੇੜਾ ਵਿਖੇ ਇੱਕ 5 ਸਾਲਾ ਮਾਸੂਮ ਬੱਚੇ 'ਤੇ ਉਸ ਦੀ ਮਤਰੇਈ ਮਾਂ (ਤਾਈ) ਵੱਲੋਂ ਬੇਰਹਿਮੀ ਨਾਲ ਢਾਹੇ ਗਏ ਤਸ਼ੱਦਦ ਦਾ ਮਾਮਲਾ ਮੀਡੀਆ ਚ ਆਉਣ ਤੇ ਬਰਨਾਲਾ ਪੁਲਿਸ ਵੀ ਹਰਕਤ 'ਚ ਆਈ ਹੈ। ਬੱਚੇ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਬਰਨਾਲਾ ਪੁਲਿਸ ਨੇ ਕਾਰਵਾਈ ਕਰਦਿਆਂ ਮੁਲਜ਼ਮ ਔਰਤ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਪਿੰਡ ਸੰਘੇੜਾ ਵਿਖੇ ਇੱਕ 5 ਸਾਲਾ ਮਾਸੂਮ ਬੱਚੇ 'ਤੇ ਉਸ ਦੀ ਮਤਰੇਈ ਮਾਂ (ਤਾਈ) ਵੱਲੋਂ ਬੇਰਹਿਮੀ ਨਾਲ ਢਾਹੇ ਗਏ ਤਸ਼ੱਦਦ ਦਾ ਮਾਮਲਾ ਮੀਡੀਆ ਚ ਆਉਣ ਤੇ ਬਰਨਾਲਾ ਪੁਲਿਸ ਵੀ ਹਰਕਤ 'ਚ ਆਈ ਹੈ। ਬੱਚੇ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਬਰਨਾਲਾ ਪੁਲਿਸ ਨੇ ਕਾਰਵਾਈ ਕਰਦਿਆਂ ਮੁਲਜ਼ਮ ਔਰਤ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਦਾਲਤ 'ਚ ਪੇਸ਼ ਕਰਨ ਤੋਂ ਬਾਅਦ ਔਰਤ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।
ਪੰਜ ਸਾਲਾ ਮਾਸੂਮ 'ਤੇ ਹੋਇਆ ਸੀ ਮਤਰੇਈ ਮਾਂ ਵੱਲੋਂ ਤਸ਼ੱਦਦ
ਪੰਜਾਬੀ ਜਾਗਰਣ ਨੇ ਇਹ ਮੁੱਦਾ ਪ੍ਰਮੁਖਤਾ ਨਾਲ ਛਾਪਿਆ ਸੀ। ਤਾਜ਼ੀ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਸੰਘੇੜਾ ਦੇ ਰਹਿਣ ਵਾਲੇ ਮੂਲ ਚੰਦ ਦੀ ਪਤਨੀ ਦੀ ਮੌਤ ਤੋਂ ਬਾਅਦ, ਉਸ ਨੇ ਕਰੀਬ ਢਾਈ ਸਾਲ ਪਹਿਲਾਂ ਆਪਣੇ 5 ਸਾਲਾ ਪੁੱਤਰ ਨੂੰ ਆਪਣੇ ਵੱਡੇ ਭਰਾ ਤੇ ਭਾਬੀ ਨੂੰ ਗੋਦ ਦਿੱਤਾ ਸੀ, ਕਿਉਂਕਿ ਉਨ੍ਹਾਂ ਦੇ ਘਰ ਕੋਈ ਪੁੱਤਰ ਨਹੀਂ ਸੀ। ਹਾਲਾਂਕਿ, ਗੋਦ ਲੈਣ ਵਾਲੀ ਤਾਈ (ਮਤਰੇਈ ਮਾਂ) ਵੱਲੋਂ ਮਾਸੂਮ ਬੱਚੇ 'ਤੇ ਕਥਿਤ ਤੌਰ 'ਤੇ ਗਰਮ ਤਵੇ, ਲੋਹੇ ਦੇ ਚਿਮਟੇ ਅਤੇ ਡੰਡਿਆਂ ਨਾਲ ਅੱਤਿਆਚਾਰ ਕੀਤਾ ਜਾਂਦਾ ਸੀ।
ਬੱਚੇ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਉਸ ਦੀ ਤਾਈ ਉਸ ਨੂੰ ਡੰਡਿਆਂ ਨਾਲ ਕੁੱਟਦੀ, ਗਰਮ ਤਵੇ ਅਤੇ ਚਿਮਟੇ ਨਾਲ ਦਾਗਦੀ ਅਤੇ ਕੜਕਦੀ ਧੁੱਪ ਵਿੱਚ ਹੱਥਾਂ ਵਿੱਚ ਪਾਣੀ ਦੀ ਭਾਰੀ ਬੋਤਲ ਫੜਾ ਕੇ ਘੰਟਿਆਂ ਬੱਧੀ ਖੜ੍ਹਾ ਰੱਖਦੀ ਸੀ, ਜਿਸ ਕਾਰਨ ਬੱਚੇ ਦੇ ਸਰੀਰ 'ਤੇ ਸੜਨ ਅਤੇ ਡੂੰਘੀਆਂ ਸੱਟਾਂ ਦੇ ਗੰਭੀਰ ਨਿਸ਼ਾਨ ਪੈ ਗਏ ਸਨ।
ਸਕੂਲ ਕਮੇਟੀ ਅਤੇ ਸੰਸਥਾ ਦੀ ਪਹਿਲਕਦਮੀ
ਘਟਨਾ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਬੱਚਾ ਸਰੀਰ 'ਤੇ ਡੂੰਘੀਆਂ ਸੱਟਾਂ ਤੇ ਸੜਨ ਦੇ ਨਿਸ਼ਾਨਾਂ ਨਾਲ ਸਰਕਾਰੀ ਸਕੂਲ ਪਹੁੰਚਿਆ। ਬੱਚੇ ਦੀ ਮਾੜੀ ਹਾਲਤ ਵੇਖ ਕੇ ਸਕੂਲ ਪ੍ਰਸ਼ਾਸਨ ਚਿੰਤਤ ਹੋ ਗਿਆ। 7 ਸਤੰਬਰ 2026 ਨੂੰ ਸਕੂਲ ਪ੍ਰਬੰਧਕ ਕਮੇਟੀ ਦੀ ਇੱਕ ਵਿਸ਼ੇਸ਼ ਮੀਟਿੰਗ ਬੁਲਾਈ ਗਈ। ਕਮੇਟੀ ਮੈਂਬਰਾਂ ਵੱਲੋਂ ਪਿੰਡ ਤੇ ਗੁਆਂਢ 'ਚ ਕੀਤੀ ਪੁੱਛਗਿੱਛ ਦੌਰਾਨ ਬੱਚੇ ਨਾਲ ਹੁੰਦੀ ਕੁੱਟਮਾਰ ਦੀ ਪੁਸ਼ਟੀ ਹੋਈ, ਜਿਸ ਤੋਂ ਬਾਅਦ ਕਮੇਟੀ ਨੇ ਐਸ.ਐਚ.ਓ. ਬਰਨਾਲਾ ਨੂੰ ਲਿਖਤੀ ਸ਼ਿਕਾਇਤ ਦਿੱਤੀ।
ਬੱਚੇ ਦੀਆਂ ਸੱਟਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਪਟਿਆਲਾ ਦੀ ਸਮਾਜਸੇਵੀ ਸੰਸਥਾ ‘ਅਪਣਾ ਫਰਜ਼ ਸੇਵਾ ਸੋਸਾਇਟੀ’ ਦੇ ਮੁਖੀ ਜਥੇਦਾਰ ਸਤਪਾਲ ਸਿੰਘ ਪਾਲ ਖਰੋੜ ਆਪਣੀ ਟੀਮ ਨਾਲ ਮੌਕੇ 'ਤੇ ਪੁੱਜੇ। ਉਨ੍ਹਾਂ ਨੇ ਪੰਚਾਇਤ, ਪੁਲਿਸ ਤੇ ਬਾਲ ਵਿਕਾਸ ਵਿਭਾਗ ਦੀ ਮਦਦ ਨਾਲ ਬੱਚੇ ਨੂੰ ਤੁਰੰਤ ਬਰਨਾਲਾ ਦੇ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ। ਪਿਤਾ ਨੇ ਦੱਸਿਆ ਕਿ ਉਹ ਸਵੇਰੇ ਮਜ਼ਦੂਰੀ 'ਤੇ ਚਲਾ ਜਾਂਦਾ ਸੀ, ਜਿਸ ਕਾਰਨ ਉਸ ਨੂੰ ਘਰ ਵਿੱਚ ਹੁੰਦੇ ਇਸ ਤਸ਼ੱਦਦ ਬਾਰੇ ਪਤਾ ਨਹੀਂ ਲੱਗ ਸਕਿਆ।
ਔਰਤ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜੀ: ਏ.ਐਸ.ਆਈ. ਸੁਖਵਿੰਦਰ ਸਿੰਘ
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਏ.ਐਸ.ਆਈ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਬੱਚੇ ਦੇ ਪਿਤਾ ਮੂਲ ਚੰਦ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਨੇ ਮੁਲਜ਼ਮ ਔਰਤ ਸੀਤਾ ਦੇਵੀ ਖ਼ਿਲਾਫ਼ ਧਾਰਾ 115/351 ਤੇ ਜੁਵੇਨਾਈਲ ਜਸਟਿਸ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਹੈ। ਪੁਲਿਸ ਨੇ ਮੁਲਜ਼ਮ ਸੀਤਾ ਦੇਵੀ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ 'ਚ ਪੇਸ਼ ਕੀਤਾ, ਜਿੱਥੋਂ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਮਾਮਲੇ ਦੀ ਅਗਲੇਰੀ ਕਾਨੂੰਨੀ ਕਾਰਵਾਈ ਜਾਰੀ ਹੈ।