
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫ਼ਰਾਜ਼ ਆਲਮ ਦੇ ਹੁਕਮਾਂ 'ਤੇ ਅਮਲ ਕਰਦਿਆਂ ਬਰਨਾਲਾ ਪੁਲਿਸ ਨੇ ਮਾੜੇ ਅਨਸਰਾਂ 'ਤੇ ਸ਼ਿਕੰਜਾ ਕੱਸਦਿਆਂ ਵੱਖ-ਵੱਖ ਥਾਣਿਆਂ 'ਚ 6 ਮਾਮਲੇ ਦਰਜ ਕੀਤੇ ਹਨ। ਪੁਲਿਸ ਨੇ ਚੋਰੀਆਂ, ਐਕਸੀਡੈਂਟ, ਨਸ਼ਾ ਤਸਕਰੀ ਤੇ ਖੁਦਕੁਸ਼ੀ ਦੇ ਮਾਮਲਿਆਂ 'ਚ ਬੰਦਿਆਂ ਨੂੰ ਨਾਮਜ਼ਦ ਕਰਕੇ ਅਗਲੀ ਕਾਰਵਾਈ ਵਿੱਢ ਦਿੱਤੀ ਹੈ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫ਼ਰਾਜ਼ ਆਲਮ ਦੇ ਹੁਕਮਾਂ 'ਤੇ ਅਮਲ ਕਰਦਿਆਂ ਬਰਨਾਲਾ ਪੁਲਿਸ ਨੇ ਮਾੜੇ ਅਨਸਰਾਂ 'ਤੇ ਸ਼ਿਕੰਜਾ ਕੱਸਦਿਆਂ ਵੱਖ-ਵੱਖ ਥਾਣਿਆਂ 'ਚ 6 ਮਾਮਲੇ ਦਰਜ ਕੀਤੇ ਹਨ। ਪੁਲਿਸ ਨੇ ਚੋਰੀਆਂ, ਐਕਸੀਡੈਂਟ, ਨਸ਼ਾ ਤਸਕਰੀ ਤੇ ਖੁਦਕੁਸ਼ੀ ਦੇ ਮਾਮਲਿਆਂ 'ਚ ਬੰਦਿਆਂ ਨੂੰ ਨਾਮਜ਼ਦ ਕਰਕੇ ਅਗਲੀ ਕਾਰਵਾਈ ਵਿੱਢ ਦਿੱਤੀ ਹੈ।
ਮਕਾਨ 'ਚੋਂ ਚੋਰੀ ਕਰਨ ਵਾਲਾ ਗਿਰੋਹ 24 ਘੰਟਿਆਂ 'ਚ ਫੜਿਆ
ਥਾਣਾ ਸਿਟੀ-2 ਦੇ ਐੱਸ.ਐੱਚ.ਓ. ਚਰਨਜੀਤ ਸਿੰਘ ਨੇ ਦੱਸਿਆ ਕਿ ਮੁਦੱਈ ਕੁਲਦੀਪ ਕੁਮਾਰ ਵਾਸੀ ਨੇੜੇ ਪੁਰਾਣੀ ਰਾਮ ਲੀਲਾ ਗਰਾਊਂਡ ਦੇ ਗ੍ਰੀਨ ਕਲੋਨੀ 'ਚ ਬਣ ਰਹੇ ਨਵੇਂ ਮਕਾਨ 'ਚੋਂ ਅਣਪਛਾਤੇ ਚੋਰ ਵਾਇਰਿੰਗ ਤੇ ਏ.ਸੀ. ਦੀਆਂ ਪਾਈਪਾਂ ਚੋਰੀ ਕਰ ਕੇ ਲੈ ਗਏ ਸਨ। ਪੁਲਿਸ ਨੇ 24 ਘੰਟਿਆਂ ਦੇ ਅੰਦਰ ਮੁਸਤੈਦੀ ਵਿਖਾਉਂਦਿਆਂ ਰਵੀ ਕੁਮਾਰ ਸੇਖਾ ਰੋਡ, ਮੰਨੂ ਅਕਾਲਗੜ੍ਹ ਬਸਤੀ ਤੇ ਸੀਤਾ ਰਾਮ ਕਬਾੜੀਏ ਨੂੰ ਧਰ ਦਬੋਚਿਆ ਤੇ ਚੋਰੀ ਦਾ ਸਾਰਾ ਮਾਲ ਬਰਾਮਦ ਕਰ ਲਿਆ।
ਬੇਪਰਵਾਹੀ ਨਾਲ ਮੋਟਰਸਾਈਕਲ ਚਲਾ ਕੇ ਜਬਾੜਾ ਤੋੜਨ ਵਾਲੇ 'ਚ ਪਰਚਾ
ਥਾਣਾ ਸਿਟੀ-1 ਵਿਖੇ ਅਮਰਨਾਥ ਵਾਸੀ ਲੱਖੀ ਕਲੋਨੀ ਨੇ ਸ਼ਿਕਾਇਤ ਦਰਜ ਕਰਵਾਈ ਕਿ ਜਦੋਂ ਉਹ ਆਪਣੇ ਦੋਸਤ ਦੇ ਘਰ ਜਾ ਰਿਹਾ ਸੀ, ਤਾਂ ਸਾਹਮਣਿਓਂ ਜਸਨਦੀਪ ਸਿੰਘ ਵਾਸੀ ਰਾਹੀ ਬਸਤੀ ਨੇ ਬੜੀ ਲਾਪਰਵਾਹੀ ਤੇ ਤੇਜ਼ ਰਫ਼ਤਾਰ ਨਾਲ ਮੋਟਰਸਾਈਕਲ ਲਿਆ ਕੇ ਉਸ 'ਚ ਮਾਰਿਆ। ਇਸ ਟੱਕਰ ਨਾਲ ਮੁਦੱਈ ਦਾ ਜਬਾੜਾ ਟੁੱਟ ਗਿਆ। ਪੁਲਿਸ ਨੇ ਮੋਟਰਸਾਈਕਲ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਖੁੱਡੀ ਰੋਡ ਤੋਂ ਮੋਟਰਸਾਈਕਲ ਚੋਰੀ, ਦੋ ਖ਼ਿਲਾਫ਼ ਮਾਮਲਾ
ਥਾਣਾ ਸਿਟੀ-1 ਦੀ ਪੁਲਿਸ ਕੋਲ ਅਵਤਾਰ ਸਿੰਘ ਵਾਸੀ ਲੁਧੜ ਪੱਤੀ, ਹੰਡਿਆਇਆ ਨੇ ਬਿਆਨ ਦਿੱਤੇ ਕਿ ਖੁੱਡੀ ਰੋਡ 'ਤੇ ਖੜ੍ਹਾ ਕੀਤਾ ਉਸ ਦਾ ਸਪਲੈਂਡਰ ਮੋਟਰਸਾਈਕਲ ਕੋਈ ਚੋਰੀ ਕਰ ਕੇ ਲੈ ਗਿਆ। ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਮਲਕੀਤ ਸਿੰਘ ਵਾਸੀ ਖੁੱਡੀ ਕਲਾਂ ਤੇ ਇਮਰਾਨ ਮੁਹੰਮਦ ਵਾਸੀ ਬਰਨਾਲਾ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ।
ਘਰਵਾਲੀ ਦੇ ਨਜਾਇਜ਼ ਸੰਬੰਧਾਂ ਤੋਂ ਦੁਖੀ ਹੋ ਕੇ ਪਤੀ ਨੇ ਕੀਤੀ ਖੁਦਕੁਸ਼ੀ
ਥਾਣਾ ਰੂੜੇਕੇ ਕਲਾਂ ਵਿਖੇ ਗੁਰਪ੍ਰੀਤ ਸਿੰਘ ਵਾਸੀ ਧੌਲਾ ਨੇ ਦੱਸਿਆ ਕਿ ਉਸ ਦੇ ਭਰਾ ਜਗਜੀਵਨ ਸਿੰਘ ਦਾ ਵਿਆਹ 5 ਸਾਲ ਪਹਿਲਾਂ ਬਬਲੀ ਕੌਰ ਵਾਸੀ ਦਰਾਜ ਨਾਲ ਹੋਇਆ ਸੀ। ਬਬਲੀ ਦੇ ਧੌਲਾ ਦੇ ਹੀ ਗੁਰਵਿੰਦਰ ਸਿੰਘ ਨਾਲ ਨਜਾਇਜ਼ ਸੰਬੰਧ ਸਨ। ਜਗਜੀਵਨ ਦੇ ਰੋਕਣ 'ਤੇ ਉਹ ਰੋਜ਼ ਲੜਾਈ-ਝਗੜਾ ਕਰਦੀ ਸੀ। ਇਸੇ ਰੋਜ਼-ਰੋਜ਼ ਦੇ ਕਲੇਸ਼ ਤੋਂ ਦੁਖੀ ਹੋ ਕੇ ਜਗਜੀਵਨ ਨੇ ਲੋਹੇ ਦੇ ਗੇਟ 'ਚ ਸਿਰ ਮਾਰ-ਮਾਰ ਕੇ ਆਪਣੀ ਜਾਨ ਦੇ ਦਿੱਤੀ। ਪੁਲਿਸ ਨੇ ਘਰਵਾਲੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਦਾਣਾ ਮੰਡੀ 'ਚੋਂ 100 ਨਸ਼ੀਲੀਆਂ ਗੋਲੀਆਂ ਸਣੇ 1 ਕਾਬੂ
ਥਾਣਾ ਸਿਟੀ-1 ਦੀ ਪੁਲਿਸ ਨੇ ਗਸ਼ਤ ਦੌਰਾਨ ਦਾਣਾ ਮੰਡੀ ਬਰਨਾਲਾ ਵਿਖੇ ਸ਼ੱਕ ਦੇ ਆਧਾਰ 'ਤੇ ਹੈਪੀ ਸਿੰਘ ਵਾਸੀ ਸੈਂਸੀ ਮੁਹੱਲਾ ਦੀ ਤਲਾਸ਼ੀ ਲਈ, ਤਾਂ ਉਸ ਕੋਲੋਂ 100 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਦੋਸ਼ੀ ਖ਼ਿਲਾਫ਼ ਐੱਨ.ਡੀ.ਪੀ.ਐੱਸ. ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਜ਼ਿਲ੍ਹਾ ਜੇਲ੍ਹ 'ਚੋਂ ਹਵਾਲਾਤੀ ਤੋਂ ਮੋਬਾਈਲ ਬਰਾਮਦ
ਜ਼ਿਲ੍ਹਾ ਜੇਲ੍ਹ ਬਰਨਾਲਾ ਦੇ ਸਹਾਇਕ ਸੁਪਰਡੈਂਟ ਗੁਰਤੇਜ ਸਿੰਘ ਦੀ ਸ਼ਿਕਾਇਤ 'ਤੇ ਥਾਣਾ ਸਿਟੀ-1 ਦੀ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਚੈਕਿੰਗ ਦੌਰਾਨ ਸੈੱਲ ਬਲਾਕ ਨੰਬਰ 1 ਦੀ ਚੱਕੀ ਨੰਬਰ 2 ਦੇ ਪਿੱਛਿਓਂ ਹਵਾਲਾਤੀ ਤੀਰਥ ਸਿੰਘ ਉਰਫ਼ ਕਾਲੀ ਵਾਸੀ ਟਿੱਬਾ, ਥਾਣਾ ਸ਼ੇਰਪੁਰ ਕੋਲੋਂ 1 ਕੀਪੈਡ ਮੋਬਾਈਲ ਫ਼ੋਨ ਤੇ ਡਾਟਾ ਕੇਬਲ ਬਰਾਮਦ ਹੋਈ ਹੈ।
ਸੁਰੱਖਿਆ ਯਕੀਨੀ, ਅਪਰਾਧ ਨੂੰ ਰੋਕਣ 'ਚ ਪੁਲਿਸ ਵਚਨਬੱਧ : ਐੱਸਐਸਪੀ
ਜ਼ਿਲ੍ਹਾ ਪੁਲਿਸ ਮੁਖੀ ਬਰਨਾਲਾ, ਮੁਹੰਮਦ ਸਰਫ਼ਰਾਜ਼ ਆਲਮ ਆਈ.ਪੀ.ਐੱਸ. ਨੇ 'ਪੰਜਾਬੀ ਜਾਗਰਣ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬਰਨਾਲਾ ਜ਼ਿਲ੍ਹੇ ਦੇ ਲੋਕਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਜਿੱਥੇ ਬਰਨਾਲਾ ਪੁਲਿਸ ਦੀ ਹੈ, ਉੱਥੇ ਹੀ ਅਪਰਾਧ ਨੂੰ ਠੱਲ੍ਹ ਪਾਉਣਾ ਅਤੇ ਨਸ਼ਾ ਤਸਕਰਾਂ ਜਾਂ ਸ਼ਰਾਰਤੀ ਅਨਸਰਾਂ ਨੂੰ ਕਾਬੂ ਕਰਨਾ ਵੀ ਪੁਲਿਸ ਦਾ ਮੁੱਖ ਕੰਮ ਹੈ। ਉਨ੍ਹਾਂ ਕਿਹਾ ਕਿ ਹੁਣ ਬਰਨਾਲਾ ਪੁਲਿਸ ਦਾ ਇੱਕੋ-ਇੱਕ ਮਕਸਦ ਸ਼ਹਿਰ ਵਾਸੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਅਤੇ ਵਧਦੇ ਅਪਰਾਧ ਨੂੰ ਰੋਕਣਾ ਹੈ। ਬਰਨਾਲਾ ਪੁਲਿਸ ਆਪਣੇ ਫ਼ਰਜ਼ ਨਿਭਾਉਣ ਲਈ ਹਮੇਸ਼ਾ ਤਤਪਰ ਅਤੇ ਵਚਨਬੱਧ ਹੈ।