- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਹਿਰ ਦੇ ਇੱਕ ਚਰਚਿਤ ਨਸ਼ਾ ਛੁਡਾਊ ਕੇਂਦਰ ਵਿੱਚ ਸੇਵਾਵਾਂ ਨਿਭਾਉਣ ਵਾਲੇ ਪਿੰਡ ਸੇਖਾ ਦੇ ਨੌਜਵਾਨ ਗੁਰਦੀਪ ਸਿੰਘ ਦੀ ਰਹੱਸਮਈ ਅਤੇ ਦਿਲ ਕੰਬਾਊ ਮੌਤ ਨੇ ਪੂਰੇ ਇਲਾਕੇ ਵਿੱਚ ਸਨਸਨੀ ਫੈਲਾ ਦਿੱਤੀ ਹੈ।

ਯਾਦਵਿੰਦਰ ਸਿੰਘ ਭੁੱਲਰ,ਪੰਜਾਬੀ ਜਾਗਰਣ, ਬਰਨਾਲਾ : ਸ਼ਹਿਰ ਦੇ ਇੱਕ ਚਰਚਿਤ ਨਸ਼ਾ ਛੁਡਾਊ ਕੇਂਦਰ ਵਿੱਚ ਸੇਵਾਵਾਂ ਨਿਭਾਉਣ ਵਾਲੇ ਪਿੰਡ ਸੇਖਾ ਦੇ ਨੌਜਵਾਨ ਗੁਰਦੀਪ ਸਿੰਘ ਦੀ ਰਹੱਸਮਈ ਅਤੇ ਦਿਲ ਕੰਬਾਊ ਮੌਤ ਨੇ ਪੂਰੇ ਇਲਾਕੇ ਵਿੱਚ ਸਨਸਨੀ ਫੈਲਾ ਦਿੱਤੀ ਹੈ। ਡਿਊਟੀ ਖ਼ਤਮ ਕਰਕੇ ਘਰ ਪਰਤ ਰਹੇ ਨੌਜਵਾਨ ਨੂੰ ਪਹਿਲਾਂ ਫ਼ਿਲਮੀ ਅੰਦਾਜ਼ ਵਿੱਚ ਅਗਵਾ ਕੀਤਾ ਗਿਆ ਅਤੇ ਫਿਰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਘਟਨਾ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਦੀ ਨਿਸ਼ਾਨਦੇਹੀ 'ਤੇ ਸਹਿਣਾ ਨਹਿਰ ਕੋਲੋਂ ਲਾਸ਼ ਬਰਾਮਦ ਕਰ ਲਈ ਹੈ।
ਪਹਿਲਾਂ ਅਗਵਾ, ਫਿਰ ਕਤਲ ਨਹਿਰ 'ਚ ਸੁੱਟੀ ਲਾਸ਼
ਪ੍ਰਾਪਤ ਜਾਣਕਾਰੀ ਅਨੁਸਾਰ 25 ਸਾਲਾ ਗੁਰਦੀਪ ਸਿੰਘ 16 ਅਕਤੂਬਰ ਦੀ ਸ਼ਾਮ ਆਪਣੀ ਡਿਊਟੀ ਖ਼ਤਮ ਕਰਕੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਪਣੇ ਪਿੰਡ ਸੇਖਾ ਵੱਲ ਜਾ ਰਿਹਾ ਸੀ। ਜਦੋਂ ਉਹ ਬਰਨਾਲਾ-ਸੇਖਾ ਰੋਡ 'ਤੇ ਸਥਿਤ ਇੱਕ ਗੱਦਿਆਂ ਦੀ ਫੈਕਟਰੀ ਕੋਲ ਪਹੁੰਚਿਆ ਤਾਂ ਕਾਰ ਸਵਾਰ ਕੁਝ ਅਣਪਛਾਤੇ ਵਿਅਕਤੀ ਉਸ ਨੂੰ ਜ਼ਬਰਦਸਤੀ ਅਗਵਾ ਕਰਕੇ ਲੈ ਗਏ। ਦੇਰ ਰਾਤ ਤੱਕ ਪੁੱਤਰ ਦੇ ਘਰ ਨਾ ਪਹੁੰਚਣ 'ਤੇ ਪਰਿਵਾਰਕ ਮੈਂਬਰਾਂ ਨੇ ਆਪਣੇ ਪੱਧਰ 'ਤੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਕੋਈ ਸੁਰਾਗ ਨਾ ਮਿਲਣ 'ਤੇ ਪਿਤਾ ਰਾਜ ਸਿੰਘ ਨੇ ਥਾਣਾ ਸਿਟੀ-2 ਬਰਨਾਲਾ ਵਿਖੇ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੇ ਹਰਕਤ ਵਿੱਚ ਆਉਂਦਿਆਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ।
ਭੂਆ ਦੇ ਪੁੱਤਰ ਨੇ ਦਿੱਤਾ ਵਾਰਦਾਤ ਨੂੰ ਅੰਜਾਮ
ਪੁਲਿਸ ਦੀ ਸਖ਼ਤ ਪੁੱਛਗਿੱਛ ਦੌਰਾਨ ਜੋ ਸੱਚ ਸਾਹਮਣੇ ਆਇਆ, ਉਸ ਨੇ ਸਭ ਦੇ ਹੋਸ਼ ਉਡਾ ਦਿੱਤੇ। ਪੁਲਿਸ ਨੇ ਪਿੰਡ ਪੱਖੋਕੇ ਦੇ ਰਹਿਣ ਵਾਲੇ ਅਤੇ ਮ੍ਰਿਤਕ ਗੁਰਦੀਪ ਦੇ ਭੂਆ ਦੇ ਪੁੱਤਰ ਜਗਦੇਵ ਸਿੰਘ ਉਰਫ਼ ਦੇਬੀ ਨੂੰ ਹਿਰਾਸਤ ਵਿੱਚ ਲਿਆ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਜਗਦੇਵ ਸਿੰਘ ਦੇਬੀ, ਪਰਵਿੰਦਰ ਸਿੰਘ, ਨੀਸੂ ਅਤੇ ਉਨ੍ਹਾਂ ਦੇ ਕੁਝ ਹੋਰ ਅਣਪਛਾਤੇ ਸਾਥੀਆਂ ਨੇ ਮਿਲ ਕੇ ਗੁਰਦੀਪ ਦਾ ਗਲਾ ਘੁੱਟ ਕੇ ਬੇਰਹਿਮੀ ਨਾਲ ਕਤਲ ਕੀਤਾ ਅਤੇ ਲਾਸ਼ ਨੂੰ ਖੁਰਦ-ਬੁਰਦ ਕਰਨ ਲਈ ਸਹਿਣਾ ਨਹਿਰ ਨੇੜੇ ਸੁੱਟ ਦਿੱਤਾ।
ਥਾਣਾ ਸਿਟੀ-2 ਬਰਨਾਲਾ ਦੇ ਮੁਖੀ ਸਬ-ਇੰਸਪੈਕਟਰ ਚਰਨਜੀਤ ਸਿੰਘ ਨੇ ਦੱਸਿਆ ਕਿ 16 ਅਕਤੂਬਰ ਨੂੰ ਥਾਣਾ ਸਿਟੀ-2 ਵਿੱਚ ਨੌਜਵਾਨ ਦੇ ਲਾਪਤਾ ਹੋਣ ਦੀ ਦਰਖਾਸਤ ਆਈ ਸੀ, ਜੋ ਅਗਲੇ ਦਿਨ ਹੀ ਅਗਵਾ ਕਰਨ ਦਾ ਮਾਮਲਾ ਬਣੀ। 24 ਘੰਟਿਆਂ ਦੇ ਅੰਦਰ ਕਾਰਵਾਈ ਕਰਦਿਆਂ ਪੁਲਿਸ ਨੇ 18 ਅਕਤੂਬਰ ਨੂੰ ਮ੍ਰਿਤਕ ਦੀ ਸਵਿਫ਼ਟ ਕਾਰ ਬਰਾਮਦ ਕਰ ਲਈ ਅਤੇ ਮੁਲਜ਼ਮ ਜਗਦੇਵ ਸਿੰਘ ਦੇਬੀ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਦੀ ਨਿਸ਼ਾਨਦੇਹੀ 'ਤੇ ਸਹਿਣਾ ਨਹਿਰ ਵਿੱਚੋਂ ਲਾਸ਼ ਬਰਾਮਦ ਕਰਕੇ ਸਿਵਲ ਹਸਪਤਾਲ ਬਰਨਾਲਾ ਦੇ ਮੁਰਦਾਘਰ ਵਿੱਚ ਰੱਖਵਾਈ ਗਈ। ਸੋਮਵਾਰ ਨੂੰ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।
ਕਾਤਲ ਦਾ ਤਿੰਨ ਦਿਨਾਂ ਲਿਆ ਰਿਮਾਂਡ
ਮੁਲਜ਼ਮ ਜਗਦੇਵ ਸਿੰਘ ਦੇਬੀ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਫ਼ਰਾਰ ਦੋਸ਼ੀਆਂ ਪਰਮਿੰਦਰ ਅਤੇ ਨੀਸ਼ੂ ਦੀ ਗ੍ਰਿਫ਼ਤਾਰੀ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ। ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫ਼ਰਾਜ ਆਲਮ ਨੇ ਕਿਹਾ ਕਿ ਪੁਲਿਸ ਨੇ ਬਹੁਤ ਘੱਟ ਸਮੇਂ ਵਿੱਚ ਇਸ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਹੈ। ਬਾਕੀ ਫ਼ਰਾਰ ਮੁਲਜ਼ਮਾਂ ਨੂੰ ਵੀ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਇਸ ਕੇਸ ਦੀ ਡੂੰਘਾਈ ਨਾਲ ਜਾਂਚ ਜਾਰੀ ਰਹੇਗੀ। ਉਹਨਾਂ ਦੱਸਿਆ ਕਿ ਇਸ ਕਤਲ ਦੇ ਵਿੱਚ ਮੁੱਖ ਮੁਲਜਮ ਜਗਦੇਵ ਸਿੰਘ ਦੇਬੀ ਦਾ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨ ਦਾ ਰਿਮਾਂਡ ਹਾਸਿਲ ਕੀਤਾ ਗਿਆ ਹੈ। ਜਿਸ ਦੌਰਾਨ ਇਸ ਕਤਲ ਜੀ ਹੋਰ ਵੀ ਸ਼ਾਨਵੀਨ ਕਰਕੇ ਇਸ ਵਿੱਚ ਸ਼ਾਮਿਲ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।