- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚੋਰ ਸ਼ੋਅਰੂਮ ਦੀ ਕੰਧ ਟੱਪ ਕੇ ਅੰਦਰ ਦਾਖ਼ਲ ਹੋਇਆ ਤੇ ਕਰੀਬ ਦੋ ਘੰਟੇ ਤੱਕ ਅੰਦਰ ਵਾਰਦਾਤ ਨੂੰ ਅੰਜਾਮ ਦਿੰਦਾ ਰਿਹਾ। ਚੋਰ ਨੇ ਪਹਿਲਾਂ ਸੀਸੀਟੀਵੀ ਕੈਮਰਿਆਂ ਤੇ ਡੀਵੀਆਰ ਦੀ ਭੰਨ-ਤੋੜ ਕੀਤੀ। ਇਸ ਤੋਂ ਬਾਅਦ ਉਸ ਨੇ ਬੇਖ਼ੌਫ਼ ਹੋ ਕੇ ਸ਼ੋਅਰੂਮ ਦੇ ਦਫ਼ਤਰ 'ਚ ਬੈਠ ਕੇ ਸ਼ਰਾਬ ਪੀਤੀ ਤੇ ਜਸ਼ਨ ਮਨਾਇਆ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਹੰਡਿਆਇਆ ਰੋਡ 'ਤੇ ਸਥਿਤ ਇੱਕ ਸ਼ੋਅਰੂਮ 'ਚ ਲਗਾਤਾਰ ਹੋ ਰਹੀਆਂ ਚੋਰੀਆਂ ਨੇ ਜਿੱਥੇ ਚੋਰਾਂ ਦੇ ਬੇਖ਼ੌਫ਼ ਹੋਣ ਦਾ ਸਬੂਤ ਦਿੱਤਾ ਹੈ, ਉੱਥੇ ਹੀ ਸਥਾਨਕ ਪੁਲਿਸ ਦੀ ਕਾਰਜਗੁਜ਼ਾਰੀ 'ਤੇ ਵੀ ਗੰਭੀਰ ਸਵਾਲੀਆ ਨਿਸ਼ਾਨ ਲਗਾ ਦਿੱਤੇ ਹਨ। ਬੀਤੀ ਸੋਮਵਾਰ ਦੀ ਦੇਰ ਰਾਤ ਚੋਰਾਂ ਨੇ ਇਸੇ ਸ਼ੋਅਰੂਮ ਨੂੰ ਤੀਜੀ ਵਾਰ ਆਪਣਾ ਨਿਸ਼ਾਨਾ ਬਣਾਉਂਦੇ ਹੋਏ ਲੱਖਾਂ ਰੁਪਏ ਦੇ ਸਮਾਨ ਤੇ ਨਕਦੀ 'ਤੇ ਹੱਥ ਸਾਫ਼ ਕਰ ਦਿੱਤਾ।
ਦੋ ਘੰਟੇ ਕੀਤੀ ਭੰਨ-ਤੋੜ, ਦਫ਼ਤਰ 'ਚ ਬਹਿ ਕੇ ਪੀਤੀ ਸ਼ਰਾਬ
ਮਿਲੀ ਜਾਣਕਾਰੀ ਮੁਤਾਬਕ ਚੋਰ ਸ਼ੋਅਰੂਮ ਦੀ ਕੰਧ ਟੱਪ ਕੇ ਅੰਦਰ ਦਾਖ਼ਲ ਹੋਇਆ ਤੇ ਕਰੀਬ ਦੋ ਘੰਟੇ ਤੱਕ ਅੰਦਰ ਵਾਰਦਾਤ ਨੂੰ ਅੰਜਾਮ ਦਿੰਦਾ ਰਿਹਾ। ਚੋਰ ਨੇ ਪਹਿਲਾਂ ਸੀਸੀਟੀਵੀ ਕੈਮਰਿਆਂ ਤੇ ਡੀਵੀਆਰ ਦੀ ਭੰਨ-ਤੋੜ ਕੀਤੀ। ਇਸ ਤੋਂ ਬਾਅਦ ਉਸ ਨੇ ਬੇਖ਼ੌਫ਼ ਹੋ ਕੇ ਸ਼ੋਅਰੂਮ ਦੇ ਦਫ਼ਤਰ 'ਚ ਬੈਠ ਕੇ ਸ਼ਰਾਬ ਪੀਤੀ ਤੇ ਜਸ਼ਨ ਮਨਾਇਆ। ਚੋਰ ਗੱਲੇ 'ਚੋਂ 65 ਹਜ਼ਾਰ ਰੁਪਏ ਦੇ ਕਰੀਬ ਨਕਦੀ, 3 ਲੈਪਟਾਪ, 4 ਘੜੀਆਂ, ਇੱਕ ਏ.ਸੀ., ਬੈਂਕਾਂ ਦੇ ਚੈੱਕ ਬੁੱਕ, ਲੈਣ-ਦੇਣ ਵਾਲੇ ਕਾਰਡ ਤੇ ਹੋਰ ਕੀਮਤੀ ਸਮਾਨ ਲੈ ਕੇ ਫ਼ਰਾਰ ਹੋ ਗਿਆ।
ਭਗਵਾਨ ਸ਼੍ਰੀ ਗਣੇਸ਼ ਜੀ ਦੀ ਤਾਂਬੇ ਦੀ ਮੂਰਤੀ ਕੰਧ 'ਤੇ ਹੀ ਛੁੱਟੀ
ਹੈਰਾਨੀ ਦੀ ਗੱਲ ਇਹ ਰਹੀ ਕਿ ਚੋਰ ਨੇ ਪੂਜਾ ਵਾਲੀ ਥਾਂ ਤੋਂ ਤਾਂਬੇ ਦੀ ਇੱਕ ਭਾਰੀ ਸ਼੍ਰੀ ਗਣੇਸ਼ ਜੀ ਦੀ ਮੂਰਤੀ ਨੂੰ ਵੀ ਕੱਪੜੇ 'ਚ ਬੰਨ੍ਹ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਭਾਰੀ ਹੋਣ ਕਰਕੇ ਜਾਂ ਹੜਬੜਾਹਟ 'ਚ ਉਹ ਮੂਰਤੀ ਸ਼ੋਅਰੂਮ ਦੀ ਕੰਧ 'ਤੇ ਹੀ ਬੰਨ੍ਹੀ-ਬਨ੍ਹਾਈ ਛੱਡ ਕੇ ਰਫੂ-ਚੱਕਰ ਹੋ ਗਿਆ। ਸ਼ੋਅਰੂਮ 'ਚ ਪੁੱਜ ਘਟਨਾ ਦੀ ਜਾਣਕਾਰੀ ਲੈਂਦਿਆਂ ਹੀ ਮਾਲਕਾਂ ਨੇ ਥਾਣਾ ਸਿਟੀ-2 ਦੀ ਪੁਲਿਸ ਨੂੰ ਇਤਲਾਹ ਦੇ ਦਿੱਤੀ ਹੈ।
ਪਹਿਲਾਂ ਵੀ ਦੋ ਵਾਰ ਹੋਈ ਚੋਰੀ
ਸ਼ੋਅਰੂਮ ਮਾਲਕ ਭਾਨੂੰ ਕਾਂਸਲ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਦੋ ਵਾਰ ਇੱਥੇ ਵਾਰਦਾਤਾਂ ਹੋ ਚੁੱਕੀਆਂ ਹਨ। ਉਹਨਾਂ ਦੱਸਿਆ ਕਿ ਪਹਿਲੀ ਚੋਰੀ ਸਮੇਂ ਚੋਰਾਂ ਨੇ ਅੰਦਰ ਸੁੱਤੇ ਪਏ 4 ਪ੍ਰਵਾਸੀ ਮਜ਼ਦੂਰਾਂ ਨੂੰ ਬੰਨ੍ਹ ਕੇ ਕੁੱਟਮਾਰ ਕੀਤੀ ਸੀ ਤੇ 25 ਹਜ਼ਾਰ ਰੁਪਏ ਨਗਦ ਸਮੇਤ ਸਮਾਨ ਉਹਨਾਂ ਕੋਲੋਂ ਲੁੱਟ ਕੇ ਲੈ ਗਏ ਸਨ। ਇਸੇ ਤਰ੍ਹਾਂਦੂਜੀ ਚੋਰੀ ਸਮੇਂ ਚੋਰਾਂ ਨੇ ਜਿੰਦਾ ਤੋੜ ਕੇ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਸੀ। ਮੋਬਾਈਲ 'ਤੇ ਸੀਸੀਟੀਵੀ ਨੋਟੀਫਿਕੇਸ਼ਨ ਮਿਲਣ 'ਤੇ ਮਾਲਕਾਂ ਦੇ ਪਹੁੰਚਣ ਕਰਕੇ ਚੋਰ ਸਮਾਨ ਛੱਡ ਕੇ ਭੱਜ ਗਏ ਸਨ।
ਮਾਲਕ ਨੇ ਦੱਸਿਆ ਕਿ ਜਦੋਂ ਉਹ ਸਵੇਰੇ 9 ਵਜੇ ਸ਼ੋਅਰੂਮ ਆਏ ਤਾਂ ਗੋਦਾਮ ਦਾ ਜਿੰਦਾ ਟੁੱਟਿਆ ਹੋਇਆ ਸੀ, ਸਮਾਨ ਖਿੱਲਰਿਆ ਪਿਆ ਸੀ ਤੇ ਟੇਬਲ 'ਤੇ ਸ਼ਰਾਬ ਦੀਆਂ ਬੋਤਲਾਂ ਪਈਆਂ ਸਨ।
ਤੀਜੀ ਅੱਖ ਨਾਲ ਜਲਦ ਫੜਾਂਗੇ ਚੋਰ : ਥਾਣਾ ਮੁਖੀ
ਇਸ ਘਟਨਾ ਸਬੰਧੀ ਜਦੋਂ ਥਾਣਾ ਸਿਟੀ-2 ਦੇ ਮੁਖੀ ਚਰਨਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਜਾਇਜ਼ਾ ਲੈ ਲਿਆ ਹੈ। ਖ਼ਰਾਬ ਕੀਤੇ ਡੀਵੀਆਰ ਨੂੰ ਦਰੁਸਤ ਕਰਵਾ ਕੇ ਸੀਸੀਟੀਵੀ ਫੁਟੇਜ ਕੱਢਵਾਈ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੁਲਿਸ ਚੋਰ ਦੀ ਪੈੜ ਨੱਪ ਰਹੀ ਹੈ ਤੇ ਜਲਦ ਹੀ ਮੁਲਜ਼ਮ ਨੂੰ ਤੀਜੀ ਅੱਖ ਭਾਵ ਸੀਸੀ ਟੀਵੀ ਦੀ ਫੁਟੇਜ ਰਾਹੀਂ ਗ੍ਰਿਫ਼ਤਾਰ ਕਰ ਲਿਆ ਜਾਵੇਗਾ।