- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਰਨਾਲਾ ਜ਼ਿਲ੍ਹੇ ਦੇ ਪਿੰਡ ਸੇਖਾ ਤੋਂ 16 ਅਕਤੂਬਰ ਤੋਂ ਲਾਪਤਾ ਨੌਜਵਾਨ ਗੁਰਦੀਪ ਸਿੰਘ ਦੇ ਅਗਵਾ ਤੇ ਕਤਲ ਦੀ ਗੁੰਝਲਦਾਰ ਗੁੱਥੀ ਨੂੰ ਜ਼ਿਲ੍ਹਾ ਪੁਲਿਸ ਨੇ ਸੁਲਝਾ ਲਿਆ ਹੈ। ਇਹ ਸਾਰੀ ਵਾਰਦਾਤ ਨਾਜਾਇਜ਼ ਪ੍ਰੇਮ ਸਬੰਧਾਂ ਦੇ ਚੱਲਦਿਆਂ ਅੰਜਾਮ ਦਿੱਤੀ ਗਈ ਸੀ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ ਜ਼ਿਲ੍ਹੇ ਦੇ ਪਿੰਡ ਸੇਖਾ ਤੋਂ 16 ਅਕਤੂਬਰ ਤੋਂ ਲਾਪਤਾ ਨੌਜਵਾਨ ਗੁਰਦੀਪ ਸਿੰਘ ਦੇ ਅਗਵਾ ਤੇ ਕਤਲ ਦੀ ਗੁੰਝਲਦਾਰ ਗੁੱਥੀ ਨੂੰ ਜ਼ਿਲ੍ਹਾ ਪੁਲਿਸ ਨੇ ਸੁਲਝਾ ਲਿਆ ਹੈ। ਇਹ ਸਾਰੀ ਵਾਰਦਾਤ ਨਾਜਾਇਜ਼ ਪ੍ਰੇਮ ਸਬੰਧਾਂ ਦੇ ਚੱਲਦਿਆਂ ਅੰਜਾਮ ਦਿੱਤੀ ਗਈ ਸੀ।
ਜ਼ਿਲ੍ਹਾ ਪੁਲਿਸ ਹੈੱਡਕੁਆਰਟਰ ਤੋਂ ਜਾਣਕਾਰੀ ਦਿੰਦਿਆਂ ਡੀਐੱਸਪੀ ਰਾਜਿੰਦਰਪਾਲ ਸਿੰਘ ਤੇ ਐੱਸਐੱਚਓ ਚਰਨਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਗੁਰਦੀਪ ਸਿੰਘ ਦੀ ਸਕੀ ਭਰਜਾਈ ਨਿੱਕੀ ਕੌਰ ਉਰਫ਼ ਰਮਨ ਦੇ ਉਸ ਦੀ ਭੂਆ ਦੇ ਲੜਕੇ ਜਗਦੇਵ ਸਿੰਘ ਉਰਫ਼ ਦੇਬੀ ਵਾਸੀ ਪੱਖੋਕੇ ਨਾਲ ਪ੍ਰੇਮ ਸਬੰਧ ਸਨ। ਗੁਰਦੀਪ ਸਿੰਘ ਦੋਵਾਂ ਨੂੰ ਇਹਨਾਂ ਸਬੰਧਾਂ ਤੋਂ ਰੋਕਦਾ ਸੀ ਤੇ ਪਰਿਵਾਰ 'ਚ ਸਿਰਫ਼ ਉਸੇ ਨੂੰ ਹੀ ਇਸ ਗੱਲ ਦੀ ਜਾਣਕਾਰੀ ਸੀ। ਆਪਣੇ ਰਸਤੇ ਦਾ ਰੋੜਾ ਸਮਝਦਿਆਂ ਭਰਜਾਈ ਦੇ ਉਕਸਾਉਣ ’ਤੇ ਜਗਦੇਵ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਗੁਰਦੀਪ ਸਿੰਘ ਦੇ ਕਤਲ ਦੀ ਸਾਜ਼ਿਸ਼ ਰਚੀ।
ਅਗਵਾ ਕਰਕੇ ਕਾਰ 'ਚ ਕੀਤਾ ਕਤਲ, ਨਹਿਰ 'ਚ ਸੁੱਟੀ ਲਾਸ਼
ਪੁਲਿਸ ਅਨੁਸਾਰ 16 ਅਕਤੂਬਰ ਦੀ ਸ਼ਾਮ ਨੂੰ ਦੋਸ਼ੀਆਂ ਨੇ ਡਿਊਟੀ ਤੋਂ ਘਰ ਪਰਤ ਰਹੇ ਗੁਰਦੀਪ ਸਿੰਘ ਨੂੰ ਅਗਵਾ ਕੀਤਾ ਤੇ ਗੱਡੀ ਦੇ ਅੰਦਰ ਹੀ ਉਸ ਦਾ ਕਤਲ ਕਰਕੇ ਲਾਸ਼ ਸ਼ਹਿਣਾ ਨਹਿਰ 'ਚ ਸੁੱਟ ਦਿੱਤੀ। ਨਹਿਰ 'ਚ ਪਾਣੀ ਘੱਟ ਹੋਣ ਕਾਰਨ ਲਾਸ਼ ਕਿਨਾਰੇ 'ਤੇ ਹੀ ਅਟਕ ਗਈ, ਜਿਸ ਨੂੰ ਮੁੱਖ ਦੋਸ਼ੀ ਜਗਦੇਵ ਸਿੰਘ ਦੀ ਨਿਸ਼ਾਨਦੇਹੀ 'ਤੇ ਬਰਾਮਦ ਕਰ ਲਿਆ ਗਿਆ ਹੈ। ਵਾਰਦਾਤ 'ਚ ਵਰਤੀ ਗਈ ਚਿੱਟੇ ਰੰਗ ਦੀ ਮਾਰੂਤੀ ਸਵਿਫ਼ਟ ਕਾਰ ਨੰ. PB-11-AG-2100 ਵੀ ਪੁਲਿਸ ਨੇ ਜਬਤ ਕਰ ਲਈ ਹੈ।
ਕਈ ਮੁਲਜ਼ਮ ਨਾਮਜ਼ਦ ਤੇ ਗ੍ਰਿਫ਼ਤਾਰ
ਖਾਣਾ ਸਿਟੀ ਦੋ ਦੇ ਮੁਖੀ ਸਬ ਇੰਸਪੈਕਟਰ ਚਰਨਜੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੇ ਮੁੱਖ ਮੁਲਜ਼ਮ ਜਗਦੇਵ ਸਿੰਘ ਉਰਫ਼ ਦੇਬੀ, ਮ੍ਰਿਤਕ ਦੀ ਭਰਜਾਈ ਨਿੱਕੀ ਕੌਰ ਉਰਫ਼ ਰਮਨ ਤੇ ਪਰਵਿੰਦਰ ਸਿੰਘ, ਨਿਸ਼ੂ ਸਿੰਘ ਦੋਵੇਂ ਵਾਸੀ ਪੱਖੋਕੇ ਗ੍ਰਿਫਤਾਰ ਕਰ ਲਿਆ ਹੈ ਜਦਕਿ ਬਰਨਾਲਾ ਪੁਲਿਸ ਦੀ ਪਕੜ ’ਚੋਂ ਜਸਪ੍ਰੀਤ ਸਿੰਘ ਉਰਫ਼ ਬੱਬੂ ਤੇ ਜਸ਼ਨਦੀਪ ਸਿੰਘ ਉਰਫ਼ ਮਿੱਡਾ ਵਾਸੀ ਗੁਰਸੇਵਕ ਨਗਰ, ਬਰਨਾਲਾ ਫਿਲਹਾਲ ਫ਼ਰਾਰ ਹਨ।
ਪੁਲਿਸ ਜਾਂਚ 'ਚ ਸਾਹਮਣੇ ਆਇਆ ਹੈ ਕਿ ਮਾਮਲੇ 'ਚ ਨਾਮਜ਼ਦ ਦੋਸ਼ੀ ਜਸਪ੍ਰੀਤ ਸਿੰਘ ਉਰਫ਼ ਬੱਬੂ ਤੇ ਜਸ਼ਨਦੀਪ ਸਿੰਘ ਉਰਫ਼ ਮਿੱਡਾ ਖ਼ਿਲਾਫ਼ ਪਹਿਲਾਂ ਵੀ ਲੁੱਟ-ਖੋਹ, ਚੋਰੀ ਤੇ ਲੜਾਈ-ਝਗੜੇ ਦੇ ਚਾਰ-ਚਾਰ ਮੁਕੱਦਮੇ ਵੱਖ-ਵੱਖ ਥਾਣਿਆਂ 'ਚ ਦਰਜ ਹਨ। ਪੁਲਿਸ ਨੇ ਪਹਿਲਾਂ ਮ੍ਰਿਤਕ ਦੇ ਪਿਤਾ ਰਾਜ ਸਿੰਘ ਦੇ ਬਿਆਨਾਂ 'ਤੇ ਅਗਵਾ ਦਾ ਕੇਸ ਮੁਕੱਦਮਾ ਨੰਬਰ 522 ਦਰਜ ਕੀਤਾ ਸੀ, ਪਰ ਹੁਣ ਜਾਂਚ ਦੇ ਆਧਾਰ 'ਤੇ ਕਤਲ ਧਾਰਾ 103 ਬੀਐੱਨਐੱਸ ਸਮੇਤ ਹੋਰ ਗੰਭੀਰ ਧਾਰਾਵਾਂ ਦਾ ਵਾਧਾ ਕਰ ਦਿੱਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਹੈ ਤੇ ਅੱਗੇ ਦੀ ਜਾਂਚ ਜਾਰੀ ਹੈ।