
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਜ਼ਿਲ੍ਹਾ ਬਰਨਾਲਾ ਪੁਲਿਸ ਨੇ ਨਸ਼ਾ ਸਮੱਗਲਰਾਂ ਤੇ ਮਾੜੇ ਅਨਸਰਾਂ ਵਿਰੁੱਧ ਛੇੜੀ ਮੁਹਿੰਮ ਤਹਿਤ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਨੇ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਅਧੀਨ ਪੈਂਦੇ ਪੰਜ ਅਲੱਗ-ਅਲੱਗ ਮਾਮਲਿਆਂ 'ਚ ਨਸ਼ਾ ਤਸਕਰੀ ਦਾ ਧੰਦਾ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਮਾਮਲੇ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਜ਼ਿਲ੍ਹਾ ਬਰਨਾਲਾ ਪੁਲਿਸ ਨੇ ਨਸ਼ਾ ਸਮੱਗਲਰਾਂ ਤੇ ਮਾੜੇ ਅਨਸਰਾਂ ਵਿਰੁੱਧ ਛੇੜੀ ਮੁਹਿੰਮ ਤਹਿਤ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਨੇ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਅਧੀਨ ਪੈਂਦੇ ਪੰਜ ਅਲੱਗ-ਅਲੱਗ ਮਾਮਲਿਆਂ 'ਚ ਨਸ਼ਾ ਤਸਕਰੀ ਦਾ ਧੰਦਾ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਮਾਮਲੇ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਹਿਲਾ ਮਾਮਲਾ: ਨਜਾਇਜ਼ ਸ਼ਰਾਬ ਤੇ ਲਾਹਣ ਬਰਾਮਦ
ਬਰਨਾਲਾ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਹਰਬੰਸ ਸਿੰਘ ਉਰਫ਼ ਮੱਖਣ ਪੁੱਤਰ ਮੱਘਰ ਸਿੰਘ (ਵਾਸੀ ਵੜੈਚ ਪੱਤੀ, ਚੀਮਾ) ਆਪਣੇ ਪਿੰਡ ਦੇ ਹੱਡਾ ਰੋੜੀ ਵਾਲੇ ਖੇਤ ਵਿੱਚ ਨਜਾਇਜ਼ ਸ਼ਰਾਬ ਕੱਢਣ ਦਾ ਧੰਦਾ ਕਰ ਰਹਾ ਹੈ। ਪੁਲਿਸ ਟੀਮ ਨੇ ਤੁਰੰਤ ਮੌਕੇ ’ਤੇ ਰੇਡ ਕਰਕੇ ਦੋਸ਼ੀ ਪਾਸੋਂ 6 ਬੋਤਲਾਂ ਨਜਾਇਜ਼ ਸ਼ਰਾਬ ਅਤੇ 50 ਲੀਟਰ ਲਾਹਣ ਬਰਾਮਦ ਕਰਦਿਆਂ ਮੁਕੱਦਮਾ ਦਰਜ ਕੀਤਾ।
ਦੂਜਾ ਮਾਮਲਾ: 7 ਕਿੱਲੋ 400 ਗ੍ਰਾਮ ਗਾਂਜੇ ਸਮੇਤ ਬਿਹਾਰ ਦਾ ਰਹਿਣ ਵਾਲਾ ਕਾਬੂ
ਥਾਣਾ ਸਿਟੀ-1 ਬਰਨਾਲਾ ਦੀ ਪੁਲਿਸ ਨੇ ਸੂਚਨਾ ਦੇ ਆਧਾਰ ’ਤੇ ਕਪਾਹ ਮੰਡੀ ਬਰਨਾਲਾ ਵਿੱਚ ਛਾਪੇਮਾਰੀ ਕੀਤੀ। ਇੱਥੇ ਨੇਪਾਲੀ ਬਿੰਦ ਪੁੱਤਰ ਰਾਮੇਸ਼ਵਰ ਬਿੰਦ ਵਾਸੀ ਕੈਲਾ, ਥਾਣਾ ਅਸਥਾਮਾ, ਜ਼ਿਲ੍ਹਾ ਨਲੰਦਾ, ਬਿਹਾਰ ਹਾਲ ਆਬਾਦ ਝੁੱਗੀਆਂ ਸਬਜ਼ੀ ਮੰਡੀ, ਬਰਨਾਲਾ) ਨੂੰ ਤੁਰ-ਫਿਰ ਕੇ ਗਾਂਜਾ ਵੇਚਦੇ ਹੋਏ ਗ੍ਰਿਫ਼ਤਾਰ ਕੀਤਾ ਗਿਆ। ਦੋਸ਼ੀ ਦੇ ਕਬਜ਼ੇ 'ਚੋਂ 7 ਕਿੱਲੋ 400 ਗ੍ਰਾਮ ਗਾਂਜਾ ਬਰਾਮਦ ਹੋਇਆ ਹੈ।
ਤੀਜਾ ਮਾਮਲਾ: 2000 ਨਸ਼ੀਲੀਆਂ ਗੋਲੀਆਂ ਬਰਾਮਦ
ਥਾਣਾ ਸਿਟੀ-1 ਪੁਲਿਸ ਨੂੰ ਮਿਲੀ ਇਤਲਾਹ ਮੁਤਾਬਕ ਚਰਨੋ ਪਤਨੀ ਕਾਲਾ ਸਿੰਘ (ਵਾਸੀ ਰਾਮਬਾਗ ਦੀ ਬੈਕਸਾਈਡ, ਬਰਨਾਲਾ) ਬਾਹਰੋਂ ਸਸਤੇ ਭਾਅ 'ਤੇ ਨਸ਼ੀਲੀਆਂ ਗੋਲੀਆਂ ਲਿਆ ਕੇ ਬਰਨਾਲਾ ਸ਼ਹਿਰ ਵਿੱਚ ਮਹਿੰਗੇ ਭਾਅ 'ਤੇ ਵੇਚਣ ਦੀ ਆਦੀ ਸੀ। ਪੁਲਿਸ ਨੇ ਛਾਪੇਮਾਰੀ ਕਰਕੇ ਉਸ ਕੋਲੋਂ 2000 ਨਸ਼ੀਲੀਆਂ ਗੋਲੀਆਂ ਜ਼ਬਤ ਕੀਤੀਆਂ ਹਨ।
ਚੌਥਾ ਮਾਮਲਾ: 3 ਨੌਜਵਾਨਾਂ ਤੋਂ 130 ਨਸ਼ੀਲੀਆਂ ਗੋਲੀਆਂ ਬਰਾਮਦ
ਥਾਣਾ ਭਦੌੜ ਦੀ ਪੁਲਿਸ ਨੇ ਗਸ਼ਤ ਦੌਰਾਨ ਡਰੇਨ ਪੁਲ ਕੋਲ ਬੋਹੜ ਦੇ ਦਰਖ਼ਤ ਪਾਸ ਸ਼ੱਕੀ ਹਾਲਤ ਵਿੱਚ ਇੱਕ ਪਲਾਸਟਿਕ ਦੇ ਲਿਫ਼ਾਫ਼ੇ ਦੀ ਫਰੋਲਾ-ਫਰਾਲੀ ਕਰ ਰਹੇ ਤਿੰਨ ਮੋਨੇ ਵਿਅਕਤੀਆਂ ਨੂੰ ਦੇਖਿਆ। ਸ਼ੱਕ ਦੇ ਆਧਾਰ 'ਤੇ ਤਲਾਸ਼ੀ ਲੈਣ 'ਤੇ ਉਨ੍ਹਾਂ ਕੋਲੋਂ 130 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਪੁਲਿਸ ਨੇ ਰਛਪਾਲ ਸਿੰਘ ਉਰਫ਼ ਪਾਲਾ ਵਾਸੀ ਸਹਿਣਾ ਰੋਡ, ਨੈਣੇਵਾਲ, ਜਗਸੀਰ ਸਿੰਘ ਉਰਫ਼ ਸੀਰਾ ਵਾਸੀ ਅਲਕੜਾ ਤੇ ਜਸਦੀਪ ਸਿੰਘ ਉਰਫ਼ ਦੀਪ ਵਾਸੀ ਖੋਟੇ, ਹਾਲ ਆਬਾਦ ਅਲਕੜਾ ਵਿਰੁੱਧ ਕੇਸ ਦਰਜ ਕਰ ਲਿਆ ਹੈ।
ਪੰਜਵਾਂ ਮਾਮਲਾ: ਡੋਪ ਟੈਸਟ ਪਾਜ਼ੇਟਿਵ ਆਉਣ 'ਤੇ 4 'ਤੇ ਕੇਸ ਦਰਜ
ਇੱਕ ਹੋਰ ਕਾਰਵਾਈ ਵਿੱਚ ਥਾਣਾ ਭਦੌੜ ਪੁਲਿਸ ਨੇ ਡੋਪ ਟੈਸਟ ਪਾਜ਼ੇਟਿਵ ਆਉਣ ਤੋਂ ਬਾਅਦ ਚਾਰ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਨ੍ਹਾਂ ਚ ਗੁਰਪ੍ਰੀਤ ਸਿੰਘ ਉਰਫ਼ ਲੱਲਾ ਵਾਸੀ ਭਦੌੜ, ਮਨਪ੍ਰੀਤ ਸਿੰਘ ਉਰਫ਼ ਸੀਪਾ ਵਾਸੀ ਬੁਰਜ ਰਾਜਗੜ੍ਹ, ਰਵਿੰਦਰ ਸਿੰਘ ਉਰਫ਼ ਰਵੀ ਵਾਸੀ ਮੁਹੱਲਾ ਪੁਰੀਆਂ ਦਾ, ਭਦੌੜ ਤੇ ਰਾਜਿੰਦਰ ਸਿੰਘ ਉਰਫ਼ ਰਾਜੂ ਵਾਸੀ ਰੰਗਾਪਤੀ, ਸਦੋਕੇ ਸ਼ਾਮਲ ਹਨ।
ਨਸ਼ਾ ਤਸਕਰਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ: ਐੱਸਐੱਸਪੀ
ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫ਼ਰਾਜ ਆਲਮ ਨੇ ਪੰਜਾਬੀ ਜਾਗਰਣ ਨਾਲ ਜਾਣਕਾਰੀ ਸਾਂਝੀ ਕਰਦਿਆ ਦੱਸਿਆ ਕਿ ਬਰਨਾਲਾ ਪੁਲਿਸ ਵੱਲੋਂ ਨਸ਼ਾ ਸਮੱਗਲਰਾਂ ਵਿਰੁੱਧ ਜ਼ੀਰੋ ਟਾਲਰੈਂਸ ਨੀਤੀ ਤਹਿਤ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਇਹ ਮੁਹਿੰਮ ਅੱਗੇ ਵੀ ਲਗਾਤਾਰ ਜਾਰੀ ਰਹੇਗੀ।