ਛੇੜਛਾੜ ਦੇ ਦੋਸ਼ੀ ਅਧਿਆਪਕ ਦੀ ਜ਼ਮਾਨਤ ਅਰਜ਼ੀ ਰੱਦ
ਛੇੜਛਾੜ ਦੇ ਦੋਸ਼ੀ ਅਧਿਆਪਕ ਦੀ ਜ਼ਮਾਨਤ ਅਰਜ਼ੀ ਰੱਦ
Publish Date: Wed, 18 Feb 2026 04:16 PM (IST)
Updated Date: Wed, 18 Feb 2026 04:18 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਸਰਕਾਰੀ ਪ੍ਰਾਇਮਰੀ ਸਕੂਲ ਬਾਬਾ ਆਲਾ ਸਿੰਘ ਬਰਨਾਲਾ ਦੇ ਅਧਿਆਪਕ ਗੁਰਵਿੰਦਰ ਸਿੰਘ ਨੇ ਇੱਕ ਵਿਦਿਆਰਥਣ ਨਾਲ ਕਥਿਤ ਤੌਰ ’ਤੇ ਛੇੜਛਾੜ ਕੀਤੀ ਸੀ। ਇਸ ਮਾਮਲੇ ਨੂੰ ਲੈ ਕੇ ਐਡੀਸ਼ਨਲ ਜ਼ਿਲ੍ਹਾ ਐਂਡ ਸੈਸ਼ਨ ਜੱਜ ਬਰਨਾਲਾ ਦੀ ਅਦਾਲਤ ਨੇ ਇਸ ਮਾਮਲੇ ’ਚ ਮੁਲਜ਼ਮ ਅਧਿਆਪਕ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ 11 ਦਸੰਬਰ 2025 ਨੂੰ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਬਰਨਾਲਾ ਨੇ ਥਾਣਾ ਸਿਟੀ ਵਨ ਬਰਨਾਲਾ ਦੀ ਪੁਲਿਸ ਨੂੰ ਅਧਿਆਪਕ ਗੁਰਵਿੰਦਰ ਸਿੰਘ ਦੁਆਰਾ ਇੱਕ ਵਿਦਿਆਰਥਣ ਨਾਲ ਛੇੜਛਾੜ ਸਬੰਧੀ ਇੱਕ ਸ਼ਿਕਾਇਤ ਈਮੇਲ ਕੀਤੀ ਸੀ। 12 ਦਸੰਬਰ ਨੂੰ ਪੁਲਿਸ ਨੇ ਮੁਲਜ਼ਮ ਅਧਿਆਪਕ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਸੀ। ਜਾਂਚ ਦੌਰਾਨ ਸਕੂਲ ਦੀਆਂ ਪੰਜ ਵਿਦਿਆਰਥਣਾਂ ਨੇ ਛੇੜਛਾੜ ਸਬੰਧੀ ਮੈਜਿਸਟ੍ਰੇਟ ਦੇ ਸਾਹਮਣੇ ਆਪਣੇ ਬਿਆਨ ਦਰਜ ਕਰਵਾਏ। ਅਦਾਲਤ ਨੇ ਕਿਹਾ ਕਿ ਅਧਿਆਪਕ ਦੀ ਜ਼ਿੰਮੇਵਾਰੀ ਹੈ ਕਿ ਉਹ ਬੱਚਿਆਂ ਨੂੰ ਸਿੱਖਿਆ ਦੇਵੇ ਅਤੇ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਏ, ਪਰ ਅਧਿਆਪਕ ਨੇ ਆਪਣੇ ਅਹੁਦੇ ਦਾ ਗਲਤ ਫਾਇਦਾ ਉਠਾਇਆ। ਮਾਮਲੇ ਦੀ ਜਾਂਚ ਹਾਲੇ ਪੂਰੀ ਨਹੀਂ ਹੋਈ ਹੈ। ਜੇਕਰ ਮੁਲਜ਼ਮ ਅਧਿਆਪਕ ਨੂੰ ਜ਼ਮਾਨਤ ਦਿੱਤੀ ਗਈ ਤਾਂ ਮੁਲਜ਼ਮ ਜਾਂਚ ਨੂੰ ਪ੍ਰਭਾਵਿਤ ਕਰ ਸਕਦਾ ਹੈ।