ਜ਼ਮੀਨ ਲੀਜ਼ ’ਤੇ ਦੇਣ ਵਿਰੁੱਧ 25 ਨੂੰ ਲੁਧਿਆਣਾ-ਬਰਨਾਲਾ ਮੁੱਖ ਮਾਰਗ ਜਾਮ ਕਰਨ ਦਾ ਐਲਾਨ ਜ਼ਮੀਨ ਲੀਜ਼ ’ਤੇ ਦੇਣ ਵਿਰੁੱਧ 25 ਸਤੰਬਰ ਨੂੰ ਲੁਧਿਆਣਾ-ਬਰਨਾਲਾ ਮੁੱਖ ਮਾਰਗ ਜਾਮ ਕਰਨ ਦਾ ਐਲਾਨ
Publish Date: Sun, 20 Sep 2026 04:46 PM (IST)
Updated Date: Mon, 21 Sep 2026 04:03 AM (IST)
ਜਸਵੀਰ ਸਿੰਘ ਵਜੀਦਕੇ,ਪੰਜਾਬੀ ਜਾਗਰਣ, ਮਹਿਲ ਕਲਾਂ : ਪਿੰਡ ਵਜੀਦਕੇ ਖੁਰਦ ਵਿਖੇ ਨਹਿਰੀ ਵਿਭਾਗ ਦੀ ਸਰਕਾਰੀ ਜ਼ਮੀਨ ’ਤੇ ਨਰਸਰੀ ਅਤੇ ਛੋਟੇ ਜੰਗਲ ਨੂੰ ਬਚਾਉਣ ਲਈ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ ਗਿਆ ਹੈ। ਨਹਿਰੀ ਵਿਭਾਗ ਵੱਲੋਂ ਨਰਸਰੀ ਨੂੰ ਉਥੋਂ ਚੁੱਕਣ ਦੇ ਜਾਰੀ ਕੀਤੇ ਹੁਕਮਾਂ ਅਤੇ ਕਰੀਬ ਚਾਰ ਕਿੱਲੇ ਸਰਕਾਰੀ ਜ਼ਮੀਨ ਸੱਤ ਸਾਲਾਂ ਲਈ ਲੀਜ਼ ’ਤੇ ਦੇਣ ਦੀ ਕਾਰਵਾਈ ਵਿਰੁੱਧ ਪਿੰਡ ਵਾਸੀਆਂ ਅਤੇ ਮਨਰੇਗਾ ਮਜ਼ਦੂਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਮਹਿਲ ਕਲਾਂ ਦੇ ਆਗੂ ਹਰਜੀਤ ਸਿੰਘ ਖਿਆਲੀ ਦੀ ਅਗਵਾਈ ਹੇਠ ਵੱਖ-ਵੱਖ ਪਿੰਡਾਂ ਦੇ ਮਨਰੇਗਾ ਮਜ਼ਦੂਰਾਂ ਦੀ ਮੀਟਿੰਗ ਕਰਕੇ 25 ਸਤੰਬਰ, ਦਿਨ ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਲੁਧਿਆਣਾ-ਬਰਨਾਲਾ ਮੁੱਖ ਮਾਰਗ ’ਤੇ ਸਥਿਤ ਗੁਰਦੁਆਰਾ ਸਤ ਕਰਤਾਰ ਸਾਹਿਬ, ਪਿੰਡ ਵਜੀਦਕੇ ਖੁਰਦ ਵਿਖੇ ਧਰਨਾ ਦੇਣ ਅਤੇ ਸੜਕੀ ਆਵਾਜਾਈ ਠੱਪ ਕਰਨ ਦਾ ਐਲਾਨ ਕੀਤਾ ਹੈ । ਇਸ ਮੌਕੇ ਹਰਜੀਤ ਸਿੰਘ ਖ਼ਿਆਲੀ ਨੇ ਕਿਹਾ ਕਿ ਜਦੋਂ ਤੱਕ ਨਹਿਰੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਨਰਸਰੀ ਨੂੰ ਉਸੇ ਜਗ੍ਹਾ ’ਤੇ ਬਰਕਰਾਰ ਰੱਖਣ ਸਬੰਧੀ ਲਿਖਤੀ ਪੱਤਰ ਨਹੀਂ ਦਿੱਤਾ ਜਾਂਦਾ, ਉਦੋਂ ਤੱਕ ਧਰਨਾ ਲਗਾਤਾਰ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਸਿਰਫ਼ ਜ਼ੁਬਾਨੀ ਭਰੋਸਿਆਂ ਨਾਲ ਧਰਨਾ ਸਮਾਪਤ ਨਹੀਂ ਕੀਤਾ ਜਾਵੇਗਾ ਅਤੇ ਨਰਸਰੀ ਦੀ ਸੁਰੱਖਿਆ ਸਬੰਧੀ ਲਿਖਤੀ ਹੁਕਮ ਮਿਲਣ ਤੱਕ ਸੰਘਰਸ਼ ਜਾਰੀ ਰਹੇਗਾ। ਖਿਆਲੀ ਨੇ ਕਿਹਾ ਕਿ ਪਿੰਡ ਵਜੀਦਕੇ ਖੁਰਦ ਵਿਖੇ ਨਹਿਰੀ ਵਿਭਾਗ ਦੀ ਕਰੀਬ ਚਾਰ ਕਿੱਲੇ ਸਰਕਾਰੀ ਜ਼ਮੀਨ ਨੂੰ ਪਿੰਡ ਵਾਸੀਆਂ ਅਤੇ ਮਜ਼ਦੂਰਾਂ ਨੇ ਆਪਣੀ ਮਿਹਨਤ ਨਾਲ ਸੰਵਾਰਿਆ ਹੈ। ਸਰਕਾਰੀ ਜ਼ਮੀਨ ਨੂੰ ਸੱਤ ਸਾਲਾਂ ਲਈ ਲੀਜ਼ ’ਤੇ ਦੇਣ ਦੀ ਕਾਰਵਾਈ ਕਾਰਨ ਲੋਕਾਂ ਵਿੱਚ ਚਿੰਤਾ ਅਤੇ ਰੋਸ ਹੈ। ਸਰਕਾਰ ਅਤੇ ਸਬੰਧਤ ਵਿਭਾਗ ਨੂੰ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਇਸ ਫ਼ੈਸਲੇ ’ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ। ਹਰਜੀਤ ਸਿੰਘ ਖਿਆਲੀ ਨੇ ਕਿਹਾ ਕਿ ਉਹ ਲੋਕਾਂ ਦੀ ਮਿਹਨਤ ਨਾਲ ਤਿਆਰ ਕੀਤੀ ਨਰਸਰੀ ਅਤੇ ਛੋਟੇ ਜੰਗਲ ਨੂੰ ਬਚਾਉਣ ਲਈ ਹਰ ਪੱਧਰ ’ਤੇ ਲੜਾਈ ਲੜਨਗੇ ਅਤੇ ਕਿਸੇ ਵੀ ਹਾਲਤ ਵਿੱਚ ਇਸ ਨੂੰ ਉਜੜਨ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਕਿਸਾਨਾਂ, ਮਜ਼ਦੂਰਾਂ, ਦੁਕਾਨਦਾਰਾਂ, ਕਿਸਾਨ-ਮਜ਼ਦੂਰ ਜਥੇਬੰਦੀਆਂ ਅਤੇ ਇਨਸਾਫ਼ਪਸੰਦ ਲੋਕਾਂ ਨੂੰ ਅਪੀਲ ਕੀਤੀ ਕਿ ਉਹ 25 ਸਤੰਬਰ ਨੂੰ ਵਜੀਦਕੇ ਖੁਰਦ ਵਿਖੇ ਹੋਣ ਵਾਲੇ ਧਰਨੇ ਵਿੱਚ ਕਾਫ਼ਲੇ ਬੰਨ੍ਹ ਕੇ ਪਹੁੰਚਣ।ਇਸ ਮੌਕੇ ਮਜ਼ਦੂਰ ਆਗੂ ਪਰਮਜੀਤ ਕੌਰ ਵਜੀਦਕੇ ਖੁਰਦ, ਹਰਜਿੰਦਰ ਕੌਰ ਚੌਹਾਨਕੇ, ਅਮਰਜੀਤ ਕੌਰ ਸਹੌਰ, ਰਾਣੀ ਕੌਰ ਸਹੌਰ, ਜਗਸੀਰ ਸਿੰਘ, ਬਲਜੀਤ ਸਿੰਘ ਵਜੀਦਕੇ ਖੁਰਦ, ਜੁਗਰਾਜ ਸਿੰਘ ਚੌਹਾਨਕੇ ਕਲਾਂ, ਜਸਵੀਰ ਕੌਰ ਪੰਡੋਰੀ, ਭੂਰਾ ਸਿੰਘ, ਬਲਜੀਤ ਸਿੰਘ, ਕੁਲਵਿੰਦਰ ਕੌਰ ਚੌਹਾਨਕੇ ਕਲਾਂ, ਸੁਖਵਿੰਦਰ ਕੌਰ, ਕਾਕਾ ਸਿੰਘ ਮਹਿਲ ਕਲਾਂ, ਸਵਰਨ ਸਿੰਘ ਵਜੀਦਕੇ, ਦਰਸ਼ਨ ਸਿੰਘ ਵਜੀਦਕੇ, ਉਜਾਗਰ ਸਿੰਘ ਵਜੀਦਕੇ, ਬੱਬੀ ਸਿੰਘ ਵਜੀਦਕੇ, ਜਸਵਿੰਦਰ ਸਿੰਘ ਜੱਸੀ, ਜਗਰ ਸਿੰਘ, ਸਵਰਨ ਸਿੰਘ, ਬੂਟਾ ਸਿੰਘ, ਸੁਰਜੀਤ ਸਿੰਘ, ਸ਼ਿੰਦਰ ਸਿੰਘ, ਮਿੰਦਰ ਕੌਰ, ਪਰਮਜੀਤ ਕੌਰ, ਬਲਜੀਤ ਕੌਰ, ਜਸਵੰਤ ਕੌਰ, ਲਾਭ ਕੌਰ ਅਤੇ ਸੰਦੀਪ ਕੌਰ ਸਮੇਤ ਵੱਖ-ਵੱਖ ਪਿੰਡਾਂ ਦੇ ਵੱਡੀ ਗਿਣਤੀ ਵਿੱਚ ਮਨਰੇਗਾ ਮਜ਼ਦੂਰ ਹਾਜ਼ਰ ਸਨ।