- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਰਨਾਲਾ ਦੇ ਨਗਰ ਨਿਗਮ ਅਧੀਨ ਆਉਂਦੇ ਵਾਰਡ ਨੰਬਰ 25 ਦੇ ਸ਼ਹੀਦ ਭਗਤ ਸਿੰਘ ਨਗਰ 'ਚ ਗੰਦੇ ਪਾਣੀ ਦੀ ਸਮੱਸਿਆ ਨੇ ਲੋਕਾਂ ਦਾ ਜਿਉਣਾ ਦੁੱਭਰ ਕੀਤਾ ਹੋਇਆ ਹੈ। ਮਹੀਨਿਆਂ ਤੋਂ ਸੀਵਰੇਜ ਦੇ ਓਵਰਫਲੋਅ ਹੋ ਰਹੇ ਗੰਦੇ ਪਾਣੀ ਤੇ ਬਦਬੂ ਤੋਂ ਅੱਕ ਕੇ ਲੰਘੀ ਬੁੱਧਵਾਰ ਦੀ ਰਾਤ ਨੂੰ ਮੁਹੱਲਾ ਵਾਸੀਆਂ ਦਾ ਸਬਰ ਦਾ ਬੰਨ੍ਹ ਟੁੱਟ ਗਿਆ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ ਦੇ ਨਗਰ ਨਿਗਮ ਅਧੀਨ ਆਉਂਦੇ ਵਾਰਡ ਨੰਬਰ 25 ਦੇ ਸ਼ਹੀਦ ਭਗਤ ਸਿੰਘ ਨਗਰ 'ਚ ਗੰਦੇ ਪਾਣੀ ਦੀ ਸਮੱਸਿਆ ਨੇ ਲੋਕਾਂ ਦਾ ਜਿਉਣਾ ਦੁੱਭਰ ਕੀਤਾ ਹੋਇਆ ਹੈ। ਮਹੀਨਿਆਂ ਤੋਂ ਸੀਵਰੇਜ ਦੇ ਓਵਰਫਲੋਅ ਹੋ ਰਹੇ ਗੰਦੇ ਪਾਣੀ ਤੇ ਬਦਬੂ ਤੋਂ ਅੱਕ ਕੇ ਲੰਘੀ ਬੁੱਧਵਾਰ ਦੀ ਰਾਤ ਨੂੰ ਮੁਹੱਲਾ ਵਾਸੀਆਂ ਦਾ ਸਬਰ ਦਾ ਬੰਨ੍ਹ ਟੁੱਟ ਗਿਆ। ਲੋਕਾਂ ਨੇ ਇਕੱਠੇ ਹੋ ਕੇ ਪ੍ਰਸ਼ਾਸਨ ਤੇ ਸਰਕਾਰ ਖਿਲਾਫ਼ ਦੇਰ ਰਾਤ ਤੱਕ ਜੰਮ ਕੇ ਭੜਾਸ ਕੱਢੀ ਤੇ ਨਾਅਰੇਬਾਜ਼ੀ ਕੀਤੀ।
"ਨਿਗਮ ਨਾਲੋਂ ਤਾਂ ਕੌਂਸਲ ਹੀ ਚੰਗੀ ਸੀ"
ਰੋਸ ਪ੍ਰਦਰਸ਼ਨ ਕਰ ਰਹੇ ਲੋਕਾਂ ਦਾ ਕਹਿਣਾ ਸੀ ਕਿ ਨਗਰ ਨਿਗਮ ਬਣਨ ਤੋਂ ਪਹਿਲਾਂ ਨਗਰ ਕੌਂਸਲ ਦਾ ਸਮਾਂ ਹੀ ਸੁੱਖ ਦਾ ਸੀ, ਘੱਟੋ-ਘੱਟ ਐਵੇਂ ਗੰਦੇ ਪਾਣੀ ਵਿੱਚੋਂ ਤਾਂ ਨਹੀਂ ਸੀ ਲੰਘਣਾ ਪੈਂਦਾ। ਹੁਣ ਤਾਂ ਉਹ ਨਰਕ ਭਰੀ ਜ਼ਿੰਦਗੀ ਕੱਟਣ ਲਈ ਮਜਬੂਰ ਹਨ। ਲੋਕਾਂ ਆਖਿਆ ਕਿ ਅਜੇ ਤਾਂ ਓਵੇਂ ਬਰਸਾਤਾਂ ਪਈਆਂ ਨਹੀਂ, ਜੇ ਕਿਤੇ ਭਾਰੀ ਮੀਂਹ ਪੈ ਗਿਆ ਤਾਂ ਇੱਥੇ ਹਾਲਾਤ ਅੱਤ ਦੇ ਖਰਾਬ ਹੋ ਜਾਣਗੇ।
ਸਵਾ ਸਾਲ ਤੋਂ ਰੋ ਰਹੇ ਨੇ ਦੁੱਖੜਾ, ਪਰ ਕੋਈ ਸੁਣਵਾਈ ਨਹੀਂ
ਮੁਹੱਲਾ ਵਾਸੀਆਂ ਦੱਸਿਆ ਕਿ ਸ਼ਹੀਦ ਭਗਤ ਸਿੰਘ ਨਗਰ 'ਚ ਇਹ ਸਮੱਸਿਆ ਪਿਛਲੇ ਲਗਭਗ ਸਵਾ ਸਾਲ ਤੋਂ ਲਗਾਤਾਰ ਬਣੀ ਹੋਈ ਹੈ। ਉਹਨਾਂ ਆਪਣਾ ਇਹ ਦੁੱਖੜਾ ਕਈ ਵਾਰ ਸਥਾਨਕ ਆਗੂਆਂ ਦੇ ਧਿਆਨ 'ਚ ਵੀ ਲਿਆਂਦਾ, ਪਰ ਮਸਲੇ ਦਾ ਕੋਈ ਪੱਕਾ ਹੱਲ ਨਹੀਂ ਨਿਕਲਿਆ। ਹਰ ਵਾਰ 10-15 ਦਿਨਾਂ 'ਚ ਕੰਮ ਸ਼ੁਰੂ ਕਰਵਾਉਣ ਦਾ ਲਾਰਾ ਲਾ ਦਿੱਤਾ ਜਾਂਦਾ ਹੈ, ਪਰ ਗੱਲ ਉੱਥੇ ਦੀ ਉੱਥੇ ਹੀ ਖੜ੍ਹੀ ਹੈ। ਲੋਕਾਂ ਨੇ ਦੱਸਿਆ ਕਿ ਉਹ ਨਗਰ ਨਿਗਮ ਤੇ ਸਬੰਧਤ ਵਿਭਾਗ ਦੇ ਦਫ਼ਤਰਾਂ ਦੇ ਕਈ ਗੇੜੇ ਮਾਰ ਕੇ ਥੱਕ ਚੁੱਕੇ ਹਨ, ਪਰ ਹੁਣ ਉਹ ਇਸ ਮਸਲੇ ਦਾ ਸਥਾਈ ਹੱਲ ਚਾਹੁੰਦੇ ਹਨ।
ਕੌਂਸਲਰ ਦਾ ਫੋਨ ਬੰਦ, ਮੇਅਰ ਨੇ ਦਿੱਤਾ ਹੱਲ ਦਾ ਭਰੋਸਾ
ਇਸ ਰੋਸ ਪ੍ਰਦਰਸ਼ਨ 'ਚ ਹਰੀਸ਼ ਕੁਮਾਰ, ਜਸਵੀਰ ਸਿੰਘ, ਬਲਜੀਤ ਸਿੰਘ, ਹਰਜੀਤ ਸਿੰਘ, ਅਕਾਸ਼ਦੀਪ ਸਿੰਘ, ਗੁਰਵਿੰਦਰ ਸਿੰਘ ਫੌਜੀ, ਸੰਜੀਵ ਕੁਮਾਰ, ਜੁਗਨੂੰ, ਪ੍ਰਿੰਸ, ਪਰਦੀਪ ਸਿੰਘ, ਗੁਰਮੇਲ ਸਿੰਘ ਸਮੇਤ ਵੱਡੀ ਗਿਣਤੀ 'ਚ ਔਰਤਾਂ ਤੇ ਬੱਚੇ ਸ਼ਾਮਲ ਸਨ।
ਜਦੋਂ ਵਾਰਡ ਨੰਬਰ 25 ਦੀ 'ਆਪ' ਕੌਂਸਲਰ ਮਮਤਾ ਰਾਣੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਦਾ ਮੋਬਾਈਲ ਫੋਨ ਬੰਦ ਆ ਰਿਹਾ ਸੀ, ਜਿਸ ਕਰਕੇ ਮੁਹੱਲਾ ਵਾਸੀਆਂ 'ਚ ਉਹਨਾਂ ਪ੍ਰਤੀ ਵੀ ਤਕੜੀ ਨਰਾਜ਼ਗੀ ਦੇਖਣ ਨੂੰ ਮਿਲੀ।
ਪੰਜਾਬੀ ਜਾਗਰਣ ਦੀ ਟੀਮ ਨੇ ਜਦੋਂ ਨਗਰ ਨਿਗਮ ਬਰਨਾਲਾ ਦੇ ਮੇਅਰ ਹਸਨਪ੍ਰੀਤ ਭਾਰਦਵਾਜ ਦੇ ਧਿਆਨ ਚ ਇਹ ਮਾਮਲਾ ਲਿਆਂਦਾ ਤਾਂ ਉਹਨਾਂ ਆਖਿਆ ਕਿ ਉਹ ਦਿਨ ਚੜ੍ਹਦਿਆਂ ਹੀ ਸੀਵਰੇਜ ਤੇ ਵਾਟਰ ਸਪਲਾਈ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਇਸ ਸਮੱਸਿਆ ਦਾ ਪਹਿਲ ਦੇ ਆਧਾਰ 'ਤੇ ਹੱਲ ਕਰਵਾਉਣਗੇ।