ਭਦੌੜ ਹਲਕੇ ਨੂੰ ਮਿਲਿਆ ਵੱਡਾ ਤੋਹਫ਼ਾ: ਪੱਖੋ ਕਲਾਂ-ਪੁਲਾੜਾ ਸਾਹਿਬ ਲਿੰਕ ਰੋਡ ਤਿਆਰ, ਸੰਗਤਾਂ 'ਚ ਖ਼ੁਸ਼ੀ ਦੀ ਲਹਿਰ ਹਲਕਾ ਭਦੌੜ ਤੋਂ ਵਿਧਾਇਕ ਲਾਭ ਸਿੰਘ ਉਗੋਕੇ ਵੱਲੋਂ ਹਲਕੇ ਦੇ ਪਿੰਡ ਪੱਖੋ ਕਲਾਂ ਤੋਂ ਪਵਿੱਤਰ ਅਸਥਾਨ ਪੁਲਾੜਾ ਸਾਹਿਬ ਨੂੰ ਜਾਂਦੀ 18 ਫੁੱਟ ਚੌੜੀ ਨਵੀਂ ਸੜਕ ਦਾ ਰਸਮੀ ਉਦਘਾਟਨ ਕੀਤਾ ਗਿਆ।
Publish Date: Fri, 09 Oct 2026 06:03 PM (IST)
Updated Date: Fri, 09 Oct 2026 06:05 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਹਲਕਾ ਭਦੌੜ ਤੋਂ ਵਿਧਾਇਕ ਲਾਭ ਸਿੰਘ ਉਗੋਕੇ ਵੱਲੋਂ ਹਲਕੇ ਦੇ ਪਿੰਡ ਪੱਖੋ ਕਲਾਂ ਤੋਂ ਪਵਿੱਤਰ ਅਸਥਾਨ ਪੁਲਾੜਾ ਸਾਹਿਬ ਨੂੰ ਜਾਂਦੀ 18 ਫੁੱਟ ਚੌੜੀ ਨਵੀਂ ਸੜਕ ਦਾ ਰਸਮੀ ਉਦਘਾਟਨ ਕੀਤਾ ਗਿਆ। ਇਸ ਮੌਕੇ ਇਲਾਕੇ ਦੇ ਪਤਵੰਤੇ ਸੱਜਣ ਤੇ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ। ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਲਾਭ ਸਿੰਘ ਉਗੋਕੇ ਨੇ ਕਿਹਾ ਕਿ ਇਸ ਨਵੀਂ ਅਤੇ ਚੌੜੀ ਸੜਕ ਦੇ ਬਣਨ ਨਾਲ ਇਲਾਕੇ ਦੇ ਲੋਕਾਂ ਅਤੇ ਪਵਿੱਤਰ ਅਸਥਾਨ 'ਤੇ ਨਤਮਸਤਕ ਹੋਣ ਆਉਣ ਵਾਲੀਆਂ ਸੰਗਤਾਂ ਲਈ ਆਵਾਜਾਈ ਬੇਹੱਦ ਸੁਖਾਲੀ ਅਤੇ ਸੁਰੱਖਿਅਤ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਦਾ ਟੀਚਾ ਕੇਵਲ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਹੀ ਨਹੀਂ ਹੈ, ਸਗੋਂ ਜਨਤਾ ਦੇ ਜੀਵਨ ਨੂੰ ਆਸਾਨ ਬਣਾਉਣਾ ਹੈ। ਇਸ ਮੌਕੇ ਉਨ੍ਹਾਂ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ "ਸਾਡਾ ਮਕਸਦ ਸਿਰਫ਼ ਸੜਕਾਂ ਬਣਾਉਣਾ ਹੀ ਨਹੀਂ, ਸਗੋਂ ਲੋਕਾਂ ਦੀਆਂ ਮੁਸ਼ਕਲਾਂ ਨੂੰ ਘਟਾਉਣਾ, ਸਹੂਲਤਾਂ ’ਚ ਵਾਧਾ ਕਰਨਾ ਤੇ ਹਲਕੇ ਦੇ ਹਰ ਪਿੰਡ ਦਾ ਸਰਬਪੱਖੀ ਵਿਕਾਸ ਯਕੀਨੀ ਬਣਾਉਣਾ ਹੈ।" ਵਿਧਾਇਕ ਉਗੋਕੇ ਨੇ ਦੁਹਰਾਇਆ ਕਿ ਪੰਜਾਬ ਸਰਕਾਰ ਵੱਲੋਂ ਹਲਕੇ ਦੇ ਹਰ ਕੋਨੇ ’ਚ ਬਿਨਾਂ ਕਿਸੇ ਭੇਦਭਾਵ ਦੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਉਨ੍ਹਾਂ ਅਖੀਰ ’ਚ ਕਿਹਾ ਕਿ ਲੋਕਾਂ ਦੀ ਸੇਵਾ, ਪਿੰਡਾਂ ਦਾ ਵਿਕਾਸ ਤੇ ਹਰ ਵਰਗ ਦੀ ਸਹੂਲਤ ਇਹੀ ਸਾਡੀ ਮੁੱਖ ਤਰਜੀਹ ਹੈ।