- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਦਿੱਲੀ ਵਿਖੇ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਿਚਾਲੇ ਮੁੜ ਹੋਏ ਸਿਆਸੀ ਸਮਝੌਤੇ 'ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਇਸ ਨੂੰ ਪੰਜਾਬ ਸੂਬੇ, ਇੱਥੋਂ ਦੇ ਵਸਨੀਕਾਂ ਅਤੇ ਸਿੱਖ ਕੌਮ ਲਈ ਬੇਹੱਦ ਖ਼ਤਰਨਾਕ ਕਰਾਰ ਦਿੱਤਾ ਹੈ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਦਿੱਲੀ ਵਿਖੇ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਿਚਾਲੇ ਮੁੜ ਹੋਏ ਸਿਆਸੀ ਸਮਝੌਤੇ 'ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਇਸ ਨੂੰ ਪੰਜਾਬ ਸੂਬੇ, ਇੱਥੋਂ ਦੇ ਵਸਨੀਕਾਂ ਅਤੇ ਸਿੱਖ ਕੌਮ ਲਈ ਬੇਹੱਦ ਖ਼ਤਰਨਾਕ ਕਰਾਰ ਦਿੱਤਾ ਹੈ। ਉਨ੍ਹਾਂ ਸਮੂਹ ਪੰਥਕ ਧਿਰਾਂ ਨੂੰ ਅਪੀਲ ਕੀਤੀ ਹੈ ਕਿ ਉਹ 2027 ਦੀ ਸਿਆਸੀ ਜੰਗ ਫ਼ਤਹਿ ਕਰਨ ਲਈ ਸਾਰੇ ਗਿਲੇ-ਸ਼ਿਕਵੇ ਛੱਡ ਕੇ ਇੱਕ ਮੰਚ 'ਤੇ ਇਕੱਠੇ ਹੋਣ।
ਨਸ਼ਿਆਂ ਤੇ ਰੁਜ਼ਗਾਰ ਦੇ ਮੁੱਦੇ 'ਤੇ ਘੇਰਿਆ
ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਮਾਨ ਨੇ ਆਪਣੇ ਬਿਆਨ ਵਿੱਚ ਦੋਸ਼ ਲਾਇਆ ਕਿ ਭਾਜਪਾ ਸਿੱਖ ਕੌਮ ਦੀ ਵੱਖਰੀ ਪਛਾਣ ਨੂੰ ਖ਼ਤਮ ਕਰਨ ਦੀਆਂ ਯੋਜਨਾਵਾਂ ਘੜ ਰਹੀ ਹੈ ਅਤੇ ਇਸੇ ਸੋਚ ਤਹਿਤ ਆਪਣੀ ਸਿਆਸਤ ਨੂੰ ਅੱਗੇ ਵਧਾਉਣਾ ਚਾਹੁੰਦੀ ਹੈ। ਉਨ੍ਹਾਂ ਪਿਛਲੇ ਸਮੇਂ ਦੌਰਾਨ ਪੰਜਾਬ ਵਿੱਚ ਵਧੇ ਚਿੱਟੇ ਅਤੇ ਹੋਰ ਨਸ਼ਿਆਂ ਦੇ ਕਾਰੋਬਾਰ ਲਈ ਬਾਦਲ ਦਲ ਅਤੇ ਭਾਜਪਾ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਨੌਜਵਾਨਾਂ ਨੂੰ ਸਮੇਂ ਸਿਰ ਰੁਜ਼ਗਾਰ ਨਾ ਦੇ ਕੇ ਨਸ਼ਿਆਂ ਦੇ ਰਾਹ ਵੱਲ ਧੱਕਿਆ ਗਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਇਹ ਗੱਲ ਕਿਸੇ ਸਿਆਸੀ ਵਿਰੋਧ ਕਾਰਨ ਨਹੀਂ, ਸਗੋਂ ਪੁਖ਼ਤਾ ਤੱਥਾਂ ਦੇ ਆਧਾਰ 'ਤੇ ਆਖ ਰਹੇ ਹਨ।
ਸੀਟਾਂ ਦੀ ਵੰਡ ਨਾਲੋਂ ਜਿੱਤ ਨੂੰ ਦਿੱਤੀ ਜਾਵੇ ਤਰਜੀਹ
ਪੰਥਕ ਪਾਰਟੀਆਂ ਦੇ ਆਗੂਆਂ ਨੂੰ ਸੰਜੀਦਾ ਅਪੀਲ ਕਰਦਿਆਂ ਮਾਨ ਨੇ ਕਿਹਾ ਕਿ ਜਦੋਂ ਪੰਜਾਬ ਵਿਰੋਧੀ ਤਾਕਤਾਂ ਸੂਬੇ ਦੀ ਸੱਤਾ 'ਤੇ ਕਾਬਜ਼ ਹੋਣ ਲਈ ਇਕੱਠੀਆਂ ਹੋ ਰਹੀਆਂ ਹਨ, ਤਾਂ ਪੰਥਕ ਧਿਰਾਂ ਨੂੰ ਵੀ ਛੋਟੇ-ਮੋਟੇ ਵਿਚਾਰਕ ਵਖਰੇਵਿਆਂ ਤੋਂ ਉੱਪਰ ਉੱਠਣਾ ਪਵੇਗਾ। ਉਨ੍ਹਾਂ ਸੁਝਾਅ ਦਿੱਤਾ ਕਿ ਗਠਜੋੜ ਵੇਲੇ ਸੀਟਾਂ ਦੀ ਗਿਣਤੀ ਵੱਧ ਜਾਂ ਘੱਟ ਦੇਖਣ ਦੀ ਬਜਾਏ ਸਿਰਫ਼ ਉਮੀਦਵਾਰ ਦੀ ਜਿੱਤ ਨੂੰ ਹੀ ਮੁੱਖ ਕਸੌਟੀ ਬਣਾਇਆ ਜਾਵੇ। ਜਿਸ ਵੀ ਧਿਰ ਦੇ ਉਮੀਦਵਾਰ ਦੀ ਜਿੱਤ ਯਕੀਨੀ ਹੋਵੇ, ਉਸ ਨੂੰ ਹੀ ਟਿਕਟ ਦਿੱਤੀ ਜਾਵੇ ਤਾਂ ਜੋ ਸੂਬੇ ਵਿੱਚ ਪੰਜਾਬੀਆਂ ਅਤੇ ਸਿੱਖ ਕੌਮ ਦੀ ਆਪਣੀ ਸਰਬਸਾਂਝੀ ਸਰਕਾਰ ਬਣਾਈ ਜਾ ਸਕੇ।
'ਮੈਂ ਮਰਾਂ ਪੰਥ ਜੀਵੇ' ਦੇ ਸਿਧਾਂਤ 'ਤੇ ਚੱਲਣ ਦੀ ਲੋੜ
ਮੌਜੂਦਾ ਸਿਆਸੀ ਹਾਲਾਤ 'ਤੇ ਚਿੰਤਾ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਬਹੁਤੀ ਲੀਡਰਸ਼ਿਪ ਵਿੱਚ 'ਪੰਥ ਮਰੇ ਮੈਂ ਜੀਵਾਂ' ਵਾਲੀ ਸਵਾਰਥੀ ਸੋਚ ਭਾਰੂ ਹੋ ਚੁੱਕੀ ਹੈ। ਜਦਕਿ ਗੁਰੂ ਸਾਹਿਬਾਨ ਨੇ ਸਮੁੱਚੀ ਮਨੁੱਖਤਾ ਦੀ ਭਲਾਈ ਲਈ 'ਮੈਂ ਮਰਾਂ ਪੰਥ ਜੀਵੇ' ਦਾ ਮਹਾਨ ਸੰਦੇਸ਼ ਦਿੱਤਾ ਹੈ। ਉਨ੍ਹਾਂ ਸਮੂਹ ਆਗੂਆਂ ਤੇ ਵਰਕਰਾਂ ਨੂੰ ਸੱਦਾ ਦਿੱਤਾ ਕਿ ਉਹ ਗੁਰੂ ਸਾਹਿਬਾਨ ਦੇ ਇਸ ਸਿਧਾਂਤ 'ਤੇ ਦ੍ਰਿੜ੍ਹਤਾ ਨਾਲ ਪਹਿਰਾ ਦਿੰਦਿਆਂ 2027 ਦੀਆਂ ਚੋਣਾਂ ਅਤੇ ਉਸ ਤੋਂ ਬਾਅਦ ਧਾਰਮਿਕ ਲੀਹਾਂ 'ਤੇ ਆਪਣੀ ਅਗਲੀ ਮੰਜ਼ਿਲ ਵੱਲ ਵਧਣ ਦਾ ਪ੍ਰਣ ਲੈਣ।