- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਧਨੌਲਾ ਥਾਣੇ ਦੇ ਮੁਨਸ਼ੀ ’ਤੇ ਰਿਸ਼ਵਤਖੋਰੀ ਤੇ ਪਰੇਸ਼ਾਨੀ ਦੇ ਦੋਸ਼

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ
ਬਰਨਾਲਾ ਜ਼ਿਲ੍ਹੇ ਦੇ ਥਾਣਾ ਧਨੌਲਾ ਤੋਂ ਇੱਕ ਬੇਹੱਦ ਮੰਦਭਾਗੀ ਤੇ ਗੰਭੀਰ ਖ਼ਬਰ ਸਾਹਮਣੇ ਆਈ ਹੈ, ਜਿੱਥੇ ਪਿੰਡ ਭੱਠਲਾਂ ਦੇ ਸਾਬਕਾ ਸਰਪੰਚ ਦੇ ਲੜਕੇ ਵੱਲੋਂ ਪੁਲਿਸ ਪ੍ਰਸ਼ਾਸਨ ਤੋਂ ਤੰਗ ਆ ਕੇ ਕੋਈ ਜ਼ਹਿਰੀਲੀ ਸਪਰੇ ਪੀ ਕੇ ਆਤਮਹੱਤਿਆ ਦੀ ਕੋਸ਼ਿਸ਼ ਕੀਤੀ ਗਈ ਹੈ। ਘਟਨਾ ਤੋਂ ਬਾਅਦ ਨੌਜਵਾਨ ਨੂੰ ਤੁਰੰਤ ਗੰਭੀਰ ਹਾਲਤ ’ਚ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਇੱਕ ਵੀਡੀਓ 'ਚ ਜ਼ਹਿਰੀਲੀ ਦਵਾਈ ਪੀਣ ਤੋਂ ਬਾਅਦ ਪੀੜਤ ਨੌਜਵਾਨ ਨੇ ਪੁਲਿਸ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਵਾਇਰਲ ਵੀਡੀਓ ’ਚ ਨੌਜਵਾਨ ਦੱਸ ਰਿਹਾ ਹੈ ਕਿ ਕੁਝ ਸਮਾਂ ਕਰੀਬ 17 ਦਿਨ ਪਹਿਲਾਂ ਉਸ ਦੀ ਕਾਰ ਨੂੰ ਅਚਾਨਕ ਅੱਗ ਲੱਗ ਗਈ ਸੀ, ਜਿਸ ਨਾਲ ਉਸ ਦੀ ਗੱਡੀ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ ਸੀ। ਇਸ ਮਾਮਲੇ ਸਬੰਧੀ ਉਸ ਨੇ ਥਾਣਾ ਧਨੌਲਾ ਵਿਖੇ ਸ਼ਿਕਾਇਤ ਦਰਜ ਕਰਵਾਈ ਸੀ, ਪਰ ਪੁਲਿਸ ਵੱਲੋਂ ਕੋਈ ਯੋਗ ਜਾਂ ਬਣਦੀ ਕਾਰਵਾਈ ਨਹੀਂ ਕੀਤੀ ਜਾ ਰਹੀ ਸੀ।
--ਥਾਣੇ ਦੇ ਮੁਨਸ਼ੀ ’ਤੇ ਰਿਸ਼ਵਤ ਮੰਗਣ ਅਤੇ ਦੁਰਵਿਹਾਰ ਦੇ ਗੰਭੀਰ ਦੋਸ਼
ਪੀੜਤ ਨੌਜਵਾਨ ਜੋਬਨਪ੍ਰੀਤ ਸਿੰਘ ਨੇ ਜੋਬਣ ਰੁਤੇ ਹੀ ਨੇ ਥਾਣਾ ਧਨੌਲਾ ਵਿਖੇ ਜ਼ਹਿਰੀਲੀ ਚੀਜ਼ ਨਿਗਲਦਿਆਂ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਧਨੌਲਾ ਥਾਣੇ ’ਚ ਤਾਇਨਾਤ ਪੰਮੇ ਮੁਨਸ਼ੀ ’ਤੇ ਸਿੱਧੇ ਤੌਰ ’ਤੇ ਰਿਸ਼ਵਤ ਮੰਗਣ ਤੇ ਉਸ ਨੂੰ ਮਾਨਸਿਕ ਤੌਰ ’ਤੇ ਪਰੇਸ਼ਾਨ ਕਰਨ ਦੇ ਦੋਸ਼ ਲਗਾਏ ਹਨ। ਨੌਜਵਾਨ ਅਨੁਸਾਰ, ਬੀਤੇ ਦਿਨ ਉਹ ਇਸੇ ਮਾਮਲੇ ਦੇ ਹੱਲ ਲਈ ਪਿੰਡ ਦੀ ਪੰਚਾਇਤ ਨੂੰ ਨਾਲ ਲੈ ਕੇ ਥਾਣੇ ਗਿਆ ਸੀ। ਪਰ ਅਫ਼ਸੋਸਜਨਕ ਗੱਲ ਇਹ ਰਹੀ ਕਿ ਮੁਨਸ਼ੀ ਪੰਮੇ ਨੇ ਪੰਚਾਇਤ ਦੀ ਮੌਜੂਦਗੀ 'ਚ ਵੀ ਉਸ ਨਾਲ ਬੁਰਾ ਵਿਵਹਾਰ ਕੀਤਾ ਤੇ ਗੱਲ ਸੁਣਨ ਦੀ ਬਜਾਏ ਉਸ ਨੂੰ ਜ਼ਲੀਲ ਕੀਤਾ। ਨੌਜਵਾਨ ਨੇ ਦੱਸਿਆ ਕਿ ਪੁਲਿਸ ਦੇ ਇਸ ਰਵੱਈਏ ਤੇ ਲਗਾਤਾਰ ਹੋ ਰਹੀ ਖੱਜਲ-ਖੁਆਰੀ ਤੋਂ ਅੱਕ ਕੇ ਹੀ ਉਸ ਨੇ ਇਹ ਖ਼ੌਫ਼ਨਾਕ ਕਦਮ ਚੁੱਕਣ ਦਾ ਫ਼ੈਸਲਾ ਲਿਆ। ਇਸ ਘਟਨਾ ਤੋਂ ਬਾਅਦ ਪਿੰਡ ਭੱਠਲਾਂ ਤੇ ਆਸ-ਪਾਸ ਦੇ ਇਲਾਕੇ ’ਚ ਰੋਸ ਦੀ ਲਹਿਰ ਫੈਲ ਗਈ ਹੈ ਤੇ ਪਿੰਡ ਵਾਸੀਆਂ ਵੱਲੋਂ ਮੁਲਜ਼ਮ ਪੁਲਿਸ ਕਰਮਚਾਰੀ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਇਸ ਮੌਕੇ ਬੀਐਮਸੀ ਹਸਪਤਾਲ ’ਚ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਗੁਰਦੀਪ ਸਿੰਘ ਬਾਠ ਪੁੱਜੇ ਇਨ੍ਹਾਂ ਪੀੜਤ ਨੌਜਵਾਨ ਦੇ ਹੱਕ ਚ ਸਰਕਾਰ ਨੂੰ ਘੇਰਿਆ ਤੇ ਇਨਸਾਫ਼ ਦੀ ਮੰਗ ਕੀਤੀ
-ਦਰਖਾਸਤ ਦੇ ਆਧਾਰ ’ਤੇ ਕੀਤੀ ਜਾਵੇਗੀ ਕਾਰਵਾਈ : ਡੀਐਸੱਪੀ ਰਾਜਿੰਦਰ ਪਾਲ ਸਿੰਘ
ਇਸ ਮਾਮਲੇ ਸਬੰਧੀ ਡੀਐੱਸਪੀ ਰਾਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਇਸ ਘਟਨਾ ਦਾ ਪਤਾ ਲੱਗਣ ’ਤੇ ਉਨ੍ਹਾਂ ਤੁਰੰਤ ਥਾਣਾ ਧਨੌਲਾ ਵਿਖੇ ਸੰਪਰਕ ਕੀਤਾ ਤਾਂ ਜੋਬਨਪ੍ਰੀਤ ਸਿੰਘ ਵਾਸੀ ਭੱਠਲਾਂ ਵਲੋਂ ਦਵਾਈ ਪੀਣ ਬਾਰੇ ਪਤਾ ਲੱਗਿਆ ਸੀ। ਉਨ੍ਹਾਂ ਦੱਸਿਆ ਕਿ ਜੋਬਨਪ੍ਰੀਤ ਸਿੰਘ ਪਹਿਲਾਂ ਵੀ ਮਾਨਸਿਕ ਪਰੇਸ਼ਾਨ ਚੱਲ ਰਿਹਾ ਸੀ ਕਿਉਂਕਿ ਬਾਲੀਆ ਪਿੰਡ ਜੋ ਸੰਗਰੂਰ ਜ਼ਿਲ੍ਹੇ ’ਚ ਪੈਂਦਾ ਹੈ ਉੱਥੇ ਜ਼ਮੀਨ ਦਾ ਰੌਲਾ ਸੀ, ਦੂਜਾ ਉਸ ਦੀ ਸਵੀਫ਼ਟ ਕਾਰ ਨੂੰ ਅੱਗ ਲੱਗ ਗਈ ਸੀ। ਜਿਸ ਸਬੰਧੀ ਉਹ ਥਾਣਾ ਧਨੌਲਾ ਗਿਆ ਸੀ ਤੇ ਰਿਪੋਰਟ ਦਰਜ ਕਰਨ ਲਈ ਆਇਆ ਸੀ ਤਾਂ ਉੱਥੇ ਉਸ ਦੀ ਰਿਪੋਰਟ ਦਰਜ ਕੀਤੀ ਗਈ ਸੀ ਤੇ ਕੁੱਝ ਸਮਾਂ ਬੈਠਣ ਲਈ ਕਹਿ ਦਿੱਤਾ ਸੀ ਤਾਂ ਉਸ ਨੇ ਅਚਾਨਕ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਉਸ ਨੇ ਕੋਈ ਦਵਾਈ ਪੀ ਲਈ ਤੇ ਉਸ ਨੂੰ ਬੀਐੱਮਸੀ ਹਸਪਤਾਲ ਵਿਖੇ ਲਿਆਂਦਾ ਗਿਆ, ਜਿੱਥੇ ਉਸ ਦੀ ਹਾਲਤ ਠੀਕ ਹੈ। ਉਨ੍ਹਾਂ ਦੱਸਿਆ ਕਿ ਜੋ ਉਸ ਵਲੋਂ ਦਰਖਾਸਤ ਦਿੱਤੀ ਗਈ ਸੀ ਉਸ ਦੇ ਅਧਾਰ ’ਤੇ ਕਾਰਵਾਈ ਕੀਤੀ ਜਾਵੇਗੀ। ਪੁਲਿਸ ਵਲੋਂ ਮਾਮਲੇ ਦੀ ਜਾਂਚ ਪੂਰੀ ਡੂੰਘਾਈ ਨਾਲ ਕੀਤੀ ਜਾ ਰਹੀ ਹੈ।
---------
ਸ਼੍ਰੋਅਦ ਦੇ ਹਲਕਾ ਇੰਚਾਰਜ ਕੀਤਾ ਸਮਰਥਕਾਂ ਸਮੇਤ ਹਸਪਤਾਲ ਪੁੱਜੇ
ਘਟਨਾ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ ਆਪਣੇ ਸਮਰਥਕਾਂ ਸਮੇਤ ਬੀਐਮਸੀ ਹਸਪਤਾਲ ਬਰਨਾਲਾ ਵਿਖੇ ਪਹੁੰਚੇ। ਜਿੱਥੇ ਉਨ੍ਹਾਂ ਕਿਹਾ ਕਿ ਇਹ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਵਲੋਂ ਜੋਬਨਪ੍ਰੀਤ ਸਿੰਘ ਨਾਲ ਧੱਕੇਸ਼ਾਹੀ ਹੋਈ ਹੈ। ਉਸ ਨੂੰ ਜਦੋਂ ਇਨਸਾਫ਼ ਨਾ ਮਿਲਿਆ ਤਾਂ ਉਸ ਨੇ ਪੁਲਿਸ ਪ੍ਰਸਾਸ਼ਨ ਦੀ ਕਾਰਵਾਈ ਤੋਂ ਦੁਖੀ ਹੋ ਕੇ ਥਾਣੇ ਅੱਥੇ ਹੀ ਜਹਿਰੀਲੀ ਚੀਜ ਨਿਗਲ ਕੇ ਖੁਦਕੁਸ਼ੀ ਕਰਨ ਦੀ ਕੋਸਿਸ਼ ਕੀਤੀ। ਉਨ੍ਹਾ ਕਿਹਾ ਕਿ ਇਸ ਸਮੇਂ ਪੰਜਾਬ ਦ ਹਾਲਤ ਬਹੁਤ ਜ਼ਿਆਦਾ ਮਾੜੇ ਹੋ ਚੁੱਕੇ ਹਨ। ਜੇਕਰ ਇਸ ਵਿਅਕਤੀ ਨਾਲ ਕੋਈ ਧੱਕੇਸ਼ਾਹੀ ਹੋਈ ਤਾਂ ਇਸ ਦੇ ਨਾਲ ਉਹ ਖੜ੍ਹੇ ਹਨ।
: ਆਪ ਸਰਕਾਰ ’ਚ ਹੋ ਰਿਹਾ ਧੱਕਾ:ਅਰੁਣ ਪ੍ਰਾਤ ਸਿੰਘ ਢਿੱਲੋਂ
ਕਾਂਗਰਸੀ ਆਗੂ ਤੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਦੇ ਸਪੁੱਤਰ ਅਰੁਣ ਪ੍ਰਤਾਪ ਸਿੰਘ ਢਿੱਲੋਂ ਨੇ ਕਿਹਾ ਕਿ ਜੋ ਇਸ ਨੌਜਵਾਨ ਨਾਲ ਧੱਕੇਸ਼ਾਹੀ ਹੋਈ ਹੈ ਉਹ ਪੁਲਿਸ ਪ੍ਰਸਾਸ਼ਨ ਦੀ ਵੱਡੀ ਧੱਕੇਸ਼ਾਹੀ ਹੈ। ਇਸ ਨੌਜਵਾਨ ਵਲੋਂ ਥਾਣੇ ਅੱਗੇ ਇਨਸਾਫ਼ ਦੀ ਮੰਗ ਨੂੰ ਲੈ ਕੇ ਜ਼ਹਿਰ ਨਿਗਲਣਾ ਬਹੁਤ ਜ਼ਿਆਦਾ ਮੰਦਭਾਗੀ ਘਟਨਾ ਹੈ। ਉਨ੍ਹਾ ਕਿਹਾ ਕਿ ਕਾਂਗਰਸ ਪਾਰਟੀ ਇਸ ਪੀੜਤ ਨੌਜਵਾਨ ਨਾਲ ਖੜ੍ਹੀ ਹੈ।