3 ਸਤੰਬਰ ਨੂੰ ਪੰਜਾਬ ਦੇ 3 ਜ਼ਿਲ੍ਹਿਆਂ 'ਚ ਬੰਦ ਰਹਿਣਗੇ ਸਾਰੇ ਪ੍ਰਾਈਵੇਟ ਸਕੂਲ, ਜਾਣੋ ਕਿਉਂ ਲਿਆ ਗਿਆ ਵੱਡਾ ਫ਼ੈਸਲਾ ਸਕੂਲ ਐਂਡ ਕਾਲਜ ਬੱਸ ਓਪਰੇਟਰ ਐਸੋਸੀਏਸ਼ਨ ਪੰਜਾਬ ਨੇ ਬੱਸ ਮਾਲਕਾਂ ਤੇ ਡਰਾਈਵਰਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਤੇ ਧੱਕੇਸ਼ਾਹੀ ਖਿਲਾਫ਼ 3 ਸਤੰਬਰ 2026 ਨੂੰ ਬਠਿੰਡੇ ਵਿਖੇ ਸੂਬਾ ਪੱਧਰੀ ਮਹਾਂ ਪੰਚਾਇਤ ਕਰਨ ਦਾ ਖੜਕਾ-ਧੜਕਾ ਕਰ ਦਿੱਤਾ ਹੈ। ਇਸ ਮੌਕੇ ਐਸੋਸੀਏਸ਼ਨ ਨੇ ਤਿੰਨ ਜ਼ਿਲ੍ਹਿਆਂ 'ਚ ਸਕੂਲੀ ਟਰਾਂਸਪੋਰਟ ਦਾ ਚੱਕਾ ਪੂਰੀ ਤਰ੍ਹਾਂ ਜਾਮ ਰੱਖਣ ਦਾ ਹੋਕਾ ਦਿੱਤਾ ਹੈ।
Publish Date: Tue, 01 Sep 2026 01:09 PM (IST)
Updated Date: Tue, 01 Sep 2026 02:07 PM (IST)
ਯਾਦਵਿੰਦਰ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ - ਸਕੂਲ ਐਂਡ ਕਾਲਜ ਬੱਸ ਓਪਰੇਟਰ ਐਸੋਸੀਏਸ਼ਨ ਪੰਜਾਬ ਨੇ ਬੱਸ ਮਾਲਕਾਂ ਤੇ ਡਰਾਈਵਰਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਤੇ ਧੱਕੇਸ਼ਾਹੀ ਖਿਲਾਫ਼ 3 ਸਤੰਬਰ 2026 ਨੂੰ ਬਠਿੰਡੇ ਵਿਖੇ ਸੂਬਾ ਪੱਧਰੀ ਮਹਾਂ ਪੰਚਾਇਤ ਕਰਨ ਦਾ ਖੜਕਾ-ਧੜਕਾ ਕਰ ਦਿੱਤਾ ਹੈ। ਇਸ ਮੌਕੇ ਐਸੋਸੀਏਸ਼ਨ ਨੇ ਤਿੰਨ ਜ਼ਿਲ੍ਹਿਆਂ 'ਚ ਸਕੂਲੀ ਟਰਾਂਸਪੋਰਟ ਦਾ ਚੱਕਾ ਪੂਰੀ ਤਰ੍ਹਾਂ ਜਾਮ ਰੱਖਣ ਦਾ ਹੋਕਾ ਦਿੱਤਾ ਹੈ।
ਯੂਨੀਅਨ ਦੇ ਆਗੂਆਂ ਨੇ ਭੜਾਸ ਕੱਢਦਿਆਂ ਆਖਿਆ ਕਿ ਟਰਾਂਸਪੋਰਟ ਮਹਿਕਮਾ ਨਿਰੋਲ ਧੱਕੇਸ਼ਾਹੀ 'ਤੇ ਉੱਤਰਿਆ ਹੋਇਆ ਹੈ। ਸਕੂਲਾਂ ਦੇ ਅੰਦਰ ਖੜ੍ਹੀਆਂ ਬੱਸਾਂ ਦੇ ਵੀ ਧੜੱਲੇ ਨਾਲ ਚਲਾਨ ਕੱਟੇ ਜਾ ਰਹੇ ਹਨ। ਓਪਰੇਟਰਾਂ ਦਾ ਕਹਿਣਾ ਹੈ ਕਿ ਜਦੋਂ ਸਾਲ ਬਾਅਦ ਮਹਿਕਮੇ ਤੋਂ ਬੱਸਾਂ ਦੀ ਬਕਾਇਦਾ ਪਾਸਿੰਗ ਕਰਵਾਈ ਜਾਂਦੀ ਹੈ, ਤਾਂ ਫਿਰ ਕੁਝ ਹੀ ਦਿਨਾਂ ਬਾਅਦ ਮਾਸੂਮ ਬੱਚਿਆਂ ਨਾਲ ਭਰੀਆਂ ਬੱਸਾਂ ਨੂੰ ਵਿਚਾਲੇ ਸੜਕੇ ਰੋਕ ਕੇ ਖੱਜਲ-ਖੁਆਰ ਕਰਨ ਦਾ ਕੀ ਮਤਲਬ ਬਣਦਾ ਹੈ? ਸਕੂਲਾਂ ਅੰਦਰੋਂ ਚਲਾਨ ਕੱਟ ਕੇ ਮੋਟੀਆਂ ਰਕਮਾਂ ਵਸੂਲਣ ਦੀ ਇਸ ਲੁੱਟ ਤੋਂ ਅੱਕ ਕੇ ਹੀ ਓਪਰੇਟਰਾਂ ਨੂੰ ਸਰਕਾਰ ਖਿਲਾਫ਼ ਮਹਾਂ ਰੈਲੀ ਕਰਨ ਲਈ ਮਜਬੂਰ ਹੋਣਾ ਪਿਆ ਹੈ।
ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਪੰਜਾਬ ਭਰ ਦੇ ਸਕੂਲਾਂ-ਕਾਲਜਾਂ ਨਾਲ ਜੁੜੇ ਬੱਸ ਮਾਲਕਾਂ, ਡਰਾਈਵਰਾਂ ਤੇ ਹੋਰ ਅਮਲੇ ਨੂੰ ਵੱਡੀ ਗਿਣਤੀ ਵਿੱਚ ਬਠਿੰਡੇ ਪੁੱਜਣ ਦਾ ਸੱਦਾ ਦਿੱਤਾ ਹੈ। ਆਗੂਆਂ ਮੁਤਾਬਕ ਆਪਣੇ ਹੱਕਾਂ ਦੀ ਆਵਾਜ਼ ਹਕੂਮਤ ਦੇ ਕੰਨਾਂ ਤੱਕ ਪਹੁੰਚਾਉਣ ਲਈ ਇਹ ਇਕੱਠ ਬਹਾਨਾ ਬਣੇਗਾ। ਐਸੋਸੀਏਸ਼ਨ ਨੇ ਸਕੂਲ-ਕਾਲਜ ਪ੍ਰਬੰਧਕ ਕਮੇਟੀਆਂ ਨੂੰ ਅਪੀਲ ਕੀਤੀ ਹੈ ਕਿ 3 ਸਤੰਬਰ ਨੂੰ ਚਾਹੇ ਨਿੱਜੀ ਬੱਸਾਂ ਹੋਣ ਜਾਂ ਪ੍ਰਾਈਵੇਟ ਓਪਰੇਟਰਾਂ ਦੀਆਂ, ਸਾਰੀ ਟਰਾਂਸਪੋਰਟ ਮੁਕੰਮਲ ਬੰਦ ਰੱਖੀ ਜਾਵੇ ਤਾਂ ਜੋ ਡਰਾਈਵਰ ਤੇ ਮਾਲਕ ਬਿਨਾਂ ਕਿਸੇ ਝੰਜਟ ਦੇ ਮਹਾਂ ਪੰਚਾਇਤ 'ਚ ਸ਼ਾਮਲ ਹੋ ਸਕਣ। ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਸਰਾਂ ਨੇ ਆਖਿਆ ਕਿ ਇਹ ਆਰ-ਪਾਰ ਦੀ ਲੜਾਈ ਟਰਾਂਸਪੋਰਟਰਾਂ ਦੇ ਹੱਕਾਂ ਲਈ ਲੜੀ ਜਾ ਰਹੀ ਹੈ। ਉਨ੍ਹਾਂ ਤਿੰਨਾਂ ਜ਼ਿਲ੍ਹਿਆਂ ਦੇ ਸਕੂਲਾਂ, ਕਾਲਜਾਂ ਤੇ ਡਰਾਈਵਰ ਭਾਈਚਾਰੇ ਤੋਂ ਪੂਰਨ ਸਹਿਯੋਗ ਦੀ ਮੰਗ ਕੀਤੀ ਹੈ।