- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਅਲੀ ਅਸਟਾਮ ਰਾਹੀਂ ਜ਼ਮੀਨ ਹੜੱਪਣ ਦੇ ਅਕਾਲੀ ਜਥੇਦਾਰ ਨੇ ਲਾਏ ਦੋਸ਼

--ਸਾਬਕਾ ਨਗਰ ਪੰਚਾਇਤ ਪ੍ਰਧਾਨ ਨੇ ਲਾਈ ਇਨਸਾਫ਼ ਦੀ ਗੁਹਾਰ
- -ਦੂਜੀ ਧਿਰ ਨੇ ਦੋਸ਼ ਝੂਠੇ ਕਹਿ ਨਕਾਰੇ
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਨਗਰ ਪੰਚਾਇਤ ਹੰਡਿਆਇਆ ਦੇ ਸਾਬਕਾ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਜਥੇਦਾਰ ਮੱਖਣ ਸਿੰਘ ਮਹਿਰਮੀਆ ਨੇ ਇੱਕ ਗਿਰੋਹ 'ਤੇ ਜਾਅਲੀ ਅਸ਼ਟਾਮ ਤਿਆਰ ਕਰਕੇ ਉਨ੍ਹਾਂ ਦੀ 17 ਕਨਾਲ 6 ਮਰਲੇ ਜੱਦੀ ਜ਼ਮੀਨ ਦਾ ਫ਼ਰਜ਼ੀ ਇਕਰਾਰਨਾਮਾ ਬਣਾਉਣ ਦੇ ਗੰਭੀਰ ਦੋਸ਼ ਲਾਏ ਹਨ। ਮੱਖਣ ਸਿੰਘ ਅਨੁਸਾਰ, ਜਦੋਂ ਉਹ 2023 ’ਚ ਕੈਨੇਡਾ ਗਏ ਹੋਏ ਸਨ, ਤਾਂ 10 ਮਈ 2022 ਨੂੰ ਖਜ਼ਾਨੇ ’ਚੋਂ ਖਰੀਦੇ 1,000 ਰੁਪਏ ਦੇ ਅਸ਼ਟਾਮ ’ਤੇ 5 ਨਵੰਬਰ 2018 ਦੀ ਪਿਛਲੀ ਤਾਰੀਖ਼ ਪਾ ਕੇ 22 ਲੱਖ ਰੁਪਏ ’ਚ ਜ਼ਮੀਨ ਦਾ ਫ਼ਰਜ਼ੀ ਸੌਦਾ ਦਰਸਾਇਆ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਥਾਣਾ ਸਿਟੀ ਬਰਨਾਲਾ ਦੇ ਮੌਜੂਦਾ ਮੁਖੀ ਨੇ ਸ਼ਿਕਾਇਤ ’ਤੇ ਕਾਰਵਾਈ ਲਈ 10 ਲੱਖ ਰੁਪਏ ਦੀ ਰਿਸ਼ਵਤ ਮੰਗੀ, ਜਿਸ ਤੋਂ ਮਨ੍ਹਾ ਕਰਨ ’ਤੇ ਉਲਟਾ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰਵਾ ਦਿੱਤਾ ਗਿਆ। ਇਸ ਮਾਮਲੇ 'ਚ ਹੁਣ ਹਾਈਕੋਰਟ ਤੋਂ ਸਟੇਅ ਮਿਲੀ ਹੋਈ ਹੈ। ਮੱਖਣ ਸਿੰਘ ਨੇ ਜ਼ਿਲ੍ਹਾ ਪੁਲਿਸ ਮੁੱਖੀ ਤੋਂ ਲਿਖਤੀ ਮੰਗ ਕਰਕੇ ਨਿਰਪੱਖ ਜਾਂਚ ਦੀ ਗੁਹਾਰ ਲਗਾਈ ਹੈ।
--ਦੂਜੀ ਧਿਰ ਨੇ ਦੋਸ਼ ਝੂਠੇ ਕਹਿ ਨਕਾਰੇ
ਦੂਜੇ ਪਾਸੇ ਖਰੀਦਦਾਰ ਫ਼ੌਜਾ ਸਿੰਘ ਨੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਮੱਖਣ ਸਿੰਘ ਅਦਾਲਤ ’ਚ ਤਿੰਨ ਵਾਰ ਕੇਸ ਹਾਰ ਚੁੱਕਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ 27 ਲੱਖ ਰੁਪਏ ਦੀ ਅਦਾਇਗੀ ਮੱਖਣ ਸਿੰਘ ਨੂੰ ਕੀਤੀ ਜਾ ਚੁੱਕੀ ਹੈ ਤੇ ਬਾਕੀ ਰਕਮ ਅਦਾਲਤ 'ਚ ਜਮ੍ਹਾਂ ਹੈ। ਉਨ੍ਹਾਂ ਕਿਹਾ ਕਿ ਪੁਲਿਸ 'ਤੇ ਲਾਏ ਰਿਸ਼ਵਤ ਦੇ ਦੋਸ਼ ਝੂਠੇ ਹਨ ਤੇ ਅਦਾਲਤ ਵੱਲੋਂ ਜਲਦ ਹੀ ਰਜਿਸਟਰੀ ਦਾ ਫੈਸਲਾ ਉਨ੍ਹਾਂ ਦੇ ਹੱਕ 'ਚ ਆਉਣ ਦੀ ਉਮੀਦ ਹੈ।