90 ਸਾਲ ਬਾਅਦ ਧਨੌਲਾ ਪਸ਼ੂ ਹਸਪਤਾਲ ਨੂੰ ਮਿਲੇਗੀ ਨਵੀਂ ਇਮਾਰਤ, ਸੰਸਦ ਮੈਂਬਰ ਮੀਤ ਹੇਅਰ ਨੇ ਰੱਖਿਆ ਨੀਂਹ ਪੱਥਰ
ਉਨ੍ਹਾਂ ਕਿਹਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਏਸ਼ੀਆ ਦੀਆਂ ਵੱਡੀਆਂ ਪਸ਼ੂ ਮੰਡੀਆਂ ’ਚ ਗਿਣੀ ਜਾਂਦੀ ਧਨੌਲਾ ਮੰਡੀ ਦੇ ਸਿਵਲ ਪਸ਼ੂ ਹਸਪਤਾਲ ਦੀ ਇਮਾਰਤ ਕਰੀਬ 70 ਲੱਖ ਦੀ ਲਾਗਤ ਨਾਲ ਨਵੀਂ ਬਣਾਈ ਜਾਵੇਗੀ, ਜਿਸ ਦਾ ਕੰਮ ਲਗਪਗ 3 ਮਹੀਨਿਆਂ ਅੰਦਰ ਮੁਕੰਮਲ ਕਰ ਦਿੱਤਾ ਜਾਵੇਗਾ।
Publish Date: Mon, 17 Aug 2026 04:23 PM (IST)
Updated Date: Mon, 17 Aug 2026 04:29 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ। ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਏਸ਼ੀਆ ਦੀ ਵੱਡੀ ਪਸ਼ੂ ਮੰਡੀ ਵਜੋਂ ਜਾਣੀ ਜਾਂਦੀ ਧਨੌਲਾ ਨੂੰ ਸੌਗ਼ਾਤ ਦਿੰਦਿਆਂ ਧਨੌਲਾ ਦੇ ਸਿਵਲ ਪਸ਼ੂ ਹਸਪਤਾਲ ਦੀ ਇਮਾਰਤ ਦਾ ਨੀਂਹ ਪੱਥਰ ਰੱਖਿਆ, ਜਿਸ ’ਤੇ ਕਰੀਬ 70 ਲੱਖ ਦੀ ਲਾਗਤ ਆਵੇਗੀ। ਇਸ ਮੌਕੇ ਸੰਬੋਧਨ ਕਰਦੇ ਹੋਏ ਐੱਮ.ਪੀ. ਮੀਤ ਹੇਅਰ ਨੇ ਕਿਹਾ ਕਿ ਇਸ ਪਸ਼ੂ ਹਸਪਤਾਲ ਦੀ ਇਮਾਰਤ 1936 ਵੇਲੇ ਦੀ ਬਣੀ ਹੋਈ ਸੀ, ਜਿਸ ਦੀ ਹਾਲਤ ਬੇਹੱਦ ਖਸਤਾ ਸੀ।
ਉਨ੍ਹਾਂ ਕਿਹਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਏਸ਼ੀਆ ਦੀਆਂ ਵੱਡੀਆਂ ਪਸ਼ੂ ਮੰਡੀਆਂ ’ਚ ਗਿਣੀ ਜਾਂਦੀ ਧਨੌਲਾ ਮੰਡੀ ਦੇ ਸਿਵਲ ਪਸ਼ੂ ਹਸਪਤਾਲ ਦੀ ਇਮਾਰਤ ਕਰੀਬ 70 ਲੱਖ ਦੀ ਲਾਗਤ ਨਾਲ ਨਵੀਂ ਬਣਾਈ ਜਾਵੇਗੀ, ਜਿਸ ਦਾ ਕੰਮ ਲਗਪਗ 3 ਮਹੀਨਿਆਂ ਅੰਦਰ ਮੁਕੰਮਲ ਕਰ ਦਿੱਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸ ਪਸ਼ੂ ਹਸਪਤਾਲ ’ਚ ਓਪੀਡੀ, ਟੀਕਾਕਰਨ, ਮਸਨੂਈ ਗਰਭਧਾਰਨ, ਪਸ਼ੂਆਂ 'ਤੇ ਕਰਜ਼ਾ, ਪੋਸਟਮਾਰਟਮ ਸਮੇਤ ਅਹਿਮ ਸਹੂਲਤਾਂ ਪਸ਼ੂਆਂ ਲਈ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਉਪਰਾਲੇ ਨਾਲ ਧਨੌਲਾ ਮੰਡੀ ਪਸ਼ੂ ਪਾਲਣ ਦੀ ਹੱਬ ਬਣ ਕੇ ਅੱਗੇ ਵਧੇਗੀ।
ਇਸ ਮੌਕੇ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜ਼ਿਲ੍ਹਾ ਬਰਨਾਲਾ ਦੀਆਂ ਪਸ਼ੂ ਸੰਸਥਾਵਾਂ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਈ 178.66 ਲੱਖ ਦੀ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ।
ਇਨ੍ਹਾਂ ’ਚ ਸਿਵਲ ਪਸ਼ੂ ਹਸਪਤਾਲ ਧਨੌਲਾ ਦੀ ਮੁੜ ਉਸਾਰੀ ਤੋਂ ਇਲਾਵਾ ਭਦੌੜ ਹਸਪਤਾਲ ਦੀ ਮੁਰੰਮਤ ਲਈ 13.00 ਲੱਖ, ਬਡਬਰ ਪਸ਼ੂ ਸੰਸਥਾ ਦੀ ਮੁਰੰਮਤ ਲਈ 10.00 ਲੱਖ, ਸਿਵਲ ਪਸ਼ੂ ਡਿਸਪੈਂਸਰੀ ਕੁੱਬੇ ਦੀ ਮੁਰੰਮਤ ਲਈ 13.09 ਲੱਖ, ਨੰਗਲ ਦੀ ਮੁਰੰਮਤ ਲਈ 10.00 ਲੱਖ, ਕਰਮਗੜ੍ਹ ਦੀ ਮੁਰੰਮਤ ਲਈ 10.00 ਲੱਖ, ਝਲੂਰ ਦੀ ਮੁਰੰਮਤ ਲਈ 10.00 ਲੱਖ, ਹਰੀਗੜ੍ਹ ਦੀ ਮੁਰੰਮਤ ਲਈ 10.00 ਲੱਖ, ਪੰਡੋਰੀ ਦੀ ਮੁਰੰਮਤ ਲਈ 16.56 ਲੱਖ, ਮਨਾਲ ਦੀ ਮੁਰੰਮਤ ਲਈ 16.17 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ।
ਇਨ੍ਹਾਂ ’ਚੋਂ ਭਦੌੜ, ਬਡਬਰ, ਹਰੀਗੜ੍ਹ ਅਤੇ ਨੰਗਲ ਵਿਖੇ ਪਸ਼ੂ ਸੰਸਥਾਵਾਂ ਦੀ ਮੁਰੰਮਤ ਦਾ ਕੰਮ ਹੋ ਚੁੱਕਾ ਹੈ ਅਤੇ ਬਾਕੀ ਸੰਸਥਾਵਾਂ ਦਾ ਕੰਮ ਪ੍ਰਗਤੀ ਅਧੀਨ ਹੈ। ਇਸ ਮੌਕੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਕਰਮਜੀਤ ਸਿੰਘ, ਡਾਕਟਰ ਰਕੇਸ਼ ਸਿੰਗਲਾ ਵੈਟਰਨਰੀ ਅਫਸਰ, ਨਗਰ ਕੌਂਸਲ ਦੇ ਪ੍ਰਧਾਨ ਧੰਨਾ ਸਿੰਘ ਤੇ ਹੋਰ ਆਗੂ ਅਤੇ ਪਤਵੰਤੇ ਹਾਜ਼ਰ ਸਨ।