
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸ਼ਹਿਰ ਦੇ ਸਿਵਲ ਹਸਪਤਾਲ ਨੇੜੇ ਨਾਮਦੇਵ ਚੌਂਕ ਤੋਂ ਕੱਚਾ ਕਾਲਜ ਰੋਡ 'ਤੇ ਪਿਛਲੇ ਡੇਢ ਸਾਲ ਤੋਂ ਓਵਰਫਲੋ ਹੋ ਰਹੇ ਸੀਵਰੇਜ ਦੇ ਗੰਦੇ ਪਾਣੀ ਤੋਂ ਤੰਗ ਆਏ ਸਥਾਨਕ ਦੁਕਾਨਦਾਰਾਂ, ਹਸਪਤਾਲ ਪ੍ਰਬੰਧਕਾਂ ਤੇ ਰਾਹਗੀਰਾਂ ਦਾ ਗੁੱਸਾ ਹੁਣ ਸੜਕਾਂ 'ਤੇ ਆ ਗਿਆ ਹੈ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਸ਼ਹਿਰ ਦੇ ਸਿਵਲ ਹਸਪਤਾਲ ਨੇੜੇ ਨਾਮਦੇਵ ਚੌਂਕ ਤੋਂ ਕੱਚਾ ਕਾਲਜ ਰੋਡ 'ਤੇ ਪਿਛਲੇ ਡੇਢ ਸਾਲ ਤੋਂ ਓਵਰਫਲੋ ਹੋ ਰਹੇ ਸੀਵਰੇਜ ਦੇ ਗੰਦੇ ਪਾਣੀ ਤੋਂ ਤੰਗ ਆਏ ਸਥਾਨਕ ਦੁਕਾਨਦਾਰਾਂ, ਹਸਪਤਾਲ ਪ੍ਰਬੰਧਕਾਂ ਤੇ ਰਾਹਗੀਰਾਂ ਦਾ ਗੁੱਸਾ ਹੁਣ ਸੜਕਾਂ 'ਤੇ ਆ ਗਿਆ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਤੇ ਸੱਤਾਧਾਰੀ ਧਿਰ ਵੱਲੋਂ ਕੋਈ ਸੁਣਵਾਈ ਨਾ ਹੋਣ ਕਰਕੇ ਲੋਕਾਂ ਨੇ ਖੁਦ ਚੰਦਾ ਇਕੱਠਾ ਕਰਕੇ 12 ਫੁੱਟ ਦੀ ਸੀਵਰੇਜ ਪਾਈਪ ਖਰੀਦੀ ਤੇ ਜੇ.ਸੀ.ਬੀ. ਦਾ ਪ੍ਰਬੰਧ ਕੀਤਾ, ਪਰ ਇਸ ਦੇ ਬਾਵਜੂਦ ਨਿਗਮ ਵੱਲੋਂ ਕੰਮ ਰੋਕ ਦਿੱਤੇ ਜਾਣ ਨਾਲ ਵਿਵਾਦ ਹੋਰ ਗੰਭੀਰ ਹੋ ਗਿਆ ਹੈ।
15 ਜੁਲਾਈ ਨੂੰ ਦਿੱਤੀ ਸੀ ਲਿਖਤੀ ਮੰਗ : ਹਸਪਤਾਲ ਪ੍ਰਬੰਧਕਾਂ
90 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਨਵੀਂ ਸੜਕ ਦਾ ਕੰਮ ਸ਼ੁਰੂ ਹੋਣ ਤੋਂ ਪਹਿਲਾਂ 15 ਜੁਲਾਈ ਨੂੰ ਮੇਅਰ ਹਸਨਪ੍ਰੀਤ ਭਾਰਦਵਾਜ ਨੂੰ ਇੱਕ ਨਿੱਜੀ ਹਸਪਤਾਲ ਦੀ ਲੈਟਰ ਪੈਡ 'ਤੇ ਸੀਵਰੇਜ ਪਾਈਪ ਪਾਉਣ ਲਈ ਮੰਗ ਪੱਤਰ ਦਿੱਤਾ ਸੀ, ਜਿਸ 'ਤੇ ਮੇਅਰ ਨੇ ਮੋਹਰ ਵੀ ਲਗਾਈ ਸੀ। ਪਰ ਫਿਰ ਵੀ ਕਾਹਲੀ 'ਚ ਦਿਨ ਰਾਤ ਇੱਕ ਕਰਕੇ ਬਣਨ ਵਾਲੀ ਇਸ ਸੜਕ ਨੇ ਲੋਕਾਂ ਦੀ ਮੰਗ ਨੂੰ ਬੂਰ ਨਾ ਪਾਇਆ ਅਤੇ ਗੰਦੇ ਪਾਣੀ ਦੀ ਨਿਕਾਸੀ ਤੋਂ ਨਿਜਾਤ ਤੋਂ ਉਹ ਵਾਂਝੇ ਰਹਿ ਗਏ।
ਖਜ਼ਾਨਾ ਖਾਲੀ ਹੋਣ ਦਾ ਬਹਾਨਾ
ਜਦੋਂ ਲੋਕ ਬਾਰ-ਬਾਰ ਦਫ਼ਤਰਾਂ ਦੇ ਗੇੜੇ ਮਾਰਦੇ ਰਹੇ ਤਾਂ ਅਧਿਕਾਰੀਆਂ ਨੇ ਸਪਸ਼ਟ ਕਹਿ ਦਿੱਤਾ ਕਿ ਨਗਰ ਨਿਗਮ ਤੇ ਸੀਵਰੇਜ ਵਿਭਾਗ ਕੋਲ 12 ਫੁੱਟ ਪਾਈਪ ਪਾਉਣ ਲਈ ਵੀ ਪੈਸੇ ਨਹੀਂ ਹਨ। ਪ੍ਰਸ਼ਾਸਨ ਦੀ ਨਾਕਾਮੀ ਤੋਂ ਬਾਅਦ ਲੋਕਾਂ ਨੇ ਆਪਸ 'ਚ ਫੰਡ ਇਕੱਠਾ ਕਰਕੇ ਪਾਈਪ ਲਿਆਂਦੀ ਅਤੇ ਕਿਰਾਏ 'ਤੇ ਜੇ.ਸੀ.ਬੀ. ਮੰਗਵਾਈ। ਐਤਵਾਰ ਨੂੰ ਸੀਵਰੇਜ ਵਿਭਾਗ ਦੇ ਕਾਮੇ ਹੀ ਨਵੀਂ ਬਣੀ ਸੜਕ ਪੁੱਟ ਕੇ ਪਾਈਪ ਪਾਉਣ ਲੱਗੇ ਸਨ।
ਮੇਅਰ ਦਾ '15 ਮਿੰਟ' ਦਾ ਲਾਰਾ
ਕੰਮ ਸ਼ੁਰੂ ਹੁੰਦਿਆਂ ਹੀ ਮੇਅਰ ਨੇ 15 ਮਿੰਟ 'ਚ ਮੌਕੇ 'ਤੇ ਪਹੁੰਚਣ ਦਾ ਦਾਅਵਾ ਕਰਕੇ ਕੰਮ ਰੋਕ ਦਿੱਤਾ, ਪਰ 24 ਘੰਟੇ ਬੀਤਣ ਤੋਂ ਬਾਅਦ ਵੀ ਕੋਈ ਨਹੀਂ ਪਹੁੰਚਿਆ। ਮੇਅਰ ਦੇ ਲਾਰੇ ਤੋਂ ਖਫ਼ਾ ਦੁਕਾਨਦਾਰਾਂ ਤੇ ਹਸਪਤਾਲ ਅਧਿਕਾਰੀਆਂ ਨੇ ਇਕੱਠੇ ਹੋ ਕੇ ਸਰਕਾਰ ਤੇ ਨਿਗਮ ਪ੍ਰਸ਼ਾਸਨ ਖਿਲਾਫ਼ ਜੰਮ ਕੇ ਪ੍ਰਦਰਸ਼ਨ ਕੀਤਾ।
ਜਾਂਚ 'ਤੇ ਚੁੱਕੇ ਗਏ ਵੱਡੇ ਸਵਾਲ
ਸ਼ਹਿਰ ਵਾਸੀਆਂ ਨੇ ਸਵਾਲ ਚੁੱਕਿਆ ਹੈ ਕਿ ਜੇਕਰ ਨਿਗਮ ਕੋਲ 12 ਫੁੱਟ ਪਾਈਪ ਲਈ ਪੈਸੇ ਨਹੀਂ ਹਨ, ਤਾਂ ਹਰਿਆਣਾ ਦੀ ਕੰਪਨੀ ਨੂੰ ਦਿੱਤੇ 31 ਕਰੋੜ ਰੁਪਏ ਦੇ ਸੀਵਰੇਜ ਟੈਂਡਰ ਤਹਿਤ ਇਹ ਕੰਮ ਕਿਉਂ ਨਹੀਂ ਕਰਵਾਇਆ ਗਿਆ? ਸੜਕ ਬਣਾਉਣ ਤੋਂ ਪਹਿਲਾਂ ਇਹ ਪਾਈਪ ਕਿਉਂ ਨਹੀਂ ਪਾਈ ਗਈ? ਜੇ ਗੰਦੇ ਪਾਣੀ ਦੀ ਨਿਕਾਸੀ ਤੋਂ ਲੋਕ ਖੁਦ ਨਿਜਾਤ ਲੈਣ ਲਈ ਆਪਣੇ ਪੱਲਿਓਂ ਖਰਚਾ ਕਰਨ ਨੂੰ ਵੀ ਤਿਆਰ ਹਨ ਤਾਂ ਵੀ ਉਹਨਾਂ ਨੂੰ ਗੰਦੇ ਪਾਣੀ ਵਿੱਚ ਰਹਿਣ ਲਈ ਕਿਉਂ ਮਜਬੂਰ ਕੀਤਾ ਜਾ ਰਿਹਾ ਹੈ?
RTI ਰਾਹੀਂ ਹੋਵੇਗੀ ਡੀਜ਼ਲ ਖਰਚੇ ਦੀ ਜਾਂਚ
ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਸੀਵਰੇਜ ਵਿਭਾਗ ਹਰ ਦੋ-ਤਿੰਨ ਦਿਨਾਂ ਬਾਅਦ ਜਨਰੇਟਰ ਚਲਾ ਕੇ ਗੰਦਾ ਪਾਣੀ ਕੱਢਣ ਲਈ ਲੱਖਾਂ ਰੁਪਏ ਦਾ ਡੀਜ਼ਲ ਫੂਕ ਰਿਹਾ ਹੈ। ਉਹ ਆਰ.ਟੀ.ਆਈ. ਪਾ ਕੇ ਇਸ ਗੱਲ ਦੀ ਜਾਂਚ ਕਰਵਾਉਣਗੇ ਕਿ ਜੇਕਰ ਡੀਜ਼ਲ ਲਈ ਬਜਟ ਹੈ ਤਾਂ 12 ਫੁੱਟ ਪਾਈਪ ਪਾਉਣ ਲਈ ਪੈਸੇ ਕਿਉਂ ਨਹੀਂ ਸਨ। ਇਸ ਮੌਕੇ ਰਣਜੀਤ ਸਿੰਘ ਰਿੰਕੂ, ਨਵਦੀਪ ਸਿੰਘ, ਮੱਖਣ ਗਰਗ, ਰਵੀ ਕੁਮਾਰ, ਰਾਹੁਲ ਵਰਮਾ, ਕ੍ਰਿਸ਼ਨ ਬਾਬਾ ਅਤੇ ਗੋਰੀ ਲਾਲ ਆਦਿ ਨੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਦੋਂ ਸਾਰਾ ਖਰਚਾ ਲੋਕਾਂ ਨੇ ਆਪ ਕੀਤਾ ਹੈ, ਤਾਂ ਵਿਭਾਗ ਆਪਣੇ ਮੁਲਾਜ਼ਮ ਭੇਜ ਕੇ ਪਾਈਪ ਪੁਆਵੇ ਤੇ ਲੋਕਾਂ ਨੂੰ ਇਸ ਗੰਦਗੀ ਤੋਂ ਮੁਕਤੀ ਦਿਵਾਏ।
ਸੜਕ ਤੋੜਨ ਵਾਲਿਆਂ 'ਤੇ ਹੋਵੇਗੀ ਵਿਭਾਗੀ ਤੇ ਕਾਨੂੰਨੀ ਕਾਰਵਾਈ : ਮੇਅਰ
ਬਰਨਾਲਾ ਨਗਰ ਨਿਗਮ ਦੇ ਮੇਅਰ ਹਸਨਪ੍ਰੀਤ ਭਾਰਦਵਾਜ ਨੇ ਦੱਸਿਆ ਕਿ ਉਨ੍ਹਾਂ ਸੀਵਰੇਜ ਦਾ ਕੰਮ ਨਹੀਂ ਰੋਕਿਆ, ਸਗੋਂ ਬਿਨਾਂ ਮਨਜ਼ੂਰੀ ਨਵੀਂ ਬਣੀ ਸੜਕ ਤੋੜਨ 'ਤੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਜਨਤਕ ਸੰਪਤੀ ਅਤੇ ਸਰਕਾਰੀ ਖਜ਼ਾਨੇ ਦਾ ਨੁਕਸਾਨ ਹੁੰਦਾ ਹੈ ਅਤੇ ਆਮ ਲੋਕਾਂ ਨੂੰ ਪਰੇਸ਼ਾਨੀ ਆਉਂਦੀ ਹੈ। ਮੇਅਰ ਨੇ ਜ਼ਿੰਮੇਵਾਰ ਵਿਅਕਤੀਆਂ ਤੇ ਠੇਕੇਦਾਰਾਂ ਵਿਰੁੱਧ ਕਾਨੂੰਨੀ ਤੇ ਵਿਭਾਗੀ ਕਾਰਵਾਈ, ਨੁਕਸਾਨ ਦੀ ਭਰਪਾਈ ਅਤੇ ਸੜਕ ਨੂੰ ਤੁਰੰਤ ਪਹਿਲਾਂ ਵਾਂਗ ਠੀਕ ਕਰਨ ਲਈ ਲਿਖਤੀ ਨੋਟਿਸ ਜਾਰੀ ਕੀਤਾ ਹੈ।