
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਬਰਨਾਲਾ 'ਚ ਪ੍ਰਸ਼ਾਸਨਿਕ ਨਾਕਾਮੀ : 10 ਦਿਨ ਪਹਿਲਾਂ ਬਣੀ ਨਵੀਂ ਸੜਕ 'ਤੇ ਚੱਲੀ ਜੇ.ਸੀ.ਬੀ.

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ,
ਬਰਨਾਲਾ : ਸਥਾਨਕ ਕੱਚਾ ਕਾਲਜ ਰੋਡ ’ਤੇ ਨਗਰ ਨਿਗਮ ਦੀ ਵੱਡੀ ਅਣਗਹਿਲੀ ਤੇ ਵਿਭਾਗੀ ਤਾਲਮੇਲ ਦੀ ਘਾਟ ਦਾ ਇੱਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਮਹਿਜ਼ 10 ਦਿਨ ਪਹਿਲਾਂ ਜਿਸ ਨਵੀਂ ਬਣੀ 90 ਲੱਖ ਦੀ ਲਾਗਤ ਨਾਲ ਸੜਕ ਦਾ ਉਦਘਾਟਨ ਬਰਨਾਲਾ ਦੇ ਮੇਅਰ ਹਸਨਪ੍ਰੀਤ ਭਾਰਦਵਾਜ ਵੱਲੋਂ ਕੀਤਾ ਗਿਆ ਸੀ, ਉਸੇ ਸੜਕ ਨੂੰ ਹੁਣ ਜੇ.ਸੀ.ਬੀ. ਮਸ਼ੀਨ ਲਗਾ ਕੇ ਪੁੱਟ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸੜਕ ਦੇ ਹੇਠਾਂ ਸੀਵਰੇਜ ਲਾਈਨ ਵਿਛਾਉਣ ਲਈ ਇਹ ਖੁਦਾਈ ਕੀਤੀ ਗਈ ਹੈ, ਜਿਸ ਨਾਲ ਸਰਕਾਰੀ ਖਜ਼ਾਨੇ ਤੇ ਲੋਕਾਂ ਦੇ ਟੈਕਸ ਦੇ ਪੈਸੇ ਦੀ ਰੱਜ ਕੇ ਬਰਬਾਦੀ ਹੋ ਰਹੀ ਹੈ।
-ਸਥਾਨਕ ਨਿਵਾਸੀਆਂ 'ਚ ਭਾਰੀ ਰੋਸ
ਇਸ ਘਟਨਾ ਤੋਂ ਬਾਅਦ ਇਲਾਕਾ ਨਿਵਾਸੀਆਂ 'ਚ ਪ੍ਰਸ਼ਾਸਨ ਵਿਰੁੱਧ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸੜਕ ਦੇ ਹੇਠਾਂ ਸੀਵਰੇਜ ਲਾਈਨ ਦਾ ਕੰਮ ਬਾਕੀ ਸੀ, ਤਾਂ ਨਵੀਂ ਸੜਕ ਬਣਾਉਣ ਦੀ ਇੰਨੀ ਜਲਦਬਾਜ਼ੀ ਕਿਉਂ ਕੀਤੀ ਗਈ? ਪਹਿਲਾਂ ਲੱਖਾਂ ਰੁਪਏ ਖਰਚ ਕੇ ਸੜਕ ਤਿਆਰ ਕੀਤੀ ਗਈ ਤੇ ਹੁਣ 10 ਦਿਨਾਂ ਅੰਦਰ ਹੀ ਉਸ ਨੂੰ ਮੁੜ ਮਿੱਟੀ ’ਚ ਮਿਲਾ ਦਿੱਤਾ ਗਿਆ। ਲੋਕਾਂ ਨੇ ਸਿੱਧਾ ਸਵਾਲ ਕੀਤਾ ਹੈ ਕਿ ਕੀ ਵਿਕਾਸ ਦੇ ਨਾਂ ’ਤੇ ਜਨਤਕ ਧਨ ਦੀ ਇਸ ਤਰ੍ਹਾਂ ਬਰਬਾਦੀ ਕਰਨਾ ਜਾਇਜ਼ ਹੈ?
----------
ਵਿਭਾਗੀ ਤਾਲਮੇਲ ’ਤੇ ਵੱਡੇ ਖਦਸ਼ੇ
ਇਸ ਮਾਮਲੇ ਨੇ ਵੱਖ-ਵੱਖ ਪ੍ਰਸ਼ਾਸਨਿਕ ਵਿਭਾਗਾਂ ਵਿਚਕਾਰ ਤਾਲਮੇਲ ਦੀ ਵੱਡੀ ਘਾਟ ਨੂੰ ਉਜਾਗਰ ਕੀਤਾ ਹੈ। ਸਵਾਲ ਇਹ ਉੱਠਦਾ ਹੈ ਕਿ ਕੀ ਸੜਕ ਨਿਰਮਾਣ ਤੋਂ ਪਹਿਲਾਂ ਮੌਕੇ ਦੀ ਜਾਂਚ ਨਹੀਂ ਕੀਤੀ ਗਈ ਸੀ? ਜਦੋਂ ਇਸ ਸਬੰਧੀ ਸੀਵਰੇਜ ਵਿਭਾਗ ਦੇ ਐਸ.ਡੀ.ਓ. ਮਨਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਹੈਰਾਨੀਜਨਕ ਖੁਲਾਸਾ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਮਹਿਕਮੇ ਦਾ ਕੋਈ ਵੀ ਕਰਮਚਾਰੀ ਮੌਕੇ ’ਤੇ ਮੌਜੂਦ ਨਹੀਂ ਹੈ ਤੇ ਨਾ ਹੀ ਉਨ੍ਹਾਂ ਨੂੰ ਇਸ ਸੜਕ ਦੀ ਖੁਦਾਈ ਬਾਰੇ ਕੋਈ ਪੂਰਵ ਜਾਣਕਾਰੀ ਦਿੱਤੀ ਗਈ ਸੀ।
-------
ਪ੍ਰਸ਼ਾਸਨ ਤੇ ਸਰਕਾਰ ਨੂੰ ਅਣਸੁਲਝੇ ਲੋਕਾਂ ਦੇ ਸਵਾਲ
ਜੇਕਰ ਸੀਵਰੇਜ ਵਿਭਾਗ ਨੂੰ ਜਾਣਕਾਰੀ ਨਹੀਂ, ਤਾਂ ਸੜਕ ਪੁੱਟਣ ਦੀ ਮਨਜ਼ੂਰੀ ਕਿਸ ਨੇ ਦਿੱਤੀ? ਨਵੀਂ ਬਣੀ ਸੜਕ ’ਤੇ ਜੇਸੀਬੀ ਚਲਾਉਣ ਲਈ ਜ਼ਿੰਮੇਵਾਰ ਏਜੰਸੀ ਜਾਂ ਅਧਿਕਾਰੀ ਕੌਣ ਹੈ? ਇਸ ਦੁਬਾਰਾ ਹੋਣ ਵਾਲੇ ਵਾਧੂ ਖਰਚੇ ਦੀ ਭਰਪਾਈ ਕਿਸ ਕੋਲੋਂ ਕੀਤੀ ਜਾਵੇਗੀ? ਸ਼ਹਿਰ ਵਾਸੀਆਂ ਅਨੁਸਾਰ ਅਸਲ ਵਿਕਾਸ ਸਿਰਫ਼ ਸੜਕਾਂ ਬਣਾਉਣਾ ਨਹੀਂ, ਸਗੋਂ ਸਹੀ ਯੋਜਨਾਬੰਦੀ ਨਾਲ ਲੋਕਾਂ ਦੇ ਪੈਸੇ ਦੀ ਯੋਗ ਵਰਤੋਂ ਕਰਨਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਨਗਰ ਨਿਗਮ ਤੇ ਉੱਚ ਅਧਿਕਾਰੀ ਇਸ ਲਾਪ੍ਰਵਾਹੀ ਦਾ ਕੀ ਜਵਾਬ ਦਿੰਦੇ ਹਨ ਤੇ ਦੋਸ਼ੀਆਂ ਵਿਰੁੱਧ ਕੀ ਕਾਰਵਾਈ ਕੀਤੀ ਜਾਂਦੀ ਹੈ।