- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਲ੍ਹੇ ’ਚ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਪ੍ਰਸ਼ਾਸਨ ਸਖ਼ਤ

:ਡਿਪਟੀ ਕਮਿਸ਼ਨਰ ਅਤੇ ਐੱਸ.ਐੱਸ.ਪੀ. ਵੱਲੋਂ ਖੁੱਡੀ ਕਲਾਂ ਦੇ ਖੇਤਾਂ ਦਾ ਦੌਰਾ
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ,
ਬਰਨਾਲਾ : ਜ਼ਿਲ੍ਹੇ ’ਚ ਪਰਾਲੀ ਨੂੰ ਅੱਗ ਲਗਾਉਣ ਦੀ ਰੋਕਥਾਮ ਅਤੇ ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਹੈ। ਇਸੇ ਤਹਿਤ ਡਿਪਟੀ ਕਮਿਸ਼ਨਰ ਬਰਨਾਲਾ ਹਰਪ੍ਰੀਤ ਸਿੰਘ ਅਤੇ ਐੱਸ.ਐੱਸ.ਪੀ. ਮੁਹੰਮਦ ਸਰਫ਼ਰਾਜ਼ ਆਲਮ ਵੱਲੋਂ ਪਿੰਡ ਖੁੱਡੀ ਕਲਾਂ ਵਿਖੇ ਖੇਤਾਂ ਦਾ ਵਿਸ਼ੇਸ਼ ਦੌਰਾ ਕੀਤਾ ਗਿਆ।ਇਸ ਦੌਰਾਨ ਅਧਿਕਾਰੀਆਂ ਨੇ ਉਸ ਖੇਤ ਦਾ ਜਾਇਜ਼ਾ ਲਿਆ ਜਿਥੇ ਕਰੀਬ 15 ਏਕੜ ਰਕਬੇ ਵਿੱਚ ਬੇਲਰ ਮਸ਼ੀਨਾਂ ਰਾਹੀਂ ਪਰਾਲੀ ਦੀਆਂ ਗੱਠਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਉਨ੍ਹਾਂ ਨੇ ਬੇਲਰ ਮਾਲਕਾਂ ਨਾਲ ਵਿਸ਼ੇਸ਼ ਤੌਰ ’ਤੇ ਗੱਲਬਾਤ ਕੀਤੀ ਅਤੇ ਉਹਨਾਂ ਦੀ ਸ਼ਲਾਘਾ ਕੀਤੀ।
ਡੀਸੀ ਨੇ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਇਸ ਦੀ ਗੱਠਾਂ ਬਣਾ ਕੇ ਸਾਂਭ-ਸੰਭਾਲ ਕਰਨਾ ਵਾਤਾਵਰਣ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਦੋਵਾਂ ਲਈ ਬਹੁਤ ਲਾਹੇਵੰਦ ਹੈ। ਇਸ ਦੌਰਾਨ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸਮੂਹ ਕਲੱਸਟਰ ਅਤੇ ਨੋਡਲ ਅਫ਼ਸਰਾਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਕਿ ਉਹ ਲਗਾਤਾਰ ਫ਼ੀਲਡ ਵਿੱਚ ਮੌਜੂਦ ਰਹਿਣ। ਉਨ੍ਹਾਂ ਆਦੇਸ਼ ਦਿੱਤੇ ਕਿ ਜ਼ਮੀਨੀ ਪੱਧਰ ’ਤੇ ਪੂਰੀ ਨਿਗਰਾਨੀ ਰੱਖੀ ਜਾਵੇ ਤਾਂ ਜੋ ਆਉਂਦੇ ਦਿਨੀਂ ਪਰਾਲੀ ਨੂੰ ਅੱਗ ਨਾ ਲੱਗਣ ਦਿੱਤੀ ਜਾ ਸਕੇ। ਉਹਨਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਪਰਾਲੀ ਨੂੰ ਅੱਗ ਲਗਾਉਂਦਾ ਪਾਇਆ ਗਿਆ ਤਾਂ ਉਸ ਵਿਰੁੱਧ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਜ਼ਿਲ੍ਹਾ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਰਾਲੀ ਨੂੰ ਅੱਗ ਨਾ ਲਗਾਉਣ, ਸਗੋਂ ਸਰਕਾਰ ਵੱਲੋਂ ਉਪਲਬਧ ਕਰਵਾਈਆਂ ਜਾ ਰਹੀਆਂ ਮਸ਼ੀਨਾਂ ਅਤੇ ਸਹੂਲਤਾਂ ਦੀ ਵਰਤੋਂ ਕਰਕੇ ਫ਼ਸਲਾਂ ਦੀ ਰਹਿੰਦ-ਖੂੰਹਦ ਦਾ ਯੋਗ ਪ੍ਰਬੰਧਨ ਕਰਨ ਵਿੱਚ ਪ੍ਰਸ਼ਾਸਨ ਦਾ ਸਾਥ ਦੇਣ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਵਿੱਚ ਝੋਨੇ ਹੇਠਲਾ ਰਕਬਾ 1,14,462 ਹੈਕਟੇਅਰ ਹੈ ਜਿਸ ਵਿਚੋਂ 7.10 ਲੱਖ ਟਨ ਪਰਾਲੀ ਨਿਕਲਣ ਦਾ ਅੰਦਾਜ਼ਾ ਹੈ ਜਿਸ ਵਾਸਤੇ 5300 ਦੇ ਕਰੀਬ ਮਸ਼ੀਨਾਂ ਉਪਲਭਧ ਹਨ। ਇਸ ਵਾਰ 42.25 ਫੀਸਦੀ ਦੇ ਕਰੀਬ ਇਨ ਸਿਟੂ ਅਤੇ 57.75 ਫੀਸਦੀ ਐਕਸ ਸਿਟੂ ਪਰਾਲੀ ਪ੍ਰਬੰਧਨ ਦਾ ਪਲਾਨ ਉਲੀਕਿਆ ਗਿਆ ਹੈ। ਪਰਾਲੀ ਪ੍ਰੋਟੈਕਸ਼ਨ ਫੋਰਸ ਤਹਿਤ 52 ਓਵਰਆਲ ਇੰਚਾਰਜ, 14 ਕਲੱਸਟਰ ਅਫ਼ਸਰ, 26 ਸਹਾਇਕ ਕਲੱਸਟਰ ਅਫ਼ਸਰ ਤੇ 245 ਨੋਡਲ ਅਫ਼ਸਰ ਜ਼ਿਲ੍ਹੇ ਦੇ ਪਿੰਡਾਂ ਵਿਚ ਤਾਇਨਾਤ ਕੀਤੇ ਹੋਏ ਹਨ।