
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਕਿਸਾਨ ਆਗੂਆਂ ਮੁਤਾਬਕ ਕਰੀਬ ਇੱਕ ਸਾਲ ਬੀਤ ਜਾਣ ਤੋਂ ਬਾਅਦ ਵੀ ਨੌਜਵਾਨ ਇੰਗਲੈਂਡ ਨਹੀਂ ਜਾ ਸਕੇ। ਰਕਮ ਵਾਪਸ ਕਰਨ ਸਬੰਧੀ ਹੋਈ ਗੱਲਬਾਤ ਤੋਂ ਬਾਅਦ 2 ਲੱਖ 2 ਹਜ਼ਾਰ ਰੁਪਏ ਵਾਪਸ ਕੀਤੇ ਗਏ, ਜਦਕਿ 4 ਲੱਖ 98 ਹਜ਼ਾਰ ਰੁਪਏ ਦੀ ਰਕਮ ਬਾਕੀ ਰਹਿ ਗਈ। ਇਸ ਸਬੰਧੀ ਜਥੇਬੰਦੀ ਵੱਲੋਂ ਪੁਲਿਸ ਪ੍ਰਸ਼ਾਸਨ ਕੋਲ ਮਾਮਲਾ ਉਠਾਇਆ ਗਿਆ ਤੇ ਕਾਨੂੰਨ ਅਨੁਸਾਰ ਕਾਰਵਾਈ ਦੀ ਮੰਗ ਕੀਤੀ ਗਈ।

ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ : ਪਿੰਡ ਹਰਦਾਸਪੁਰਾ ਦੇ ਦੋ ਨੌਜਵਾਨਾਂ ਨੂੰ ਇੰਗਲੈਂਡ ਭੇਜਣ ਦੇ ਨਾਂ ’ਤੇ ਟਰੈਵਲ ਏਜੰਟ ਵੱਲੋਂ ਕਥਿਤ ਤੌਰ ’ਤੇ ਸੱਤ ਲੱਖ ਰੁਪਏ ਲੈਣ ਤੇ ਨਿਰਧਾਰਤ ਸਮੇਂ ਅੰਦਰ ਵਿਦੇਸ਼ ਨਾ ਭੇਜਣ ਨਾਲ ਸਬੰਧਤ ਮਾਮਲੇ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਬਲਾਕ ਮਹਿਲ ਕਲਾਂ ਦੇ ਪ੍ਰਧਾਨ ਨਾਨਕ ਸਿੰਘ ਅਮਲਾ ਸਿੰਘ ਵਾਲਾ ਦੀ ਅਗਵਾਈ ਹੇਠ ਥਾਣਾ ਮਹਿਲ ਕਲਾਂ ਅੱਗੇ ਧਰਨਾ ਦਿੱਤਾ ਗਿਆ।
ਜਥੇਬੰਦੀ ਵੱਲੋਂ ਮਾਮਲੇ ਵਿੱਚ ਬਣਦੀ ਕਾਨੂੰਨੀ ਕਾਰਵਾਈ ਤੇ ਨੌਜਵਾਨਾਂ ਦੀ ਰਕਮ ਵਾਪਸ ਕਰਵਾਉਣ ਦੀ ਮੰਗ ਰੱਖੀ ਗਈ।ਕਿਸਾਨ ਆਗੂਆਂ ਗੁਰਦੇਵ ਸਿੰਘ ਮਾਂਗੇਵਾਲ, ਜਗਰਾਜ ਸਿੰਘ ਹਰਦਾਸਪੁਰਾ, ਸਤਨਾਮ ਸਿੰਘ ਮੂੰਮ ਤੇ ਨਾਨਕ ਸਿੰਘ ਅਮਲਾ ਸਿੰਘ ਵਾਲਾ ਨੇ ਦੱਸਿਆ ਕਿ ਹਰਦਾਸਪੁਰਾ ਦੇ ਦੋ ਨੌਜਵਾਨਾਂ ਜਸਪ੍ਰੀਤ ਸਿੰਘ ਅਤੇ ਸੁਖਵਿੰਦਰ ਸਿੰਘ ਨੂੰ ਇੰਗਲੈਂਡ ਭੇਜਣ ਸਬੰਧੀ ਟਰੈਵਲ ਏਜੰਟ ਨਾਲ ਗੱਲਬਾਤ ਹੋਈ ਸੀ। ਉਨ੍ਹਾਂ ਅਨੁਸਾਰ ਇਸ ਸਬੰਧੀ ਕਰੀਬ ਸੱਤ ਲੱਖ ਰੁਪਏ ਦੀ ਰਕਮ ਦਿੱਤੀ ਗਈ ਸੀ ਅਤੇ ਦੋ ਮਹੀਨਿਆਂ ਅੰਦਰ ਇੰਗਲੈਂਡ ਭੇਜਣ ਦਾ ਭਰੋਸਾ ਦਿੱਤਾ ਗਿਆ ਸੀ।
ਕਿਸਾਨ ਆਗੂਆਂ ਮੁਤਾਬਕ ਕਰੀਬ ਇੱਕ ਸਾਲ ਬੀਤ ਜਾਣ ਤੋਂ ਬਾਅਦ ਵੀ ਨੌਜਵਾਨ ਇੰਗਲੈਂਡ ਨਹੀਂ ਜਾ ਸਕੇ। ਰਕਮ ਵਾਪਸ ਕਰਨ ਸਬੰਧੀ ਹੋਈ ਗੱਲਬਾਤ ਤੋਂ ਬਾਅਦ 2 ਲੱਖ 2 ਹਜ਼ਾਰ ਰੁਪਏ ਵਾਪਸ ਕੀਤੇ ਗਏ, ਜਦਕਿ 4 ਲੱਖ 98 ਹਜ਼ਾਰ ਰੁਪਏ ਦੀ ਰਕਮ ਬਾਕੀ ਰਹਿ ਗਈ। ਇਸ ਸਬੰਧੀ ਜਥੇਬੰਦੀ ਵੱਲੋਂ ਪੁਲਿਸ ਪ੍ਰਸ਼ਾਸਨ ਕੋਲ ਮਾਮਲਾ ਉਠਾਇਆ ਗਿਆ ਤੇ ਕਾਨੂੰਨ ਅਨੁਸਾਰ ਕਾਰਵਾਈ ਦੀ ਮੰਗ ਕੀਤੀ ਗਈ।
ਇਸ ਸਬੰਧੀ ਥਾਣਾ ਮਹਿਲ ਕਲਾਂ ਦੇ ਮੁਖੀ ਕੁਲਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਮਾਮਲੇ ’ਚ ਥਾਣਾ ਮਹਿਲ ਕਲਾਂ ਵਿਖੇ ਮੁਕੱਦਮਾ ਨੰਬਰ 40/2026, ਧਾਰਾ 420 ਆਈ.ਪੀ.ਸੀ. ਤਹਿਤ ਕੇਸ ਦਰਜ ਕੀਤਾ ਗਿਆ ਹੈ ਤੇ ਪੁਲਿਸ ਵੱਲੋਂ ਮਾਮਲੇ ਦੀ ਕਾਨੂੰਨੀ ਪ੍ਰਕਿਰਿਆ ਅਨੁਸਾਰ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ’ਚ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਸਬੰਧੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਗਈ ਸੀ ਤੇ ਇਸ ਸਬੰਧੀ ਸਰਕਾਰੀ ਵਕੀਲਾਂ ਦੇ ਸਹਿਯੋਗ ਨਾਲ ਅਦਾਲਤ ’ਚ ਪੁਲਿਸ ਵੱਲੋਂ ਆਪਣਾ ਪੱਖ ਵੀ ਰੱਖਿਆ ਗਿਆ।
ਇਸ ਦੌਰਾਨ ਮੁਲਜ਼ਮ ਵੱਲੋਂ ਮਾਨਯੋਗ ਹਾਈ ਕੋਰਟ ’ਚ ਪਟੀਸ਼ਨ ਦਾਇਰ ਕੀਤੀ ਗਈ, ਜਿਸ ’ਤੇ ਮਾਨਯੋਗ ਹਾਈਕੋਰਟ ਵੱਲੋਂ 18 ਅਗਸਤ ਨੂੰ ਅੰਤਰਿਮ ਜ਼ਮਾਨਤ ਦਿੱਤੀ ਗਈ। ਥਾਣਾ ਮੁਖੀ ਨੇ ਕਿਹਾ ਕਿ ਪੁਲਿਸ ਵੱਲੋਂ ਮਾਮਲੇ ’ਚ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾ ਰਹੀ ਹੈ ਤੇ ਮਾਨਯੋਗ ਅਦਾਲਤ ਦੇ ਹੁਕਮਾਂ ਨੂੰ ਧਿਆਨ ’ਚ ਰੱਖਦਿਆਂ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
ਉਨ੍ਹਾਂ ਕਿਹਾ ਕਿ ਪੁਲਿਸ ਦਾ ਮਕਸਦ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕਰਨਾ ਹੈ।ਪੁਲਿਸ ਵੱਲੋਂ ਮਾਮਲੇ ਸਬੰਧੀ ਦਿੱਤੀ ਜਾਣਕਾਰੀ ਤੋਂ ਬਾਅਦ ਕਿਸਾਨ ਜਥੇਬੰਦੀ ਵੱਲੋਂ ਧਰਨਾ ਸਮਾਪਤ ਕਰ ਦਿੱਤਾ ਗਿਆ। ਇਸ ਮੌਕੇ ਜੱਗਾ ਸਿੰਘ ਮਹਿਲ ਕਲਾਂ, ਗੋਰਾ ਸਿੰਘ ਰਾਏਸਰ, ਦਲਵੀਰ ਸਿੰਘ ਸਹੌਰ, ਬਲਵੀਰ ਸਿੰਘ ਮਾਂਗੇਵਾਲ, ਬਲਵੀਰ ਸਿੰਘ ਕੁਰੜ, ਜੱਸਾ ਸਿੰਘ ਗਹਿਲ, ਗੁਰਮੇਲ ਸਿੰਘ ਕਲਾਲਾ, ਕੁਲਦੀਪ ਸਿੰਘ ਕਲਾਲ ਮਾਜਰਾ, ਜਾਗਰੂਪ ਸਿੰਘ ਨਿਹਾਲੂਵਾਲ, ਗੋਪਾਲ ਕ੍ਰਿਸ਼ਨ ਹਮੀਦੀ ਅਤੇ ਸੱਤਪਾਲ ਸਿੰਘ ਸੋਹੀ ਸਮੇਤ ਹੋਰ ਕਿਸਾਨ ਆਗੂ ਤੇ ਵਰਕਰ ਹਾਜ਼ਰ ਸਨ।