ਧਨੌਲਾ ਦੇ ਨੌਜਵਾਨ ਨੇ ਪਰਾਲੀ ਪ੍ਰਬੰਧਨ ਬਦੌਲਤ ਲਿਖੀ ਸਫਲਤਾ ਦੀ ਇਬਾਰਤ ਧਨੌਲਾ ਦੇ ਨੌਜਵਾਨ ਨੇ ਪਰਾਲੀ ਪ੍ਰਬੰਧਨ ਬਦੌਲਤ ਲਿਖੀ ਸਫਲਤਾ ਦੀ ਇਬਾਰਤ
Publish Date: Sun, 18 Oct 2026 04:41 PM (IST)
Updated Date: Mon, 19 Oct 2026 04:01 AM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ ਜ਼ਿਲ੍ਹਾ ਬਰਨਾਲਾ ਦੇ ਧਨੌਲਾ ਦੀ ਢਿੱਲੋਂ ਪੱਤੀ ਦੇ ਵਸਨੀਕ ਕਿਸਾਨ ਸੁਰਿੰਦਰ ਸਿੰਘ (32), ਪੁੱਤਰ ਮੇਵਾ ਸਿੰਘ ਜਿੱਥੇ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਇਸ ਦੀ ਸੁਚੱਜੀ ਵਰਤੋਂ ਕਰਕੇ ਵਾਤਾਵਰਨ ਸੰਭਾਲ ਵਿੱਚ ਯੋਗਦਾਨ ਪਾ ਰਹੇ ਹਨ, ਓਥੇ ਆਪਣੀ ਗੱਤਾ ਫੈਕਟਰੀ ਵਿਚ ਪਰਾਲੀ ਵਰਤ ਕੇ ਚੰਗਾ ਮੁਨਾਫ਼ਾ ਵੀ ਲੈ ਰਹੇ ਹਨ। ਸੁਰਿੰਦਰ ਸਿੰਘ ਨੇ ਸਾਲ 2014 ਵਿੱਚ ਸਿਵਲ ਇੰਜੀਨੀਅਰਿੰਗ ਦਾ ਡਿਪਲੋਮਾ ਕੀਤਾ ਅਤੇ ਸਾਲ 2015 ਵਿੱਚ ਵਿਦੇਸ਼ ਜਾਣ ਲਈ ਆਈਲੈਟਸ (IELTS) ਦੀ ਤਿਆਰੀ ਸ਼ੁਰੂ ਕੀਤੀ, ਪਰ ਉਸ ਦਾ ਮਨ ਆਪਣਾ ਕਾਰੋਬਾਰ ਕਰਨ ਦਾ ਸੀ। ਇਸੇ ਸੋਚ ਕਰਕੇ ਉਸ ਨੇ ਆਈਲੈਟਸ ਦੀ ਤਿਆਰੀ ਛੱਡ ਕੇ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਯਤਨ ਕਰਨਾ ਸ਼ੁਰੂ ਕਰ ਦਿੱਤਾ। ਆਪਣੇ ਸੁਪਨੇ ਨੂੰ ਹਕੀਕਤ ਵਿੱਚ ਬਦਲਦਿਆਂ ਉਸ ਨੇ ਸਾਲ 2017 ਵਿੱਚ ਲੱਗਭੱਗ 65 ਲੱਖ ਰੁਪਏ ਦੀ ਲਾਗਤ ਨਾਲ ਧਨੌਲਾ - ਭੈਣੀ ਜੱਸਾ ਰੋਡ ’ਤੇ ਆਪਣੀ 5 ਏਕੜ ਜ਼ਮੀਨ ’ਤੇ ਗੱਤਾ ਉਤਪਾਦਨ ਪਲਾਂਟ ਸਥਾਪਤ ਕੀਤਾ। ਸ਼ੁਰੂਆਤ ਵਿੱਚ ਉਹ ਹਰ ਮਹੀਨੇ ਲੱਗਭੱਗ 2,000 ਬੰਡਲ ਗੱਤਾ ਤਿਆਰ ਕਰਦੇ ਸਨ ਅਤੇ ਹੌਲੀ ਹੌਲੀ ਕਾਰੋਬਾਰ ਦਾ ਵਿਸਥਾਰ ਕਰਦਿਆਂ ਅੱਜ ਉਸਦੇ ਦੇ ਪਲਾਂਟ ਦੀ ਉਤਪਾਦਨ ਸਮਰੱਥਾ ਵਧ ਕੇ ਹਰ ਮਹੀਨੇ ਲੱਗਭੱਗ 6,000 ਬੰਡਲ (1,500 ਤੋਂ 2,000 ਕੁਇੰਟਲ) ਗੱਤਾ ਤਿਆਰ ਕਰਨ ਤੱਕ ਪਹੁੰਚ ਗਈ ਹੈ। ਸੁਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਗੱਤਾ ਪਲਾਂਟ ਵਿੱਚ ਪਰਾਲੀ ਦੀ ਵੱਡੇ ਪੱਧਰ ’ਤੇ ਵਰਤੋਂ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ, ਫਟੇ-ਪੁਰਾਣੇ ਜੂਟ ਦੇ ਬੈਗ ਵੀ ਕੱਚੇ ਮਾਲ ਵਜੋਂ ਵਰਤੇ ਜਾਂਦੇ ਹਨ। ਉਹ ਹਰ ਸਾਲ ਲੱਗਭੱਗ 1,200 ਤੋਂ 1,500 ਏਕੜ ਰਕਬੇ ਦੀ ਪਰਾਲੀ ਆਪਣੇ ਯੂਨਿਟ ਲਈ ਵਰਤਦੇ ਹਨ, ਜਦਕਿ ਕੁੱਲ ਮਿਲਾ ਕੇ ਲੱਗਭੱਗ 4,000 ਏਕੜ ਰਕਬੇ ਦੀ ਪਰਾਲੀ ਇਕੱਠੀ ਕਰਦੇ ਹਨ। ਇਸ ਵਿੱਚੋਂ ਆਪਣੇ ਪਲਾਂਟ ਦੀ ਲੋੜ ਪੂਰੀ ਕਰਨ ਤੋਂ ਇਲਾਵਾ ਪੈਲੇਟ ਯੂਨਿਟਾਂ ਅਤੇ ਹੋਰ ਗੱਤਾ ਫੈਕਟਰੀਆਂ ਨੂੰ ਵੀ ਪਰਾਲੀ ਦੀ ਸਪਲਾਈ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਉਹ ਖੁਦ ਵੀ ਲੱਗਭੱਗ 12 ਏਕੜ ਰਕਬੇ ਵਿੱਚ ਖੇਤੀ ਕਰਦੇ ਹਨ ਅਤੇ ਸਾਲ 2015 ਤੋਂ ਲੈ ਕੇ ਹੁਣ ਤੱਕ ਕਦੇ ਵੀ ਪਰਾਲੀ ਨੂੰ ਅੱਗ ਨਹੀਂ ਲਗਾਈ। ਪਰਾਲੀ ਨੂੰ ਇਕੱਠਾ ਕਰਕੇ ਇਸ ਦੀ ਸੁਚੱਜੀ ਵਰਤੋਂ ਕਰਨ ਲਈ ਉਨ੍ਹਾਂ ਨੇ ਸਾਲ 2022 ਵਿੱਚ 50 ਫ਼ੀਸਦੀ ਸਬਸਿਡੀ ’ਤੇ ਬੇਲਰ ਮਸ਼ੀਨ ਖਰੀਦੀ ਸੀ। ਅੱਜ ਉਨ੍ਹਾਂ ਕੋਲ ਚਾਰ ਬੇਲਰ ਮਸ਼ੀਨਾਂ ਹਨ, ਜਿਨ੍ਹਾਂ ਰਾਹੀਂ ਪਰਾਲੀ ਦੀਆਂ ਗੰਢਾਂ ਤਿਆਰ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਮੌਜੂਦਾ ਸੀਜ਼ਨ ਦੌਰਾਨ ਹੁਣ ਤੱਕ ਉਹ 6,000 ਕੁਇੰਟਲ ਪਰਾਲੀ ਦੀਆਂ ਗੰਢਾਂ ਤਿਆਰ ਕਰ ਚੁੱਕੇ ਹਨ। ਇਸ ਤਰ੍ਹਾਂ ਪਰਾਲੀ ਨੂੰ ਅੱਗ ਲਗਾਉਣ ਦੀ ਸਮੱਸਿਆ ਦੇ ਹੱਲ ਵਿੱਚ ਯੋਗਦਾਨ ਪਾਉਣ ਦੇ ਨਾਲ-ਨਾਲ ਉਹ ਇਸ ਨੂੰ ਆਮਦਨ ਦਾ ਇੱਕ ਵਧੀਆ ਸਾਧਨ ਵੀ ਬਣਾ ਰਹੇ ਹਨ। ਸੁਰਿੰਦਰ ਸਿੰਘ ਨੇ ਦੱਸਿਆ ਕਿ ਇਸ ਸੀਜ਼ਨ ਵਿਚ ਕੁੱਲ 1 ਲੱਖ ਕੁਇੰਟਲ ਪਰਾਲੀ ਦੀਆਂ ਗੰਢਾਂ ਤਿਆਰ ਕਰਨ ਦਾ ਟੀਚਾ ਹੈ। :ਦਿੱਲੀ, ਕਾਨਪੁਰ, ਪਟਨਾ ਤੇ ਗੋਰਖਪੁਰ ਤੱਕ ਗੱਤੇ ਦੀ ਸਪਲਾਈ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਲਾਂਟ ਵਿੱਚ ਤਿਆਰ ਹੋਣ ਵਾਲੇ ਗੱਤੇ ਦੀ ਮੰਗ ਵੱਖ-ਵੱਖ ਸ਼ਹਿਰਾਂ ਵਿੱਚ ਹੈ। ਉਹ ਦਿੱਲੀ, ਕਾਨਪੁਰ, ਪਟਨਾ ਅਤੇ ਗੋਰਖਪੁਰ ਸਮੇਤ ਹੋਰ ਕਈ ਥਾਵਾਂ ’ਤੇ ਵੱਡੀਆਂ ਕੰਪਨੀਆਂ ਨੂੰ ਗੱਤੇ ਦੀ ਸਪਲਾਈ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਰਾਲੀ ਦੀ ਵਰਤੋਂ ਨਾਲ ਜਿੱਥੇ ਇਸ ਨੂੰ ਸਾੜਨ ਦੀ ਲੋੜ ਨਹੀਂ ਪੈਂਦੀ, ਉੱਥੇ ਹੀ ਇਸ ਤੋਂ ਲਾਭਦਾਇਕ ਉਤਪਾਦ ਤਿਆਰ ਕਰਕੇ ਚੰਗੀ ਕਮਾਈ ਵੀ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਇਸ ਦਾ ਵਾਤਾਵਰਨ ਪੱਖੀ ਨਿਬੇੜਾ ਕਰਨ ਅਤੇ ਇਸ ਨੂੰ ਆਮਦਨ ਦੇ ਸਾਧਨ ਵਜੋਂ ਵਰਤਣ ਦੇ ਸੰਭਵ ਤਰੀਕਿਆਂ ਨੂੰ ਅਪਣਾਉਣ। : ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਰਾਲੀ ਪ੍ਰਬੰਧਨ ਲਈ ਪੁਖ਼ਤਾ ਪ੍ਰਬੰਧ: ਡਿਪਟੀ ਕਮਿਸ਼ਨਰ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਆਈ ਏ ਐੱਸ ਦੇ ਨਿਰਦੇਸ਼ਾਂ ’ਤੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਵਿਵੇਕ ਮੋਦੀ ਦੀ ਅਗਵਾਈ ਹੇਠ ਮੁੱਖ ਖੇਤੀਬਾੜੀ ਅਫ਼ਸਰ ਡਾ. ਸੁਖਪਾਲ ਸਿੰਘ ਗਿੱਲ ਦੀ ਖੇਤੀਬਾੜੀ ਟੀਮ ਨੇ ਧਨੌਲਾ-ਭੈਣੀ ਜੱਸਾ ਰੋਡ ’ਤੇ ਸਥਿਤ ਗੱਤਾ ਫੈਕਟਰੀ ਦਾ ਦੌਰਾ ਕੀਤਾ ਅਤੇ ਸੁਰਿੰਦਰ ਸਿੰਘ ਵੱਲੋਂ ਪਰਾਲੀ ਦੀ ਸੁਚੱਜੀ ਵਰਤੋਂ ਕਰਕੇ ਵਾਤਾਵਰਨ ਦੀ ਸੰਭਾਲ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਬਰਨਾਲਾ ਵਿੱਚ ਪਰਾਲੀ ਪ੍ਰਬੰਧਨ ਲਈ 9 ਪੈਲੇਟ ਯੂਨਿਟ ਕਾਰਜਸ਼ੀਲ ਹਨ। ਇਨ੍ਹਾਂ ਤੋਂ ਇਲਾਵਾ ਪਰਾਲੀ ਪ੍ਰਬੰਧਨ ਲਈ ਹੋਰ ਮਸ਼ੀਨਰੀ ਅਤੇ ਵੱਡੀ ਗਿਣਤੀ ਵਿੱਚ ਬੇਲਰ ਵੀ ਉਪਲਬਧ ਹਨ। ਕਿਸਾਨਾਂ ਦੀ ਸਹੂਲਤ ਲਈ ਬੇਲਰਾਂ ਦੀ ਪਿੰਡ-ਵਾਰ ਮੈਪਿੰਗ ਕੀਤੀ ਗਈ ਹੈ ਤਾਂ ਜੋ ਕਿਸਾਨਾਂ ਨੂੰ ਪਰਾਲੀ ਦੇ ਸੁਚੱਜੇ ਪ੍ਰਬੰਧਨ ਵਿੱਚ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਖੇਤਾਂ ਵਿੱਚ ਤਾਇਨਾਤ ਕੀਤੀਆਂ ਗਈਆਂ ਹਨ ਅਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਸਬਸਿਡੀ ਵਾਲੀ ਮਸ਼ੀਨਰੀ ਵਰਤ ਕੇ ਇਸਦਾ ਸੁਚੱਜਾ ਪ੍ਰਬੰਧਨ ਕਰਨ।